21 ਸਤੰਬਰ ਦੀ ਮੋਹਾਲੀ ਮਹਾਂ ਰੈਲੀ ਵਿੱਚ ਇਸ ਮੰਗ ਨੂੰ ਜੋਰਦਾਰ ਢੰਗ ਨਾਲ ਉਠਾਇਆ ਜਾਵੇਗਾ : ਕੌਸ਼ਲ
ਕੋਟਕਪੂਰਾ, 9 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪਿਛਲੇ ਦਿਨੀਂ ਭਾਰੀ ਬਾਰਸ਼ਾਂ ਅਤੇ ਡੈਮਾਂ ਵਿੱਚੋਂ ਜਿਆਦਾ ਪਾਣੀ ਛੱਡਣ ਕਾਰਨ ਆਏ ਹੜ੍ਹਾਂ ਨੇ ਪੰਜਾਬ ਦੇ ਦੋ ਹਜਾਰ ਪਿੰਡਾਂ ਦੀ ਕਰੀਬ ਪੌਣੇ ਦੋ ਲੱਖ ਹੈਕਟੇਅਰ ਜਮੀਨ ਵਿੱਚ ਖੜੀ ਫਸਲ ਬਰਬਾਦ ਕਰ ਦਿੱਤੀ ਹੈ, ਸੈਂਕੜੇ ਮਕਾਨ, ਦੁਕਾਨਾਂ ਅਤੇ ਸਕੂਲਾਂ ਦੀਆਂ ਇਮਾਰਤਾਂ ਨੂੰ ਭਾਰੀ ਨੁਕਸਾਨ ਹੋਣ ਤੋਂ ਇਲਾਵਾ 48 ਜਿੰਦਗੀਆਂ ਵੀ ਹੜਾਂ ਦੀ ਭੇਂਟ ਚੜ੍ਹ ਗਈਆਂ ਹਨ। ਮੁੱਢਲੇ ਅਨੁਮਾਨ ਮੁਤਾਬਿਕ ਪੰਜਾਬ ਦਾ 13,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ਦੀ ਭਰਪਾਈ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 9 ਸਤੰਬਰ ਦੇ ਪ੍ਰਸਤਾਵਿਤ ਦੌਰੇ ਸਮੇਂ ਵਿਸ਼ੇਸ਼ ਪੈਕੇਜ਼ ਦੇ ਰੂਪ ਵਿੱਚ ਐਲਾਨ ਕਰਨਾ ਚਾਹੀਦਾ ਹੈ। ਇਹ ਬਿਆਨ ਭਾਰਤੀ ਕਮਿਊਨਿਸਟ ਪਾਰਟੀ ਜਿਲਾ ਫਰੀਦਕੋਟ ਦੇ ਸੈਕਟਰੀ ਅਸ਼ੋਕ ਕੌਸ਼ਲ ਨੇ ਜਿਲੇ ਦੇ ਵੱਖ-ਵੱਖ ਪਿੰਡਾਂ- ਭਾਣਾ, ਢੁੱਡੀ, ਕੋਟਸੁਖੀਆ ਅਤੇ ਔਲਖ ਵਿਖੇ ਆਮ ਲੋਕਾਂ ਅਤੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨ ਬਾਅਦ ਜਾਰੀ ਕੀਤਾ। ਮੀਟਿੰਗਾਂ ਨੂੰ ਪਾਰਟੀ ਦੇ ਜਿਲਾ ਸਕੱਤਰ ਤੋਂ ਇਲਾਵਾ ਮਾ. ਗੁਰਚਰਨ ਸਿੰਘ ਮਾਨ ਅਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਦੇ ਜਿਲਾ ਪ੍ਰਧਾਨ ਵੀਰ ਸਿੰਘ ਕੰਮੇਆਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ 21 ਸਤੰਬਰ ਨੂੰ ਮੋਹਾਲੀ ਵਿੱਚ ਕੀਤੀ ਜਾ ਰਹੀ ਮਹਾਂ-ਰੈਲੀ ਵਿੱਚ ਹੋਰ ਮੁੱਦਿਆਂ ਤੋਂ ਇਲਾਵਾ ਹੜ੍ਹ ਪੀੜਤਾਂ ਦੀ ਸਾਰ ਲੈਣ ਦੀ ਮੰਗ ਨੂੰ ਵੀ ਜੋਰਦਾਰ ਢੰਗ ਨਾਲ ਉਠਾਇਆ ਜਾਵੇਗਾ। ਕਮਿਊਨਿਸਟ ਆਗੂਆਂ ਨੇ ਕਿਹਾ ਕਿ ਪਾਰਟੀ ਦੇ 25ਵੇਂ ਕੌਮੀ ਮਹਾਂ-ਸੰਮੇਲਨ ਦੇ ਪਹਿਲੇ ਦਿਨ 21 ਸਤੰਬਰ ਦਿਨ ਐਤਵਾਰ ਨੂੰ ਕੀਤੀ ਜਾਣ ਵਾਲੀ ਰੈਲੀ ਵਿੱਚ ਗੈਰ-ਹੁਨਰਮੰਦ ਮਜ਼ਦੂਰਾਂ ਦੀ ਘੱਟ ਤੋਂ ਘੱਟ ਮਾਸਿਕ ਉਜਰਤ 26,000 ਰੁਪਏ ਕਰਨ, ਨਰੇਗਾ ਦਿਹਾੜੀ ਇਕ ਹਜਾਰ ਰੁਪਏ ਕਰਨ, 60 ਸਾਲ ਦੀ ਉਮਰ ਹੋਣ ਤੇ ਸਭ ਲਈ ਦਸ ਹਜ਼ਾਰ ਰੁਪਏ ਪੈਨਸ਼ਨ, ਸਭ ਦੇਸ਼ ਵਾਸੀਆਂ ਲਈ ਮੁਫ਼ਤ ਅਤੇ ਵਧੀਆ ਇਲਾਜ, ਵਿਦਿਆਰਥੀਆਂ ਲਈ ਯੂਨੀਵਰਸਿਟੀ ਪੱਧਰ ਤੱਕ ਮੁਫ਼ਤ ਸਿੱਖਿਆ ਅਤੇ ਸਭ ਲਈ ਰੁਜ਼ਗਾਰ ਦੀ ਗਰੰਟੀ ਆਦਿ ਮੰਗਾਂ ਦੀ ਪ੍ਰਾਪਤੀ ਲਈ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਆਗੂਆਂ ਨੇ ਵੱਧ ਤੋਂ ਵੱਧ ਮਜਦੂਰਾਂ, ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ, ਪੈਨਸ਼ਨਰਾਂ ਅਤੇ ਆਮ ਲੋਕਾਂ ਨੂੰ ਵਡੀ ਗਿਣਤੀ ਵਿੱਚ 21 ਸਤੰਬਰ ਦੀ ਮੋਹਾਲੀ ਦੀ ਸਬਜ਼ੀ ਮੰਡੀ (ਫੇਜ 11) ਵਿੱਚ ਹੋਣ ਵਾਲੀ ਰੈਲੀ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਕਾਮਰੇਡ ਮੁਖਤਿਆਰ ਸਿੰਘ, ਤਰਸੇਮ ਸਿੰਘ ਭਾਣਾ, ਬੋਹੜ ਸਿੰਘ ਔਲਖ, ਫ਼ਤਿਹ ਸਿੰਘ ਢੁੱਡੀ, ਅਮਰਿੰਦਰ ਸਿੰਘ ਅਤੇ ਚਮਕੌਰ ਸਿੰਘ ਕੋਟਸੁਖੀਆ ਆਦਿ ਵੀ ਹਾਜ਼ਰ ਸਨ।