ਫ਼ਰੀਦਕੋਟ, 2 ਅਕਤੂਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਦੇ ਨਾਮਵਰ ਕਵੀ ਪ੍ਰੀਤ ਜੱਗੀ ਦੀ ਪਲੇਠੀ ਕਾਵਿ-ਪੁਸਤਕ ‘ਪਰਤ ਆਇਐ ਗੌਤਮ’ ਜ਼ਿਲ੍ਹਾ ਭਾਸਾ ਦਫ਼ਤਰ ਫਰੀਦਕੋਟ ਵਿਖੇ ਮਨਜੀਤ ਪੁਰੀ, ਜ਼ਿਲ੍ਹਾ ਭਾਸਾ ਅਫ਼ਸਰ ਫ਼ਰੀਦਕੋਟ, ਉੱਘੇ ਚਿੰਤਕ ਅਤੇ ਆਲੋਚਕ ਡਾ. ਦੇਵਿੰਦਰ ਸੈਫ਼ੀ, ਸਾਹਿਤਕਾਰ ਅਤੇ ਕੋਸਕਾਰ ਜਗਤਾਰ ਸਿੰਘ ਸੌਖੀ, ਖੋਜ ਅਫ਼ਸਰ ਤੇ ਲੇਖਕ ਕੰਵਰਜੀਤ ਸਿੰਘ ਸਿੱਧੂ ਵੱਲੋਂ ਸਾਇਰ ਪ੍ਰੀਤਜੱਗੀ ਦੀ ਹਾਜਰੀ ਵਿੱਚ ਲੋਕ-ਅਰਪਣ ਕੀਤੀ ਗਈ। ਇਸ ਮੌਕੇ ’ਤੇ ਬੋਲਦਿਆਂ ਮਨਜੀਤ ਪੁਰੀ, ਜ਼ਿਲ੍ਹਾ ਭਾਸਾ ਅਫ਼ਸਰ ਨੇ ਕਿਹਾ ਕਿ ਪ੍ਰੀਤਜੱਗੀ ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬੀ ਕਵਿਤਾ ਦੇ ਅਮਲ ਵਿੱਚ ਹਨ। ਉਸਨੇ ਬੜੇ ਤਹੰਮਲ ਨਾਲ ਆਪਣੇ ਅਨੁਭਵ ਨੂੰ ਕਵਿਤਾ ਵਿੱਚ ਉਤਾਰਿਆ ਅਤੇ ਲੰਬੇ ਅੰਤਰਾਲ ਬਾਅਦ ਪੁਸਤਕ ਰੂਪ ਵਿੱਚ ਛਪਵਾਇਆ। ਡਾ. ਦੇਵਿੰਦਰ ਸੈਫੀ ਹੋਰਾਂ ਨੇ ਦੱਸਿਆ ਕਿ ਪ੍ਰੀਤ ਜੱਗੀ ਦੀ ਕਵਿਤਾ ਪਿੰਡੇ ਹੰਢਾਏ ਅਨਭਵ ਦੀ ਸੁੱਚੀ ਕਵਿਤਾ ਹੈ। ਅਜਿਹੀ ਸੁੱਚੀ ਕਵਿਤਾ ਦਾ ਪੰਜਾਬੀ ਕਵਿਤਾ ਦੇ ਵਿਹੜੇ ਸੁਆਗਤ ਹੈ। ਕੰਵਰਜੀਤ ਸਿੰਘ ਸਿੱਧੂ ਹੋਰਾਂ ਨੇ ਪ੍ਰੀਤ ਜੱਗੀ ਦੀ ਕਵਿਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਪ੍ਰੀਤ ਜੱਗੀ ਪਿੰਡਾਂ ਦੇ ਕੱਚੇ ਰਾਹਾਂ ਦੇ ਅਨੁਭਵ ਦਾ ਕਵੀ ਹੈ। ਅਜਿਹੀ ਕਵਿਤਾ ਦਾ ਸਵਾਗਤ ਕਰਨਾ ਸਾਡਾ ਫਰਜ ਬਣਦਾ ਹੈ। ਜਗਤਾਰ ਸਿੰਘ ਸੋਖੀ ਹੁਰਾਂ ਨੇ ਗੱਲ ਕਰਦਿਆਂ ਕਿਹਾ ਕਿ ਪ੍ਰੀਤ ਜੱਗੀ ਪੰਜਾਬੀ ਦੇ ਸਮਰੱਥ ਕਵੀਆਂ ਵਿੱਚੋਂ ਇੱਕ ਹੈ। ਉਸਦੀ ਇਹ ਪੁਸਤਕ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਇੱਕ ਨਿੱਗਰ ਵਾਧਾ ਹੈ। ਇਸ ਸਮਾਗਮ ਵਿੱਚ ਖੁਦ ਸਾਇਰ ਪ੍ਰੀਤ ਜੱਗੀ ਤੋਂ ਇਲਾਵਾ ਰਣਜੀਤ ਸਿੰਘ ਸੀਨੀਅਰ ਸਹਾਇਕ, ਜਸਮੇਲ ਸਿੰਘ ਕਲਰਕ, ਰਣਜੋਤ ਸਿੰਘ ਸੇਵਾਦਾਰ, ਸੰਦੀਪ ਕੌਰ ਸੇਵਾਦਾਰ ਆਦਿ ਹਾਜਰ ਸਨ।