ਕੋਟਕਪੂਰਾ, 3 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪ੍ਰਸਿੱਧ ਚਿੱਤਰਕਾਰ ਪ੍ਰੀਤ ਭਗਵਾਨ ਸਿੰਘ ਦੁਆਰਾ ਨਵ-ਨਿਰਮਾਣ ‘ਪ੍ਰੀਤ ਆਰਟ ਗੈਲਰੀ, ਕੋਟਕਪੂਰਾ’ ਦਾ ਉਦਘਾਟਨ ਸਰਦਾਰ ਕਰਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਆਪਣੇ ਸ਼ੁਭ ਕਰ-ਕਮਲਾਂ ਨਾਲ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬੀ ਸ਼ਾਇਰ ਕੁਲਵਿੰਦਰ ਵਿਰਕ ਨੇ ਦੱਸਿਆ ਕਿ ਪ੍ਰੀਤ ਭਗਵਾਨ ਸਿੰਘ ਪੰਜਾਬ ਦੇ ਨਾਮਵਰ ਆਰਟਿਸਟ ਹਨ ਅਤੇ ਪਿਛਲੇ ਲੱਗਭੱਗ 40 ਵਰਿਆਂ ਤੋਂ ਕਲਾ ਦੇ ਖੇਤਰ ਵਿੱਚ ਆਪਣੀ ਮਿਹਨਤ ਸਦਕਾ ਵਡਮੁੱਲੀਆਂ ਸੇਵਾਵਾਂ ਨਿਭਾ ਰਹੇ ਹਨ। ਉਹਨਾਂ ਦੁਆਰਾ ਬਣਾਈਆਂ ਗਈਆਂ ਕਲਾਕ੍ਰਿਤੀਆਂ ਨੂੰ ਕਲਾ-ਪ੍ਰੇਮੀਆਂ ਦੁਆਰਾ ਬੇਹੱਦ ਪਸੰਦ ਕੀਤਾ ਜਾਂਦਾ ਹੈ। ਕਿਸਾਨੀ-ਅੰਦੋਲਨ ਵਿੱਚ ਵੀ ਉਹਨਾਂ ਦੀਆਂ ਕਲਾਕ੍ਰਿਤਾਂ ਕਿਸਾਨਾਂ ਦੀ ਪਸੰਦ ਬਣੀਆ। ਇਹੋ ਨਹੀਂ ਬਲਕਿ ਉਹਨਾਂ ਦੀਆਂ ਬਣਾਈਆਂ ਗਈਆਂ ਪੇਂਟਿੰਗਜ਼ ਨੂੰ ਦੇਸ਼-ਵਿਦੇਸ਼ਾਂ ਵਿੱਚ ਵੀ ਪਸੰਦ ਕੀਤਾ ਜਾਂਦਾ ਹੈ ਅਤੇ ਕਲਾ-ਪ੍ਰੇਮੀ ਉਹਨਾਂ ਤੋਂ ਵਿਸ਼ੇਸ਼ ਤੌਰ ’ਤੇ ਪੋਰਟਰੇਟ ਬਣਵਾਉਂਦੇ ਹਨ। ਇੱਥੇ ਵਿਸ਼ੇਸ਼ ਜ਼ਿਕਰਯੋਗ ਹੈ ਕਿ ਪੰਜਾਬ ਤੋਂ ਇਲਾਵਾ ਦੇਸ਼ ਦੇ ਹੋਰਨਾਂ ਵੱਖ-ਵੱਖ ਰਾਜਾਂ ਵਿੱਚ ਸਮੇਂ-ਸਮੇਂ ’ਤੇ ਉਨ੍ਹਾਂ ਦੀਆਂ ਕਲਾ-ਪ੍ਰਦਰਸ਼ਨੀਆਂ ਲੱਗਦੀਆਂ ਰਹਿੰਦੀਆਂ ਹਨ ਅਤੇ ਅਨੇਕਾਂ ਨਾਮਵਰ ਸੰਸਥਾਵਾਂ ਅਤੇ ਹਸਤੀਆਂ ਵੱਲੋਂ ਉਨਾਂ ਨੂੰ ਵੱਡੇ ਅਤੇ ਵਕਾਰੀ ਮਾਨ-ਸਨਮਾਨਾਂ ਨਾਲ ਵੀ ਨਿਵਾਜਿਆ ਗਿਆ ਹੈ। ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪ੍ਰੀਤ ਭਗਵਾਨ ਸਿੰਘ ਦੁਆਰਾ ਬਣਾਈਆਂ ਗਈਆਂ ਤਸਵੀਰਾਂ ਮੂੰਹੋਂ ਬੋਲਦੀਆਂ ਹਨ। ਕਲਾ ਦੇ ਅਜਿਹੇ ਸ਼ਾਹ ਅਸਵਾਰ ਦਾ ਫ਼ਰੀਦਕੋਟ ਜ਼ਿਲ੍ਹੇ ਵਿੱਚ ਹੋਣਾ ਸਾਡੇ ਸਭ ਲਈ ਵੱਡੇ ਮਾਣ ਦੀ ਗੱਲ ਹੈ। ਅਜੋਕੇ ਸਮੇਂ ਵਿੱਚ ਨਵੀਂ ਪੀੜ੍ਹੀ ਨੂੰ ਅਜਿਹੇ ਆਰਟਿਸਟਾਂ ਤੋਂ ਪ੍ਰੇਰਨਾ ਲੈ ਕੇ ਕਲਾ ਦੇ ਖੇਤਰ ਵਿੱਚ ਆਉਣ ਦੀ ਸਖ਼ਤ ਜ਼ਰੂਰਤ ਹੈ। ਇਸ ਮੌਕੇ ਸ.ਸੰਧਵਾਂ ਨੂੰ ਸਿਰੋਪਾ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਉਪਰੰਤ ਪ੍ਰੀਤ ਭਗਵਾਨ ਸਿੰਘ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਹਾਜ਼ਰ ਸਭ ਮਹਿਮਾਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਵਿਸ਼ੇਸ਼ ਤੌਰ ’ਤੇ ਸ਼ੁਕਰੀਆ ਅਦਾ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰ. ਬਾਜ਼ ਸਿੰਘ, ਕੁਲਵੀਰ ਸਿੰਘ ਵਿਰਦੀ, ਗੁਰਬਚਨ ਸਿੰਘ ਭੁੱਲਰ, ਰਜਿੰਦਰ ਸਿੰਘ, ਰਾਜਵੰਤ ਕੌਰ, ਮਨ ਮਾਨ, ਸਿਮਰਨ ਸਿੰਘ ਐੱਮ.ਸੀ., ਵੀਰਪਾਲ ਕੌਰ, ਲਵਪ੍ਰੀਤ ਸਿੰਘ, ਹੈਪੀ ਸਿੰਘ, ਗੁਰਮੇਲ ਸਿੰਘ, ਜਗਦੀਸ਼ ਮਲਹੋਤਰਾ ਆਦਿ ਪਤਵੰਤੇ ਵੀ ਹਾਜ਼ਰ ਸਨ।

