ਹਰਿਆਣਾ ਰਾਜ ਦੀ ਤਰਜ਼ ‘ਤੇ ਪੰਜਾਬ ਸਰਕਾਰ ਵੀ ਪ੍ਰਜਾਪਤੀ ਸਮਾਜ ਦੇ ਲੋਕਾਂ ਨੂੰ ਦੇਵੇ ਪੰਜ ਪੰਜ ਮਰਲੇ ਦੇ ਪਲਾਟ : ਕਰਮ ਚੰਦ ਪੱਪੀ ਪ੍ਰਧਾਨ
ਬਜਟ ਵਿਹੀਣ ਪ੍ਰਜਾਪਤ ਭਲਾਈ ਬੋਰਡ ਪੰਜਾਬ ਪ੍ਰਜਾਪਤੀ ਸਮਾਜ ਦੀ ਭਲਾਈ ਕਰਨ ਵਿੱਚ ਅਸਮਰਥ : ਪਵਨ ਪ੍ਰਜਾਪਤੀ/ਗੁਰਮੀਤ ਸਿੰਘ ਪ੍ਰਜਾਪਤੀ
ਕੋਟਕਪੂਰਾ, 1 ਸਤੰਬਰ (ਟਿੰਕੂ ਕੁਮਾਰ/ ਵਰਲਡ ਪੰਜਾਬੀ ਟਾਈਮਜ਼)
ਪ੍ਰਜਾਪਤੀ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਬਾਲ ਕ੍ਰਿਸ਼ਨ ਫੌਜੀ ਜਲੰਧਰਾ ਦਾ ਪ੍ਰਜਾਪਤੀ (ਕੁੰਮਹਾਰ) ਮਹਾਸੰਘ ਪੰਜਾਬ ਦੇ ਸੂਬਾ ਪ੍ਰਧਾਨ ਕਰਮ ਚੰਦ ਪੱਪੀ ਦੇ ਨਿਵਾਸ ‘ਤੇ ਪੁੱਜਣ ‘ਤੇ ਨਿੱਘਾ ਸਵਾਗਤ ਕਰਦਿਆਂ ਸ੍ਰੀ ਬਾਲ ਕ੍ਰਿਸ਼ਨ ਫੌਜੀ ਨੂੰ ਪ੍ਰਜਾਪਤ ਭਲਾਈ ਬੋਰਡ ਪੰਜਾਬ ਦਾ ਚੇਅਰਮੈਨ ਨਿਯੁਕਤ ਕਰਨ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਕੁਮਾਰ ਸਿਸੋਦੀਆ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਰਮ ਚੰਦ ਪੱਪੀ ਨੇ ਨਵ ਨਿਯੁਕਤ ਚੇਅਰਮੈਨ ਬਾਲ ਕ੍ਰਿਸ਼ਨ ਫੌਜੀ ਜਲੰਧਰਾ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਪੰਜਾਬ ਦਾ ਪਰਾਜਾਪਤੀ ਸਮਾਜ ਅੱਜ ਵੀ ਮਿੱਟੀ ਦੇ ਬਰਤਨ ਬਣਾਉਣ ਅਤੇ ਭੱਠਿਆਂ ‘ਤੇ ਕੱਚੀਆਂ ਇੱਟਾਂ ਬਣਾਉਣ ਦਾ ਕੰਮ ਕਰਦਾ ਹੈ। ਇਹ ਕੰਮ ਬਹੁਤ ਹੀ ਮੁਸ਼ਕਿਲ ਭਰਿਆ ਕੰਮ ਹੁੰਦਾ ਹੈ। ਪੰਜਾਬ ਸਰਕਾਰ ਨੂੰ ਭੱਠਿਆਂ ‘ਤੇ ਕੰਮ ਕਰਨ ਵਾਲੇ ਮਜਦੂਰਾਂ ਦਾ ਮੁਫ਼ਤ ਬੀਮਾ ਕਰਨਾ ਚਾਹੀਦਾ ਹੈ ਅਤੇ ਹਰਿਆਣਾ ਰਾਜ ਦੀ ਸਰਕਾਰ ਦੀ ਤਰਜ਼ ‘ਤੇ ਪੰਜਾਬ ਦੇ ਪ੍ਰਜਾਪਤੀ ਸਮਾਜ ਨੂੰ ਮਿੱਟੀ ਦੇ ਬਰਤਨ ਬਣਾਉਣ ਅਤੇ ਆਵੀ ਪਕਾਉਣ ਲਈ ਪੰਜ-ਪੰਜ ਮਰਲੇ ਦੇ ਪਲਾਟ ਕੱਟ ਕੇ ਦਿੱਤੇ ਜਾਣੇ ਚਾਹੀਦੇ ਹਨ ਤਾਂ ਹੀ ਪ੍ਰਜਾਪਤ ਭਲਾਈ ਬੋਰਡ ਬਣਾਉਣ ਦਾ ਮੰਤਵ ਸਾਰਥਕ ਸਾਬਿਤ ਹੋ ਸਕਦਾ ਹੈ।
ਇਸ ਮੌਕੇ ਬੋਲਦਿਆਂ ਪ੍ਰਜਾਪਤੀ (ਕੁੰਮਹਾਰ) ਮਹਾਸੰਘ ਪੰਜਾਬ ਦੇ ਚੀਫ ਜਨਰਲ ਸਕੱਤਰ ਪਵਨ ਪ੍ਰਜਾਪਤੀ ਅਤੇ ਯੂਥ ਪ੍ਰਧਾਨ ਗੁਰਮੀਤ ਸਿੰਘ ਪ੍ਰਜਾਪਤੀ ਨੇ ਕਿਹਾ ਕਿ ਪੰਜਾਬ ਵਿੱਚ 30 ਲੱਖ ਦੇ ਕਰੀਬ ਪ੍ਰਜਾਪਤੀ ਸਮਾਜ ਦੇ ਵੋਟਰ ਹਨ। ਪ੍ਰਜਾਪਤ ਭਲਾਈ ਬੋਰਡ ਜੋ ਕਿ 30 ਲੱਖ ਵੋਟਰਾਂ ਦੀ ਭਲਾਈ ਲਈ ਬਣਾਇਆ ਗਿਆ ਹੈ, ਓਨਾ ਚਿਰ ਸਾਰਥਿਕ ਸਾਬਤ ਨਹੀਂ ਹੁੰਦਾ ਜਿਨ੍ਹਾਂ ਚਿਰ ਪੰਜਾਬ ਸਰਕਾਰ ਇਸ ਬੋਰਡ ਨੂੰ ਸੰਵਿਧਾਨਿਕ ਸ਼ਕਤੀਆਂ ਦੇ ਕੇ ਜੁਡੀਸ਼ਿਅਲ ਸ਼ਕਤੀਆਂ ਨਹੀਂ ਦਿੰਦੀ। ਇਸ ਦੇ ਨਾਲ ਹੀ ਕਿਹਾ ਕਿ ਬਿਨਾਂ ਬਜਟ ਦੇ ਕਿਸੇ ਸਮਾਜ ਜਾਂ ਵਰਗ ਦੀ ਭਲਾਈ ਨਹੀਂ ਕੀਤੀ ਜਾ ਸਕਦੀ, ਇਸ ਲਈ ਪ੍ਰਜਾਪਤੀ ਸਮਾਜ ਦੀ ਭਲਾਈ ਲਈ ਪ੍ਰਜਾਪਤ ਭਲਾਈ ਬੋਰਡ ਨੂੰ ਵਿਸ਼ੇਸ਼ ਤੌਰ ‘ਤੇ ਬਜਟ ਵੀ ਦਿੱਤਾ ਜਾਵੇ, ਜਿਸ ਨਾਲ ਬੋਰਡ ਦੇ ਚੇਅਰਮੈਨ ਪ੍ਰਜਾਪਤੀ ਸਮਾਜ ਦੀ ਭਲਾਈ ਕਰ ਸਕਣ। ਜਿਕਰਯੋਗ ਹੈ ਕਿ ਪ੍ਰਜਾਪਤ ਭਲਾਈ ਬੋਰਡ ਦੇ ਚੇਅਰਮੈਨ ਸਾਲ 2016 ਤੋਂ ਬਣਦੇ ਆ ਰਹੇ ਹਨ ਪਰ ਬੋਰਡ ਦੇ ਚੇਅਰਮੈਨਾ ਕੋਲ ਬਜਟ ਨਾ ਹੋਣ ਕਰਕੇ ਪ੍ਰਜਾਪਤੀ ਸਮਾਜ ਦੀ ਭਲਾਈ ਲਈ ਇੱਕ ਵੀ ਯੋਜਨਾ ਲਾਗੂ ਨਹੀਂ ਕੀਤੀ ਗਈ, ਜਿਸ ਕਰਕੇ ਪ੍ਰਜਾਪਤ ਭਲਾਈ ਬੋਰਡ ਸਫੈਦ (ਚਿੱਟਾ) ਹਾਥੀ ਹੀ ਸਾਬਿਤ ਹੋ ਰਿਹਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਸਾਦਿਕ ਬਲਾਕ ਦੇ ਪ੍ਰਧਾਨ ਸ੍ਰੀ ਪ੍ਰਗਟ ਸਿੰਘ ਸੰਧੂ ਵੱਲੋਂ ਉਚੇਚੇ ਤੌਰ ‘ਤੇ ਪਹੰਚ ਕੇ ਬਾਲ ਕ੍ਰਿਸ਼ਨ ਫੌਜੀ ਜਲੰਧਰਾ ਨੂੰ ਚੇਅਰਮੈਨ ਬਣਨ ਦੀਆਂ ਵਧਾਈਆਂ ਦਿੱਤੀਆਂ ਗਈਆਂ। ਗੁਰਚਰਨ ਸਿੰਘ ਬਗੜ੍ਹ ਚੇਅਰਮੈਨ ਯੂਥ ਵਿੰਗ ਪ੍ਰਜਾਪਤੀ (ਕੁੰਮਹਾਰ) ਮਹਾਸੰਘ ਪੰਜਾਬ, ਰਾਕੇਸ਼ ਪ੍ਰਜਾਪਤੀ ਵਾਈਸ ਪ੍ਰੈਸ ਸਕੱਤਰ ਯੂਥ ਵਿੰਗ ਪ੍ਰਜਾਪਤੀ (ਕੁੰਮਹਾਰ) ਮਹਾਸੰਘ ਪੰਜਾਬ, ਸ਼ਗਨ ਲਾਲ ਪ੍ਰਜਾਪਤੀ ਵਲੋਂ ਵੀ ਚੇਅਰਮੈਨ ਬਾਲ ਕ੍ਰਿਸ਼ਨ ਫੌਜੀ ਨੂੰ ਚੇਅਰਮੈਨ ਨਿਯੁਕਤ ਹੋਣ ‘ਤੇ ਵਧਾਈਆਂ ਦਿਤੀਆਂ ਗਈਆਂ।