ਮੰਤਰੀ ਬਲਜੀਤ ਕੌਰ ਦੇ ਨਜ਼ਦੀਕੀ ਦੱਸੇ ਜਾ ਰਹੇ ਨੇ ਹਮਲਾਵਰ
ਸਰਕਾਰ ਦਾ ਮੀਡੀਆ ਦੇ ਖਿਲਾਫ਼ ਚਿਹਰਾ ਹੋਇਆ ਬੇਨਕਾਬ:ਪ੍ਰਧਾਨ
ਬਠਿੰਡਾ, 19 ਨਵੰਬਰ( ਚਹਿਲ/ਵਰਲਡ ਪੰਜਾਬੀ ਟਾਈਮਜ਼)
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਅਧੀਨ ਪੈਂਦੇ ਪਿੰਡ ਫਕਰਸਰ ਦੀ ਦਾਣਾ ਮੰਡੀ ਵਿੱਚ ਆ ਰਹੇ ਨਜਾਇਜ਼ ਝੋਨੇ ਦੀ ਕਵਰੇਜ ਕਰਨ ਪਹੁੰਚੇ ਰਣਜੀਤ ਸਿੰਘ ਗਿੱਲ ‘ਤੇ ਆੜਤੀਆ ਤੇ ਉਸਦੇ ਗੁੰਡਾ ਗਰੋਹ ਵੱਲੋਂ ਹਮਲਾ ਕਰਕੇ ਕੁੱਟਮਾਰ ਕੀਤੀ ਗਈ ਤੇ ਉਸ ਨੂੰ ਅਗਵਾਹ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਇਸ ਮੌਕੇ ਪੱਤਰਕਾਰ ‘ਤੇ ਪਿਸਤੌਲ ਵੀ ਤਾਣਿਆ ਗਿਆ ਜੋ ਕਿ ਬਰਦਾਸ਼ਤ ਯੋਗ ਨਹੀਂ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਠਿੰਡਾ ਦਿਹਾਤੀ ਪ੍ਰੈਸ ਕਲੱਬ ਦੇ ਪ੍ਰਧਾਨ ਡਾਕਟਰ ਗੁਰਜੀਤ ਚੌਹਾਨ ਨੇ ਕੀਤਾ। ਉਹਨਾਂ ਕਿਹਾ ਕਿ ਇਸ ਮੌਕੇ ਪੁਲਿਸ ਦੀ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ ਵਿੱਚ ਰਹੀ।ਇਸ ਬਾਰੇ ਬੋਲਦਿਆਂ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਚਹਿਲ ਨੇ ਕਿਹਾ ਕਿ ਸੱਚਾਈ ਨੂੰ ਸੁਣਨਾ ਅਤੇ ਬਰਦਾਸ਼ਤ ਕਰਨਾ ਸਰਕਾਰਾਂ ਲਈ ਬੜਾ ਔਖਾ ਹੁੰਦਾ ਹੈ ਇਸੇ ਲਈ ਲੋਕਾਂ ਦੀ ਆਵਾਜ਼ ਬਣ ਸਰਕਾਰ ਦੀ ਅਲੋਚਨਾ ਕਰਨ ਵਾਲ਼ੇ ਲੋਕਾਂ, ਚਾਹੇ ਉਹ ਕੋਈ ਸਮਾਜਿਕ ਮੁੱਦੇ ਚੁੱਕਣ ਵਾਲ਼ਾ ਸਮਾਜ ਸੇਵੀ ਹੋਵੇ, ਕ੍ਰਾਂਤੀਕਾਰੀ ਹੋਵੇ ਜਾਂ ਪੱਤਰਕਾਰ ਹੋਵੇ, ਹਮੇਸ਼ਾਂ ਸਰਕਾਰਾਂ ਦੀ ਅੱਖ ਚ ਰੜਕਦਾ ਆਇਆ ਹੈ। ਪਰ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਨੇ ਤਾਂ ਸਾਰੇ ਹੱਦ ਬੰਨੇ ਪਾਰ ਕਰ ਦਿੱਤੇ ਹਨ। ਜਦੋਂ ਤੋਂ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਚ ਆਈ ਹੈ ਉਦੋਂ ਤੋਂ ਹੀ ਪੰਜਾਬ ਚ ਸੱਚ ਬੋਲਣਾ ਅਤੇ ਲਿਖਣਾ ਦੁੱਭਰ ਹੋਇਆ ਪਿਆ ਹੈ। ਇਸ ਮਾਮਲੇ ਚ ਵੀ ਪੱਤਰਕਾਰ ਤੇ ਹਮਲਾ ਕਰਨ ਵਾਲ਼ੇ ਕਥਿਤ ਤੌਰ ਤੇ ਸਰਕਾਰ ਦੀ ਮੰਤਰੀ ਬਲਜੀਤ ਕੌਰ ਦੇ ਨੇੜਲੇ ਦੱਸੇ ਜਾ ਰਹੇ ਹਨ। ਪ੍ਰੈੱਸ ਕਲੱਬ ਦੇ ਜਨਰਲ ਸਕਤੱਰ ਸੁਰਿੰਦਰਪਾਲ ਸਿੰਘ ਬੱਲੂਆਣਾ ਨੇ ਇਸ ਮਾਮਲੇ ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਕਿਹਾ ਕਿ ਸਰਕਾਰ ਦੀਆਂ ਸੱਚ ਦੀ ਕਲਮ ਨੂੰ ਦੱਬਣ ਦੀਆਂ ਕੋਸ਼ਿਸ਼ਾਂ ਦਾ ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ( ਰਜਿ) ਹਮੇਸ਼ਾਂ ਡੱਟ ਕੇ ਵਿਰੋਧ ਕਰਦਾ ਰਹੇਗਾ ਅਤੇ ਹਰੇਕ ਪੱਤਰਕਾਰ ਨਾਲ ਚੱਟਾਨ ਵਾਂਗ ਖੜ੍ਹਾ ਹੈ। ਕਲੱਬ ਦੇ ਸਰਪ੍ਰਸਤ ਜਸਕਰਨ ਸਿੰਘ ਸਿਵੀਆਂ, ਸੱਤਪਾਲ ਸਿੰਘ ਮਾਨ, ਜਸਵੀਰ ਸਿੰਘ ਕਟਾਰ ਸਿੰਘ ਵਾਲਾ,ਗੁਰਸੇਵਕ ਸਿੰਘ ਚੁੱਘੇ ਖੁਰਦ, ਨਸੀਬ ਚੰਦ, ਸੁਖਵਿੰਦਰ ਸਿੰਘ ਸਰਾਂ, ਨਵਦੀਪ ਗਰਗ,ਕੁਲਵਿੰਦਰ ਚਾਨੀ, ਰਾਜਕੁਮਾਰ, ਪ੍ਰਿੰਸ ਕੁਮਾਰ ਆਦਿ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਇੱਕ ਪਾਸੇ ਤਾਂ ਕੌਮਾਂਤਰੀ ਪ੍ਰੈੱਸ ਦਿਹਾੜੇ ਤੇ ਅਨੇਕਾਂ ਤਰ੍ਹਾਂ ਦੀਆਂ ਗੱਲਾਂ ਕਰਦੀ ਹੈ ਪਰ ਦੂਜੇ ਪਾਸੇ ਪੱਤਰਕਾਰਾਂ ਦੀ ਕੋਈ ਸੁਰੱਖਿਆ ਨਹੀਂ ਤੇ ਇਸ ਨਾਲ ਸਰਕਾਰ ਦਾ ਮੀਡੀਆ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ।
ਇਸ ਮਾਮਲੇ ਚ ਹਮਲਾ ਕਰਨ ਵਾਲ਼ੇ ਵਿਅਕਤੀਆਂ ਨਾਲ ਪੰਜਾਬ ਸਰਕਾਰ ਦੀ ਮੰਤਰੀ ਦੇ ਕਥਿਤ ਨਜ਼ਦੀਕੀ ਹੋਣ ਸਬੰਧੀ ਜਦੋਂ ਪੱਖ ਜਾਣਨ ਲਈ ਮੰਤਰੀ ਬਲਜੀਤ ਕੌਰ ਨੂੰ ਫੋਨ ਕੀਤਾ ਗਿਆ ਤਾਂ ਉਹਨਾਂ ਫੋਨ ਨਹੀਂ ਚੁੱਕਿਆ।

