ਯੂਨੀਕ ਸਕੂਲ ਆਫ ਸਟੱਡੀਜ਼ ਦੇ ਪ੍ਰਬੰਧਕਾਂ ਨੇ ਗੁਰੂ ਨਾਨਕ ਮੋਦੀਖਾਨਾ ਵਿਖੇ ਭੇਜੀ ਕਿਤਾਬਾਂ ਦੀ ਗੱਡੀ
ਹੁਣ ਲੋਕਾਂ ਦੇ ਘਰਾਂ ’ਚੋਂ ਕਿਤਾਬਾਂ ਇਕੱਤਰ ਕਰਨ ਦਾ ਕੀਤਾ ਗਿਆ ਪ੍ਰਬੰਧ : ਖਾਲਸਾ

ਕੋਟਕਪੂਰਾ, 7 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਵੱਲੋਂ ਸਾਂਝੇ ਤੌਰ ’ਤੇ 1 ਅਪੈ੍ਰਲ ਤੋਂ 10 ਅਪੈ੍ਰਲ ਤੱਕ ਗੁਰੂ ਨਾਨਕ ਮੋਦੀਖਾਨਾ ਜੋਨਲ ਦਫਤਰ ਸਿੱਖਾਂਵਾਲਾ ਰੋਡ ਕੋਟਕਪੂਰਾ ਵਿਖੇ ਲਾਏ ਗਏ ‘ਪੁਸਤਕ ਐਕਸਚੇਂਜ ਮੇਲੇ’ ਦੇ ਪੰਜਵੇਂ ਦਿਨ ਤੱਕ 220 ਵਿਦਿਆਰਥੀਆਂ ਨੇ ਆਪਣੇ ਵਿਸ਼ੇ ਦੀਆਂ ਕਿਤਾਬਾਂ ਛਾਂਟੀਆਂ ਅਤੇ ਆਪੋ-ਆਪਣੇ ਘਰ ਲੈ ਗਏ, ਜਦਕਿ ਆਪਣੀਆਂ ਪਾਸ ਕੀਤੀਆਂ ਕਲਾਸਾਂ ਦੀਆਂ ਕਿਤਾਬਾਂ ਉੱਥੇ ਜਮਾ ਕਰਵਾ ਦਿੱਤੀਆਂ। ਜਿਕਰਯੋਗ ਹੈ ਕਿ ਗੁਰੂ ਨਾਨਕ ਮੋਦੀਖਾਨਾ ਦੇ ਸੇਵਾਦਾਰਾਂ ਹਰਪ੍ਰੀਤ ਸਿੰਘ ਖਾਲਸਾ ਅਤੇ ਸੰਤ ਸਿੰਘ ਆਨੰਦ ਵਲੋਂ ਆਪੋ ਆਪਣੇ ਪਰਿਵਾਰਾਂ ਸਮੇਤ ਜਥੇਬੰਦੀ ਦੇ ਹੋਰ ਸਹਿਯੋਗੀ ਵੀਰ/ਭੈਣਾ ਨਾਲ ਨਿਸ਼ਕਾਮ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ 1 ਅਪੈ੍ਰਲ ਦਿਨ ਮੰਗਲਵਾਰ ਵਾਲੇ ਦਿਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਉਕਤ ‘ਪੁਸਤਕ ਐਕਸਚੇਂਜ ਮੇਲੇ’ ਦੀ ਰਸਮੀ ਸ਼ੁਰੂਆਤ ਕੀਤੀ ਗਈ ਸੀ। ਉਹਨਾਂ ਦੱਸਿਆ ਕਿ ਜੇਕਰ 5,000 ਰੁਪਏ ਦਾ ਕਿਤਾਬਾਂ ਦਾ ਇਕ ਸੈੱਟ ਮੰਨ ਲਿਆ ਜਾਵੇ ਤਾਂ ਹੁਣ ਤੱਕ 11 ਲੱਖ ਰੁਪਏ ਤੋਂ ਜਿਆਦਾ ਦੀ ਬੱਚਤ ਅਰਥਾਤ ਲੋਕਾਂ ਦਾ ਫਾਇਦਾ ਹੋ ਚੁੱਕਾ ਹੈ। ਉਹਨਾਂ ਦੱਸਿਆ ਕਿ ਯੂਨੀਕ ਸਕੂਲ ਆਫ ਸਟੱਡੀਜ਼ ਸਮਾਲਸਰ ਦੇ ਪਿ੍ਰੰਸੀਪਲ ਮੈਡਮ ਗੁਰਜੀਤ ਕੌਰ ਅਤੇ ਚੇਅਰਮੈਨ ਗੁਰਪ੍ਰੀਤ ਸਿੰਘ ਨੇ ਇਹਨਾਂ ਕਾਰਜਾਂ ਵਿੱਚ ਯੋਗਦਾਨ ਪਾਉਂਦਿਆਂ ਇਕ ਬਲੈਰੋ ਗੱਡੀ ਹਰ ਕਲਾਸ ਅਤੇ ਹਰ ਵਿਸ਼ੇ ਦੀਆਂ ਕਿਤਾਬਾਂ ਦੀ ਜਥੇਬੰਦੀ ਨੂੰ ਸੌਂਪੀ ਹੈ। ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਮਨਦੀਪ ਕੁਮਾਰ ਨਾਰੰਗ ਨੇ ਜਥੇਬੰਦੀ ਦੇ ਉਕਤ ਉਪਰਾਲਿਆਂ ਦੀ ਭਰਪੂਰ ਪ੍ਰਸੰਸਾ ਕਰਦਿਆਂ ਆਖਿਆ ਕਿ ਇਸ ਤਰ੍ਹਾਂ ਦੇ ਪੁਸਤਕ ਮੇਲੇ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਵੱਡੀ ਪੱਧਰ ’ਤੇ ਲੱਗਣੇ ਚਾਹੀਦੇ ਹਨ। ਡਾ. ਅਵੀਨਿੰਦਰਪਾਲ ਸਿੰਘ, ਨਵਨੀਤ ਸਿੰਘ, ਗੁਰਵਿੰਦਰ ਸਿੰਘ, ਜਗਮੋਹਨ ਸਿੰਘ, ਸਤਨਾਮ ਸਿੰਘ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ 6 ਅਪੈ੍ਰਲ ਦਿਨ ਐਤਵਾਰ ਨੂੰ ਜਥੇਬੰਦੀ ਦੀ ਗੱਡੀ ਸਵੇਰ ਤੋਂ ਸ਼ਾਮ ਤੱਕ ਲੋਕਾਂ ਦੇ ਘਰਾਂ ਵਿੱਚੋਂ ਬੱਚਿਆਂ ਲਈ ਉਕਤ ਕਿਤਾਬਾਂ ਇਕੱਤਰ ਕਰੇਗੀ। ਜੇਕਰ ਕੋਈ ਵੀਰ/ਭੈਣ ਖੁਦ ਗੁਰੂ ਨਾਨਕ ਮੋਦੀਖਾਨਾ ਵਿਖੇ ਪੁਸਤਕਾਂ ਜਾਂ ਹਰ ਕਿਸਮ ਦੀ ਰੱਦੀ ਨਹੀਂ ਪਹੁੰਚਾ ਸਕਦਾ ਤਾਂ ਉਹ ਹਰਪ੍ਰੀਤ ਸਿੰਘ ਖਾਲਸਾ (81469-06633) ਜਾਂ ਸੰਤ ਸਿੰਘ ਆਨੰਦ (94179-15989) ਨਾਲ ਸੰਪਰਕ ਕਰ ਸਕਦਾ ਹੈ। ਉਂਝ ਉਹਨਾ ਦੱਸਿਆ ਕਿ ਉਕਤ ਪੁਸਤਕ ਮੇਲੇ ਵਿੱਚ ਸੀਬੀਐੱਸਈ, ਪੰਜਾਬ ਸਕੂਲ ਸਿੱਖਿਆ ਬੋਰਡ ਸਮੇਤ ਪੰਜਾਬੀ ਯੂਨੀਵਰਸਿਟੀ ਜਾਂ ਹੋਰ ਪ੍ਰੋਫੈਸ਼ਨਲ ਕਾਲਜਾਂ ਦੇ ਕੋਰਸਾਂ ਨਾਲ ਸਬੰਧਤ ਸਾਰੀਆਂ ਹੀ ਪੁਰਾਣੀਆਂ ਕਿਤਾਬਾਂ ਦੀ ਅਦਲਾ-ਬਦਲੀ ਬੱਚਿਆਂ ਦੀ ਲੋੜ ਅਨੁਸਾਰ ਵਿਸ਼ੇ ਮੁਤਾਬਿਕ ਕਰਵਾਈ ਜਾਂਦੀ ਹੈ। ਇੱਥੇ ਹਰ ਕੋਈ ਵਿਦਿਆਰਥੀ, ਜਿਸ ਕੋਲ ਵੀ ਕਿਸੇ ਕਿਸਮ ਦੇ ਕੋਰਸ ਨਾਲ ਸਬੰਧਤ ਪੜਨਯੋਗ ਕਿਤਾਬਾਂ, ਪਾਣੀ ਵਾਲੀਆਂ ਬੋਤਲਾਂ, ਬੈਗ, ਜੁਮੈਟਰੀ ਬਾਕਸ, ਰੋਟੀ ਵਾਲੇ ਟਿਫਨ, ਬੂਟ ਆਦਿ ਸਮਾਨ ਗੁਰੂ ਨਾਨਕ ਮੋਦੀਖਾਨਾ ਵਿਖੇ ਜਮਾ ਕਰਵਾਉਣ ਦਾ ਸਮਾਂ ਹੈ, ਉਹ ਉਕਤ ਸਮਾਨ ਉੱਥੇ ਜਮਾ ਕਰਵਾ ਕੇ ਉੱਥੇ ਮੌਜੂਦ ਸਮਾਨ ਵਿੱਚੋਂ ਆਪਣੀ ਲੋੜ ਅਨੁਸਾਰ ਵਸਤੂਆਂ ਘਰ ਲਿਜਾ ਸਕਦਾ ਹੈ। ਜੇਕਰ ਕੋਈ ਗੁਰੂ ਨਾਨਕ ਮੋਦੀਖਾਨਾ ਵਿਖੇ ਜਾਣ ਦਾ ਸਮਾਂ ਨਹੀਂ ਕੱਢ ਸਕਦਾ ਤਾਂ ਜਥੇਬੰਦੀ ਦੀ ਗੱਡੀ ਘਰ ਘਰ ਲਿਜਾਣ ਦਾ ਬਕਾਇਦਾ ਪ੍ਰਬੰਧ ਕੀਤਾ ਗਿਆ ਹੈ, ਕੋਈ ਵੀ ਵੀਰ/ਭੈਣ ਜਥੇਬੰਦੀ ਦੇ ਉਕਤ ਨੰਬਰਾਂ ਰਾਹੀਂ ਸੰਪਰਕ ਕਰਕੇ ਇਸ ਸੇਵਾ ਵਿੱਚ ਬਣਦਾ ਯੋਗਦਾਨ ਪਾ ਸਕਦਾ ਹੈ।