ਕੋਟਕਪੂਰਾ, 16 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦੋ ਧਿਰਾਂ ਵਿੱਚ ਚੱਲ ਰਹੀ ਰਾਜੀਨਾਮੇ ਦੀ ਗੱਲਬਾਤ ਦੌਰਾਨ ਇਕ ਲੜਕੇ ਵਲੋਂ ਥਾਣੇ ਦੀ ਕੰਧ ਟੱਪ ਕੇ ਫਰਾਰ ਹੋਣ ਦੀ ਖਬਰ ਮਿਲੀ ਹੈ। ਜੈਤੋ ਥਾਣੇ ਦੀ ਪੁਲਿਸ ਨੇ ਭੱਜਣ ਵਾਲੇ ਲੜਕੇ ਬੰਟੀ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਪਿੰਡ ਗੋਂਦਾਰਾ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 13 ਜਨਵਰੀ ਨੂੰ ਜੈਤੋ ਥਾਣੇ ਵਿਖੇ ਦਰਜ ਹੋਏ ਮਾਮਲੇ ਦੇ ਸਬੰਧ ਵਿੱਚ ਸਰਬਜੀਤ ਸਿੰਘ ਵਾਸੀ ਉਕੰਦਵਾਲਾ, ਗੁਰਵਿੰਦਰ ਸਿੰਘ, ਬੰਟੀ ਸਿੰਘ ਅਤੇ ਇਕਬਾਲ ਸਿੰਘ ਵਾਸੀਆਨ ਪਿੰਡ ਗੋਂਦਾਰਾ ਨੂੰ ਗਿ੍ਰਫਤਾਰ ਕਰਕੇ ਹਵਾਲਾਤ ਵਿੱਚ ਬੰਦ ਕੀਤਾ ਗਿਆ ਸੀ। ਤਫਤੀਸ਼ੀ ਅਫਸਰ ਏਐੱਸਆਈ ਸੁਰਿੰਦਰਜੀਤ ਸਿੰਘ ਨੇ ਵਾਰੀ ਵਾਰੀ ਉਕਤਾਨ ਨੂੰ ਹਵਾਲਾਤ ਵਿੱਚੋਂ ਬਾਹਰ ਕੱਢ ਕੇ ਪੁੱਛਗਿੱਛ ਕੀਤੀ ਤੇ ਦੋਨੋਂ ਧਿਰਾਂ ਨੇ ਰਾਜੀਨਾਮਾ ਕਰਨ ਪ੍ਰਤੀ ਸਹਿਮਤੀ ਪ੍ਰਗਟਾਈ। ਜਦ ਸਰਬਜੀਤ ਸਿੰਘ, ਗੁਰਵਿੰਦਰ ਸਿੰਘ ਅਤੇ ਇਕਬਾਲ ਸਿੰਘ ਨੂੰ ਹਵਾਲਾਤ ਵਿੱਚ ਬੰਦ ਕੀਤਾ ਗਿਆ ਤਾਂ ਬੰਟੀ ਸਿੰਘ ਨੇ ਸਿਰ ਚਕਰਾਉਣ ਦਾ ਬਹਾਨਾ ਲਾਇਆ ਅਤੇ ਤਫਤੀਸ਼ੀ ਰੂਮ ਵਿੱਚੋਂ ਬਾਹਰ ਆ ਗਿਆ। ਅੱਖ ਦੇ ਫੌਰ ਨਾਲ ਬੰਟੀ ਸਿੰਘ ਥਾਣੇ ਦੀ ਕੰਧ ਟੱਪ ਕੇ ਭੱਜ ਗਿਆ। ਏਐੱਸਆਈ ਸੁਰਿੰਦਰਜੀਤ ਸਿੰਘ ਮੁਤਾਬਿਕ ਉਸਨੂੰ ਜਲਦ ਕਾਬੂ ਕਰ ਲਿਆ ਜਾਵੇਗਾ।