ਪਿੰਡ ਫੂਸ ਮੰਡੀ ਵਿਖੇ ਅੱਖਾਂ ਦੇ ਮੁਫ਼ਤ ਜਾਂਚ ਕੈਂਪ ਨੂੰ ਦਿੱਤੀ ਮਨਜ਼ੂਰੀ
ਬਠਿੰਡਾ 11 ਦਸੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਦੀ ਮਹੀਨਾਵਾਰ ਮੀਟਿੰਗ ਬੀਤੇ ਦਿਨੀ ਇਥੇ ਸਥਿਤ ਟੀਚਰਜ਼ ਹੋਮ ਵਿਖੇ ਕਲੱਬ ਪ੍ਰਧਾਨ ਗੁਰਜੀਤ ਚੌਹਾਨ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਜਿੱਥੇ ਸਮਾਜ ਨਾਲ ਸਬੰਧਤ ਕਈ ਅਹਿਮ ਮੁੱਦੇ ਵਿਚਾਰੇ ਗਏ ਉਥੇ ਹੀ ਬੀਤੇ ਦਿਨੀ ਪ੍ਰੈਸ ਕਲੱਬ ਵੱਲੋਂ ਪਾਏ ਗਏ ਮਤੇ ਅਨੁਸਾਰ ਅੱਖਾਂ ਦੇ ਮੁਫਤ ਜਾਂਚ ਕੈਂਪ ਦੀ ਤਰੀਕ ਵੀ ਨਿਰਧਾਰਿਤ ਕੀਤੀ ਗਈ। ਮੀਟਿੰਗ ਚ ਪਹੁੰਚੇ ਅਹੁਦੇਦਾਰਾਂ ਜਿਨਾਂ ਵਿੱਚ ਕਲੱਬ ਦੇ ਸਰਪ੍ਰਸਤ ਜਸਕਰਨ ਸਿੰਘ ਸਿਵੀਆਂ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਚਹਿਲ, ਜਨਰਲ ਸਕੱਤਰ ਸੁਰਿੰਦਰ ਪਾਲ ਸਿੰਘ, ਨਸੀਬ ਚੰਦ ਸ਼ਰਮਾ, ਸੁਖਵਿੰਦਰ ਸਰਾਂ, ਜਸ਼ਨਜੀਤ ਸਿੰਘ ਤੋਂ ਇਲਾਵਾ ਕਿਸੇ ਕਾਰਨ ਇਸ ਮੀਟਿੰਗ ਵਿੱਚ ਨਾ ਪਹੁੰਚ ਸਕੇ ਰਾਜਦੀਪ ਜੋਸ਼ੀ, ਪ੍ਰਿੰਸ ਸੇਖੂ ਅਤੇ ਰਾਜਕੁਮਾਰ ਆਦਿ ਪੱਤਰਕਾਰਾਂ ਨੇ ਅੱਖਾਂ ਦੇ ਮੁਫਤ ਜਾਂਚ ਕੈਂਪ ਸਬੰਧੀ 21 ਦਸੰਬਰ ਨੂੰ ਪਿੰਡ ਫੂਸ ਮੰਡੀ ਵਿਖੇ ਕੈਂਪ ਲਗਵਾਉਣ ਤੇ ਆਪਣੀ ਸਹਿਮਤੀ ਪ੍ਰਗਟ ਕੀਤੀ। ਦੱਸਣਾ ਬਣਦਾ ਹੈ ਕਿ ਪ੍ਰੈਸ ਕਲੱਬ ਬਠਿੰਡਾ ਦਿਹਾਤੀ ਜਿੱਥੇ ਨਿਡਰਤਾ ਅਤੇ ਨਿਰਪੱਖਤਾ ਦੇ ਨਾਲ ਸਮਾਜਿਕ ਮੁੱਦੇ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਂਦਾ ਹੈ ਉਥੇ ਹੀ ਸਮਾਜ ਭਲਾਈ ਦੇ ਕੰਮਾਂ ਵਿੱਚ ਜਿਸ ਤਰ੍ਹਾਂ ਕਿ ਪੌਦੇ ਲਾਉਣਾ ,ਗਰੀਬ ਲੜਕੀਆਂ ਦੇ ਵਿਆਹ ਕਰਾਉਣਾ ਜਰੂਰਤਮੰਦ ਬੱਚਿਆਂ ਨੂੰ ਰੁਜ਼ਗਾਰ ਮੁਹਈਆ ਕਰਾਉਣਾ ਆਦਿ,ਵਿੱਚ ਵੀ ਮੋਹਰੀ ਰੋਲ ਅਦਾ ਕਰ ਰਿਹਾ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ ਪ੍ਰੈਸ ਕਲੱਬ ਵੱਲੋਂ ਇਸ ਵਾਰ ਵਧੇ ਹੋਏ ਹਵਾ ਪ੍ਰਦੂਸ਼ਣ ਕਾਰਨ ਅੱਖਾਂ ਦਾ ਮੁਫਤ ਜਾਂਚ ਕੈਂਪ ਲਾਉਣ ਦਾ ਮਤਾ ਪਾਇਆ ਸੀ। ਇਸ ਬਾਰੇ ਗੱਲ ਕਰਦਿਆਂ ਪ੍ਰੈਸ ਕਲੱਬ ਬਠਿੰਡਾ ਦਿਹਾਤੀ ਦੇ ਪ੍ਰਧਾਨ ਗੁਰਜੀਤ ਚੌਹਾਨ ਨੇ ਦੱਸਿਆ ਕਿ ਮਿਤੀ 21 ਦਸੰਬਰ 2024 ਨੂੰ ਜਿਲਾ ਬਠਿੰਡਾ ਦੇ ਪਿੰਡ ਫੂਸ ਮੰਡੀ ਵਿਖੇ ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ ਜਿੱਥੇ ਅੱਖਾਂ ਦੇ ਮਾਹਿਰ ਡਾਕਟਰ ਹਰਜੀਤ ਸਿੰਘ ਆਪਣੀ ਟੀਮ ਨਾਲ ਆਪਣੀਆਂ ਸੇਵਾਵਾਂ ਮੁਹਈਆ ਕਰਾਉਣਗੇ। ਇਹ ਕੈਂਪ ਸਵੇਰ 10 ਵਜੇ ਤੋਂ ਲੈ ਕੇ ਮਰੀਜ਼ਾਂ ਦੀ ਗਿਣਤੀ ਮੁਤਾਬਿਕ ਜਾਰੀ ਰੱਖਿਆ ਜਾਵੇਗਾ ਉਹਨਾਂ ਅੱਗੇ ਕਿਹਾ ਕਿ ਇਸ ਕੈਂਪ ਵਿੱਚ ਵੱਧ ਤੋਂ ਵੱਧ ਲੋੜਵੰਦ ਮਰੀਜ਼ਾਂ ਨੂੰ ਲੈ ਕੇ ਆਓ ਤਾਂ ਜੋ ਜਰੂਰਤਮੰਦ ਲੋਕਾਂ ਨੂੰ ਇਸ ਕੈਂਪ ਦਾ ਲਾਹਾ ਮਿਲ ਸਕੇ।

