ਕੁਰਾਲ਼ੀ, 15 ਨਵੰਬਰ (ਰੋਮੀ ਘੜਾਮਾਂ/ਵਰਲਡ ਪੰਜਾਬੀ ਟਾਈਮਜ਼)
ਆਪਣੀਆਂ ਮਾਨਵਤਾਵਾਦੀ ਸੇਵਾਵਾਂ ਲਈ ਜਾਣੀ ਪਛਾਣੀ ਸੰਸਥਾ ਪ੍ਰਭ ਆਸਰਾ ਪਡਿਆਲਾ ਦੀਆਂ ਕਾਰਜਵਿਧੀਆਂ ਵਿੱਚੋਂ ਪੰਘੂੜੇ ਦੀ ਸੇਵਾ ਵੀ ਅਹਿਮ ਸਥਾਨ ਰੱਖਦੀ ਹੈ। ਸੰਸਥਾ ਨੇ ਮੁੱਖ ਗੇਟ ਦੇ ਬਾਹਰ ਪੰਘੂੜਾ ਲਾਇਆ ਹੋਇਆ ਹੈ। ਜਿਸ ਉੱਤੇ ਲਿਖਿਆ ਹੈ ‘ਭਰੂਣ ਹੱਤਿਆ ਨਹੀਂ ਪੰਘੂੜਾ’। ਇਸ ਮੁੱਖ ਗੇਟ ‘ਤੇ 24 ਘੰਟੇ ਮੁਲਾਜ਼ਮ ਤਾਇਨਾਤ ਰਹਿੰਦੇ ਹਨ। ਇਸੇ ਪੰਘੂੜੇ ਵਿੱਚ 09 ਨਵੰਬਰ ਦੀ ਸ਼ਾਮ ਨੂੰ ਕੋਈ ਅਣਜਾਣ ਵਿਅਕਤੀ ਲੱਗਭਗ 02 ਮਹੀਨੇ ਦੀ ਬੱਚੀ ਛੱਡ ਗਿਆ। ਸੰਸਥਾ ਮੁਖੀ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਸਕਿਉਰਿਟੀ ਗਾਰਡ ਨੇ ਸ਼ਾਮੀ 07:25 ‘ਤੇ ਬੱਚੇ ਦੇ ਰੋਣ ਦੀ ਅਵਾਜ ਸੁਣੀ ਤਾਂ ਉਸ ਨੇ ਪੰਘੂੜੇ ਵਿੱਚ ਬੱਚੀ ਵੇਖੀ। ਜਿਸਦੀ ਸੂਚਨਾ ਉਸ ਨੇ ਤੁਰੰਤ ਸੇਵਾਦਾਰਾਂ ਨੂੰ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਫੌਰੀ ਤੌਰ ‘ਤੇ ਬੱਚੀ ਦੀ ਸੁਰੱਖਿਆ ਬਾਬਤ ਇੰਤਜਾਮ ਕਰਕੇ ਉਸਨੂੰ ਸੰਭਾਲਿਆ। ਕੱਪੜੇ ਬਦਲਣ ਸਮੇਂ ਪਤਾ ਲੱਗਿਆ ਕਿ ਬੱਚੀ ਦਾ ਖੱਬਾ ਹੱਥ ਨਹੀਂ ਹੈ। ਉਪਰੰਤ ਪੁਲਸ ਥਾਣਾ, ਕੁਰਾਲ਼ੀ ਅਤੇ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ, ਮੋਹਾਲ਼ੀ ਨੂੰ ਇਸ ਬਾਰੇ ਸੂਚਨਾ ਦੇ ਕੇ ਬੱਚੀ ਨੂੰ ਸਿਵਲ ਹਸਪਤਾਲ, ਫੇਜ਼-6, ਐਸ.ਏ.ਐਸ. ਨਗਰ (ਮੋਹਾਲ਼ੀ) ਵਿਖੇ ਮੈਡੀਕਲ ਚੈੱਕਅਪ ਲਈ ਭੇਜਿਆ ਗਿਆ। ਹੁਣ ਬੱਚੀ ਸੰਸਥਾ ਦੀ ਸੰਭਾਲ ਅਧੀਨ ਹੈ |
