ਮੈਗਜ਼ੀਨ ‘ਪ੍ਰਤਿਮਾਨ’ ਦਾ ਨਵਾਂ ਅੰਕ ਲੋਕ ਅਰਪਣ ਹੋਇਆ

ਚੰਡੀਗੜ੍ਹ, 20 ਮਈ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼)
ਗੰਭੀਰ ਸਾਹਿਤਕ ਸਮਾਗਮ ਕਰਵਾਉਣ ਦੀ ਪਰੰਪਰਾ ਤਹਿਤ ‘ਪ੍ਰਤਿਮਾਨ ਸਾਹਿਤਿਕ ਮੰਚ ਪਟਿਆਲਾ’, ਵੱਲੋਂ ਪ੍ਰਵਾਸੀ ਲੇਖਕ ਗੁਰਿੰਦਰਜੀਤ ਦੀ ਪਲੇਠੀ ਪੁਸਤਕ ‘ਬਰਫ ਚ ਉੱਗੇ ਅਮਲਤਾਸ’ ਦਾ ਰਿਲੀਜ਼ ਸਮਾਰੋਹ ਅਤੇ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਪ੍ਰਧਾਨਗੀ ਉੱਘੇ ਕਵੀ ਅਤੇ ਸਾਬਕਾ ਆਈ.ਆਰ.ਐਸ., ਸ੍ਰ. ਬੀ. ਐੱਸ. ਰਤਨ ਨੇ ਕੀਤੀ । ਮੁੱਖ ਮਹਿਮਾਨ ਵਜੋਂ ਸ੍ਰ. ਜਸਵੰਤ ਸਿੰਘ ਜ਼ਫਰ, ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਤੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰੋਫੈਸਰ ਅਤੈ ਸਿੰਘ, ਮਕਬੂਲ ਸ਼ਾਇਰ ਗੁਰਦੇਵ ਚੌਹਾਨ ਅਤੇ ਪ੍ਰੋਫੈਸਰ ਜਗਮੋਹਣ ਸਿੰਘ ਨੇ ਸ਼ਿਰਕਤ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸਭ ਤੋਂ ਪਹਿਲਾਂ ‘ਪ੍ਰਤਿਮਾਨ ਸਾਹਿਤਕ ਮੰਚ’ ਦੇ ਸੰਸਥਾਪਕ
ਡਾ. ਅਮਰਜੀਤ ਕੌਂਕੇ ਨੇ ਸਭਨਾਂ ਜੀਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਪ੍ਰਤਿਮਾਨ ਸਾਹਿਤਿਕ ਮੰਚ ਦਾ ਮਕਸਦ ਚੰਗੇਰੇ ਸਾਹਿਤ ਬਾਰੇ ਸੰਵਾਦ ਰਚਾਉਣਾ ਅਤੇ ਪਾਠਕਾਂ ਵਿੱਚ ਪੜ੍ਹਨ ਦੀ ਰੁਚੀ ਪੈਦਾ ਕਰਨਾ ਹੈ।
ਪੁਸਤਕ ‘ਬਰਫ ‘ਚ ਉੱਗੇ ਅਮਲਤਾਸ’ ਦੇ ਵਿਮੋਚਨ ਉਪਰੰਤ ਡਾ. ਅਮਰਜੀਤ ਕੌਂਕੇ ਦੀ ਸੰਪਾਦਨਾ ਹੇਠ 22 ਵਰ੍ਹਿਆਂ ਤੋਂ ਛਪ ਰਹੇ ਤ੍ਰੈਮਾਸਕ ਮੈਗਜ਼ੀਨ ‘ਪ੍ਰਤਿਮਾਨ’ ਦਾ ਨਵਾਂ ਅੰਕ ਰਿਲੀਜ਼ ਕੀਤਾ ਗਿਆ।
ਭਲੇ ਤੇ ਪ੍ਰਵਾਸੀ ਲੇਖਕ ਗੁਰਿੰਦਰਜੀਤ ਨੇ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਬੋਲਦਿਆਂ ਇਸ ਕਿਤਾਬ ਦੀ ਰਚਨਾਕਾਰੀ ਸਬੰਧੀ
ਅਹਿਮ ਨੁਕਤੇ ਸਾਂਝੇ ਕੀਤੇ। ਉਹਨਾਂ ਦੱਸਿਆ ਕਿ ਆਪਣੇ ਪਿਛਲੇ ਜੀਵਨ ਦੀਆਂ ਯਾਦਾਂ ਅਤੇ ਹੁਣ ਦੇ ਜੀਵਨ ਦੀਆਂ ਘਟਨਾਵਾਂ ਦੇ ਸੁਮੇਲ ਅਤੇ ਅੰਤਰ ਵਿਰੋਧਾਂ ਦੇ ਟਕਰਾਅ ਵਿੱਚੋ ਇਸ ਪੁਸਤਕ ਦੀ ਸਿਰਜਣਾ ਹੋਈ ਹੈ।
ਵਿਚਾਰ ਚਰਚਾ ਦੌਰਾਨ ਡਾਕਟਰ ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਇਹ ਕਿਤਾਬ ਪਾਠਕ ਦੇ ਮਨ ਅੰਦਰ ਨਵੇਂ ਵਿਚਾਰਾਂ ਦਾ ਪ੍ਰਤੀਪਾਦਨ ਕਰਦੀ ਹੈ। ਇਸ ਕਿਤਾਬ ਵਿੱਚ ਲੇਖਕ ਨੇ ਵਿਰਾਸਤ ਅਤੇ ਆਧੁਨਿਕਤਾ ਦਾ ਅਨੋਖਾ ਸੁਮੇਲ ਪੈਦਾ ਕੀਤਾ ਹੈ। ਡਾਕਟਰ ਅਮਰਜੀਤ ਸਿੰਘ ਨੇ ਕਿਹਾ ਕਿ ਇਸ ਕਿਤਾਬ ਦਾ ਮੂਲ ਥੀਮ ਆਪਣੇ ਪੁਰਾਣੇ ਸੱਭਿਆਚਾਰ ਨੂੰ ਪਾਰ ਸੱਭਿਆਚਾਰ ਦੇ ਨਾਲ ਜੋੜ ਕੇ ਦੇਖਣ ਦੇ ਵਿੱਚ ਨਿਹਿਤ ਹੈ। ਸ਼ਾਇਰ ਗੁਰਦੇਵ ਚੌਹਾਨ ਨੇ ਕਿਹਾ ਕਿ ਇਸ ਕਿਤਾਬ ਵਿੱਚ ਹਿਊਮਰ ਬਹੁਤ ਹੀ ਤੀਖਣ ਪੱਧਰ ਦਾ ਹੈ। ਪ੍ਰੋਫੈਸਰ ਜਗਮੋਹਣ ਸਿੰਘ ਨੇ ਗੁਰਿੰਦਰਜੀਤ ਦੀ ਪੁਸਤਕ ਨੂੰ ਪੜ੍ਹਨ ਦੇ ਨਾਲੋਂ ਜਿਆਦਾ ਮਾਨਣ ਵਾਲੀ ਆਖਿਆ। ਉਹਨਾਂ ਨੇ ਕਿਹਾ ਕਿ ਇਹ ਪੁਸਤਕ ਸਾਹਿਤਕ ਵਿਦਵਾਨਾਂ ਨੂੰ ਹੀ ਨਹੀਂ ਆਮ ਪਾਠਕ ਦੇ ਮਨ ਨੂੰ ਵੀ ਟੁੰਬਦੀ ਹੈ।
ਚੰਡੀਗੜ੍ਹੀਏ ਪ੍ਰੋਫੈਸਰ ਅਤੈ ਸਿੰਘ ਨੇ ਕਿਹਾ ਕਿ ਗੁਰਿੰਦਰਜੀਤ ਦੀ ਖੂਬੀ ਇਹ ਹੈ ਕਿ ਉਹ ਢਾਡੀ ਪਰੰਪਰਾ, ਕਵੀਸ਼ਰੀ ਅਤੇ ਵਾਰਾਂ ਵਾਲੀ ਰੂੜੀ ਦੀ ਵਰਤੋਂ ਕਰਦਿਆਂ ਇਸ ਪੁਸਤਕ ਦੀ ਸਿਰਜਣਾ ਕਰਦਾ ਹੈ। ਇਹ ਪੁਸਤਕ ਪਰੰਪਰਾ ਨੂੰ ਆਧੁਨਿਕਤਾ ਨਾਲ ਜੋੜਦੀ ਹੈ। ਡਾਕਟਰ ਰਜਿੰਦਰਪਾਲ ਬਰਾੜ ਨੇ ਇਸ ਪੁਸਤਕ ਬਾਰੇ ਕਿਹਾ ਕਿ ਇਹ ਕਵਿਤਾ ਅੱਜ ਦੇ ਸਮੇਂ ਦੀ ਲੋੜ ਨੂੰ ਪੂਰਾ ਕਰਦੀ ਹੈ। ਅਮਰਜੀਤ ਕਸਕ ਨੇ ਇਸ ਕਿਤਾਬ ਵਿੱਚ ਮਨੁੱਖ ਦੇ ਦੂਜੇ ਜੀਵਾਂ ਨਾਲ ਸੰਬੰਧਾਂ ਦੀ ਨੇੜਤਾ ਨੂੰ ਪੇਸ਼ ਕਰਨ ਵਾਲੀ ਸੰਵੇਦਨਾ ਦੀ ਸ਼ਾਇਰੀ ਦੱਸਿਆ। ਉਹਨਾਂ ਨੇ ਕਿਹਾ ਕਿ ਇਹ ਪੁਸਤਕ ਰਹੱਸ ਤੇ ਵਿਗਿਆਨ ਦੇ ਅੰਤਰ ਸਬੰਧਾਂ ਨੂੰ ਵੀ ਪੇਸ਼ ਕਰਦੀ ਹੈ। ਬਲਵਿੰਦਰ ਸੰਧੂ ਨੇ ਇਸ ਪੁਸਤਕ ਵਿਚਲੇ ਕੰਟੈਂਟ ਨੂੰ ਲੈ ਕੇ ਅਹਿਮ ਨੁਕਤੇ ਸਾਂਝੇ ਕੀਤੇ। ਕੁਲਵਿੰਦਰ ਚਾਵਲਾ ਨੇ ਕਿਹਾ ਕਿ ਇਸ ਪੁਸਤਕ ਵਿੱਚ ਲੇਖਕ ਵਾਰਤਕ ਅਤੇ ਕਵਿਤਾ ਨੂੰ ਇਕੱਠਿਆਂ ਪੇਸ਼ ਕਰਕੇ ਇੱਕ ਨਵੀਂ ਵਿਧਾ ਨੂੰ ਜਨਮ ਦਿੰਦਾ ਹੈ। ਡਾਕਟਰ ਚਰਨਜੀਤ ਕੌਰ ਬਰਾੜ ਨੇ ਆਖਿਆ ਕਿ ਲੇਖਕ ਨੂੰ ਸਥਾਪਿਤ ਬਣਾਉਣ ਲਈ ਅਜਿਹੀ ਕਿਸਮ ਦੀ ਇੱਕੋ ਪੁਸਤਕ ਲਿਖਣਾ ਹੀ ਕਾਫੀ ਹੈ।
ਮੁੱਖ ਮਹਿਮਾਨ ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਭਾਵੇਂ ਗੁਰਿੰਦਰਜੀਤ ਆਪਣੀ ਇਸ ਕਿਤਾਬ ਦੇ ਵਿੱਚ ਨੋਸਟੈਲਜੀਆ ਦੇ ਅਧੀਨ ਪੁਰਾਣੇ ਪੰਜਾਬ ਦੀਆਂ ਗੱਲਾਂ ਕਰਦਾ ਹੈ ਪਰ ਹੁਣ ਦਾ ਪੰਜਾਬ ਉਹਨਾਂ ਪ੍ਰਵਾਸੀਆਂ ਦੇ ਸੁਪਨੇ ਵਿਚਲੇ ਉਸ ਪੰਜਾਬ ਜਿਹਾ ਨਹੀਂ ਰਿਹਾ ਜਿਹੋ ਜਿਹਾ ਉਹ ਇਥੋਂ ਜਾਣ ਲੱਗੇ ਛੱਡ ਕੇ ਗਏ ਸਨ। ਪ੍ਰਧਾਨਅਚਾਰੀਆ ਸ੍ਰ. ਬੀ. ਐੱਸ ਰਤਨ ਨੇ ਕਿਹਾ ਕਿ ‘ਬਰਫ਼ ‘ਚ ਉੱਗੇ ਅਮਲਤਾਸ’ ਬਾਹਰਲੇ ਮੁਲਕਾਂ ਵਿੱਚ ਰਹਿ ਰਹੇ ਬੱਚਿਆਂ ਦੇ ਬੜੀ ਹੀ ਕੰਮ ਆਉਣ ਵਾਲੀ ਪੁਸਤਕ ਹੈ। ਇਹ ਪਰਵਾਸ ਵਿਚਲੀ ਨਵੀਂ ਪਨੀਰੀ ਨੂੰ ਉਸ ਪੁਰਾਣੇ ਸੱਭਿਆਚਾਰ ਤੋਂ ਜਾਣੂ ਕਰਵਾਉਂਦੀ ਹੈ ਜਿਹੜਾ ਉਹਨਾਂ ਨੇ ਨਹੀਂ ਦੇਖਿਆ। ਹੋਰ ਬੁਲਾਰਿਅਆਂ ਨੇ ਵੀ ਇਸ ਪੁਸਤਕ ਦੀ ਭਰਪੂਰ ਸਿਫਤ ਸਲਾਹੁਤ
ਕੀਤੀ। ਬਚਨ ਸਿੰਘ ਗੁਰਮ, ਰਮਾ ਰਮੇਸ਼ਵਰੀ, ਗੁਰਮੁਖ ਸਿੰਘ ਜਾਗੀ ਰੁੜਕੀ, ਗੁਰਦਰਸ਼ਨ ਗੁਸੀਲ, ਇੰਦਰਪਾਲ ਸਿੰਘ, ਸਤਨਾਮ ਚੌਹਾਨ, ਗੁਰਚਰਨ ਪੱਬਾਰਾਲੀ, ਤ੍ਰਿਲੋਕ ਢਿਲੋਂ, ਨਿਰਮਲਾ ਗਰਗ, ਬਲਵਿੰਦਰ ਭੱਟੀ, ਦਰਸ਼ਨ ਸਿੰਘ ਪਸਿਆਣਾ, ਹਰਪ੍ਰੀਤ ਸਿੰਘ ਰਾਣਾ ਰਾਜਵਿੰਦਰ ਕੌਰ ਜਟਾਣਾ, ਸੁਖਦੇਵ ਨਡਾਲੋਂ, ਸੁਖਵਿੰਦਰ ਚਹਿਲ, ਅਵਤਾਰਜੀਤ, ਸਨੇਹਦੀਪ ਅਤੇ ਹੋਰ ਕਵੀਆਂ ਨੇ ਆਪਣੀਆਂ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਮੰਚ ਸੰਚਾਲਨ ਬਹੁਤ ਹੀ ਖੂਬਸੂਰਤੀ ਨਾਲ ਡਾਕਟਰ ਗੁਰਵਿੰਦਰ ਅਮਨ ਵੱਲੋਂ ਕੀਤਾ ਗਿਆ। ਨਵਦੀਪ ਮੁੰਡੀ ਵੱਲੋਂ ਦੂਰੋਂ ਨੇੜਿਉਂ ਆਏ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ ਗਿਆ।
ਤਿੱਖੜ ਦੁਪਹਿਰੇ ਇਸ ਪ੍ਰੋਗਰਾਮ ਦੇ ਵਿੱਚ 70 ਦੇ ਕਰੀਬ ਲੇਖਕਾਂ ਤੇ ਪਾਠਕਾਂ ਨੇ ਸਾਹਿਤਕ ਠੰਡਕ ਦਾ ਆਨੰਦ ਮਾਣਿਆ ਜਿਨਾਂ ਵਿੱਚ ਹੁਸ਼ਿਆਰਪੁਰ ਤੋਂ ਸੁਖਦੇਵ ਨਡਾਲੋਂ, ਚੰਡੀਗੜ੍ਹ ਤੋਂ ਪ੍ਰੋਫੈਸਰ ਅਤੈ ਸਿੰਘ, ਗੁਰਦੇਵ ਚੌਹਾਨ, ਹਰਦੇਵ ਚੌਹਾਨ ਅਤੇ ਲੁਧਿਆਣੇ ਤੋਂ ਪ੍ਰੋਫੈਸਰ ਜਗਮੋਹਣ ਸਿੰਘ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ।

