150 ਤੋਂ ਵੱਧ ਮਰੀਜਾਂ ਦੀ ਮੁਫ਼ਤ ਜਾਂਚ ਦੇ ਨਾਲ ਨਾਲ਼ ਦਿੱਤੀਆਂ ਮੁਫ਼ਤ ਦਵਾਈਆਂ
15 ਮਰੀਜਾਂ ਦੀ ਕੀਤੀ ਗਈ ਆਪ੍ਰੇਸ਼ਨ ਲਈ ਚੋਣ
ਬਠਿੰਡਾ 22 ਦਸੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪਿੰਡ ਫੂਸਮੰਡੀ ਵਿਖੇ ਅੱਖਾਂ ਦਾ ਮੁਫਤ ਜਾਂਚ ਕੈਂਪ ਲਾਇਆ ਗਿਆ। ਇਸ ਮੌਕੇ 150 ਤੋਂ ਵੱਧ ਲੋੜਵੰਦ ਵਿਅਕਤੀਆਂ ਵੱਲੋਂ ਅੱਖਾਂ ਦੀ ਜਾਂਚ ਕਰਵਾਈ ਗਈ ਤੇ ਮਰੀਜਾਂ ਨੂੰ ਬਿਲਕੁੱਲ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸਦੇ ਨਾਲ਼ ਹੀ 15 ਲੋੜਵੰਦ ਲੋਕਾਂ ਦੀ ਮੁਫਤ ਅਪ੍ਰੇਸ਼ਨ ਲਈ ਚੋਣ ਕੀਤੀ ਗਈ।
ਕੈਂਪ ਦੀ ਸ਼ੁਰੂਆਤ ਮੌਕੇ ਕਲੱਬ ਦੇ ਸਰਪ੍ਰਸਤ ਭਾਈ ਜਸਕਰਨ ਸਿੰਘ ਸਿਵੀਆਂ ਨੇ ਇਸ ਸ਼ਹੀਦੀ ਹਫਤੇ ਨੂੰ ਲੈ ਕੇ ਦਸ਼ਮੇਸ਼ ਪਿਤਾ, ਸਾਹਿਬਜ਼ਾਦਿਆਂ ਤੇ ਮਾਤਾ ਗੁਜ਼ਰ ਕੌਰ ਦੀ ਸ਼ਹਾਦਤ ਸਬੰਧੀ ਹਾਜ਼ਰੀਨ ਨੂੰ ਜਾਣੂ ਕਰਵਾਇਆ ਤੇ ਕਿਹਾ ਕਿ ਸਾਨੂੰ ਗੁਰੂ ਸਾਹਿਬ ਦੇ ਦਰਸਾਏ ਮਾਰਗ ਉੱਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਬਠਿੰਡਾ ਤੋਂ ਪਹੁੰਚੇ ਅੱਖਾਂ ਦੇ ਮਾਹਰ ਡਾਕਟਰ ਹਰਜੀਤ ਸਿੰਘ ਨੇ ਅੱਖਾਂ ਦੀ ਸਾਂਭ ਸੰਭਾਲ ਲਈ ਜਾਣਕਾਰੀ ਦਿੱਤੀ।ਕੈਂਪ ਲਈ ਫੂਸਮੰਡੀ ਦੇ ਸਰਪੰਚ ਕਿਰਨਾ ਕੌਰ ਮਰਾੜ ਅਤੇ ਸਮਾਜਸੇਵੀ ਜਗਸੀਰ ਸਿੰਘ ਮਰਾੜ ਨੇ ਕੈਂਪ ਦੇ ਪ੍ਰਬੰਧ ਲਈ ਵਿਸ਼ੇਸ਼ ਸਹਿਯੋਗ ਦਿੱਤਾ।
ਜ਼ਿਕਰ ਯੋਗ ਹੈ ਕਿ ਪ੍ਰੈਸ ਕਲੱਬ ਬਠਿੰਡਾ ਦਿਹਾਤੀ ਆਪਣੀ ਹੋਂਦ ਤੋਂ ਲੈ ਕੇ ਲਗਾਤਾਰ ਸਮਾਜਿਕ ਮੁੱਦਿਆਂ ਨੂੰ ਚੁੱਕਣ ਦੇ ਨਾਲ ਨਾਲ ਸਮਾਜ ਭਲਈ ਦੇ ਕੰਮਾਂ ਨੂੰ ਵੀ ਪਹਿਲ ਦੇ ਆਧਾਰ ਤੇ ਕਰਦਾ ਆ ਰਿਹਾ ਹੈ ਜਿਸ ਤਰ੍ਹਾਂ ਕਿ ਗਰੀਬ ਲੜਕੀਆਂ ਦੇ ਵਿਆਹ ਕਰਨੇ, ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹਈਆ ਕਰਾਉਣਾ, ਸਮੇਂ ਸਮੇਂ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਕਰਨਾ ਅਤੇ ਵੱਖ ਵੱਖ ਤਰ੍ਹਾਂ ਦੇ ਕੈਂਪ ਲਗਾਉਣਾ। ਦੱਸਣਾ ਬਣਦਾ ਹੈ ਕਿ ਵਾਤਾਵਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪ੍ਰੈਸ ਕਲੱਬ ਬਠਿੰਡਾ ਦਿਹਾਤੀ ਹੁਣ ਤੱਕ ਬਠਿੰਡਾ ਸਮੇਤ ਆਸ ਪਾਸ ਦੇ ਪਿੰਡਾਂ ਵਿੱਚ ਹਜ਼ਾਰਾਂ ਹੀ ਪੌਦੇ ਲਗਾ ਚੁੱਕਿਆ ਹੈ ਅਤੇ ਉਹਨਾਂ ਦੀ ਜਥਾ ਸੰਭਵ ਸੰਭਾਲ ਵੀ ਕਰਦਾ ਆ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਪਰਾਲੀ ਆਦਿ ਨੂੰ ਅੱਗ ਲੱਗਣ ਕਾਰਨ ਵਾਤਾਵਰਨ ਕਾਫੀ ਪ੍ਰਦੂਸ਼ਿਤ ਹੋ ਚੁੱਕਿਆ ਸੀ ਜਿਸ ਕਰਕੇ ਲੋਕਾਂ ਨੂੰ ਅੱਖਾਂ ਸਬੰਧੀ ਕਾਫੀ ਪਰੇਸ਼ਾਨੀਆਂ ਆ ਰਹੀਆਂ ਸਨ, ਲੋਕਾਂ ਦੀ ਇਸੇ ਸਮੱਸਿਆ ਨੂੰ ਸਮਝਦੇ ਹੋਏ ਅਤੇ ਸਮੇਂ ਦੀ ਲੋੜ ਮੁਤਾਬਕ ਪਿਛਲੀਆਂ ਦੋ ਮੀਟਿੰਗਾਂ ਦੌਰਾਨ ਪ੍ਰੈਸ ਕਲੱਬ ਬਠਿੰਡਾ ਦਿਹਾਤੀ ਦੇ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨਾਂ ਵੱਲੋਂ ਅੱਖਾਂ ਦੀ ਮੁਫਤ ਜਾਂਚ ਸਬੰਧੀ ਕੈਂਪ ਲਾਉਣ ਦਾ ਮਤਾ ਪਾਇਆ ਗਿਆ ਸੀ।
ਬਠਿੰਡਾ ਦੇ ਪਿੰਡ ਫੂਸ ਮੰਡੀ ਵਿਖੇ ਲੱਗੇ ਇਸ ਜਾਂਚ ਕੈਂਪ ਦੌਰਾਨ ਲੋਕਾਂ ਦਾ ਉਤਸ਼ਾਹ ਦੇਖਿਆ ਹੀ ਬਣਦਾ ਸੀ। ਕੈਂਪ ਦੇ ਨਿਸ਼ਚਿਤ ਕੀਤੇ ਸਮੇਂ ਤੇ ਲੋਕ ਕਤਾਰਾ ਬੰਨ ਕੇ ਪਰਚੀਆਂ ਕਟਾਉਣ ਅਤੇ ਅਨੁਸ਼ਾਸਨਬੱਧ ਤਰੀਕੇ ਨਾਲ ਆਪਣੀ ਵਾਰੀ ਦੀ ਉਡੀਕ ਕਰਦੇ ਦੇਖੇ ਗਏ। ਅੱਖਾਂ ਦੇ ਇਸ ਕੈਂਪ ਲਈ ਸੇਵਾਵਾਂ ਦੇਣ ਪੁੱਜੀ ਮੈਡੀਕਲ ਟੀਮ ਅਤੇ ਕਲੱਬ ਮੈਂਬਰਾਂ ਵੱਲੋਂ ਪੂਰੀ ਸਮਰਪਣ ਭਾਵਨਾ ਨਾਲ ਆਪਣੀਆਂ ਸੇਵਾਵਾਂ ਦਿੱਤੀਆਂ।
ਦੱਸ ਦੇਈਏ ਕਿ ਜਾਂਚ ਦੌਰਨ ਜਿੰਨਾ ਮਰੀਜਾਂ ਦੀ ਅਪ੍ਰੇਸ਼ਨ ਲਈ ਚੋਣ ਕੀਤੀ ਗਈ ਹੈ ਇਹਨਾਂ ਮਰੀਜ਼ਾਂ ਦੇ ਆਪਰੇਸ਼ਨ ਤਾਂ ਬਿਲਕੁਲ ਮੁਫਤ ਕੀਤੇ ਹੀ ਜਾਣੇ ਹਨ ਇਸਦੇ ਨਾਲ਼ ਹੀ ਇਹਨਾਂ ਚੁਣੇ ਹੋਏ ਮਰੀਜ਼ਾਂ ਨੂੰ 24 ਦਸੰਬਰ ਨੂੰ ਪਿੰਡ ਫੂਸ ਮੰਡੀ (ਕੈਂਪ ਵਾਲ਼ੇ ਸਥਾਨ ਤੇ)ਵਿਖੇ ਇਕੱਠੇ ਹੋਣ ਲਈ ਕਿਹਾ ਗਿਆ ਹੈ ਜਿਨਾਂ ਨੂੰ ਕਲੱਬ ਵੱਲੋਂ ਆਪਣੇ ਸਾਧਨਾਂ ਤੇ ਅਪਰੇਸ਼ਨ ਲਈ ਬਠਿੰਡਾ ਲਜਾਇਆ ਜਾਵੇਗਾ ਅਤੇ ਆਪਰੇਸ਼ਨ ਉਪਰੰਤ ਇਸੇ ਹੀ ਸਥਾਨ ਤੇ ਵਾਪਸ ਬਿਲਕੁਲ ਮੁਫਤ ਛੱਡਣ ਦਾ ਪ੍ਰਬੰਧ ਕੀਤਾ ਗਿਆ ਹੈ।
ਸਰਪੰਚ ਕਿਰਨ ਕੌਰ ਮਰਾੜ ਤੇ ਉਹਨਾਂ ਦੇ ਪਤੀ ਜਗਸੀਰ ਸਿੰਘ ਮਰਾੜ ਵੱਲੋਂ ਕਲੱਬ ਸਰਪ੍ਰਸਤ ਜਸਕਰਨ ਸਿੰਘ ਸਿਵੀਆਂ ਤੇ ਅਹੁਦੇਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਕਲੱਬ ਅਤੇ ਡਾਕਟਰ ਮਰਾੜ ਵੱਲੋਂ ਸਾਂਝੇ ਤੌਰ ਤੇ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਉੱਘੇ ਵਕੀਲ ਅਤੇ ਚੇਅਰਮੈਨ ਪੰਜਾਬ ਸ਼ੂਗਰਫੈੱਡ ਨਵਦੀਪ ਸਿੰਘ ਜੀਦਾ ਨੂੰ ਸਨਮਾਨ ਚਿੰਨ ਤੇ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ।ਕੈਂਪ ਮੌਕੇ ਧਰਮ ਪ੍ਰਚਾਰ ਕਮੇਟੀ ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀਆਂ “ਭੇਟਾ ਰਹਿਤ” ਇਤਿਹਾਸਿਕ ਕਿਤਾਬਾਂ ਵੀ ਮੁਫ਼ਤ ਵੰਡੀਆਂ। ਇਸ ਲਈ ਵਿਸ਼ੇਸ਼ ਤੌਰ ‘ਤੇ ਸਹਿਯੋਗ ਗੁਰੁਦੁਆਰਾ ਸਾਹਿਬ ਹਾਜੀਰਤਨ ਦੇ ਮੈਨੇਜਰ ਗੁਰਸੇਵਕ ਸਿੰਘ ਕਿੰਗਰਾ ਨੇ ਦਿੱਤਾ। ਇਸ ਮੌਕੇ ਕਲੱਬ ਪ੍ਰਧਾਨ ਗੁਰਜੀਤ ਸਿੰਘ ਚੌਹਾਨ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਚਹਿਲ, ਜਨਰਲ ਸਕੱਤਰ ਸੁਰਿੰਦਰ ਪਾਲ ਸਿੰਘ ਬੱਲੂਆਣਾ, ਗੁਰਸੇਵਕ ਸਿੰਘ ਚੁੱਘੇ ਖੁਰਦ,ਗੁਰਪ੍ਰੀਤ ਸਿੰਘ ਗੋਪੀ ਜ਼ੀ, ਜਸਵੀਰ ਸਿੰਘ ਕਟਾਰ ਸਿੰਘ ਵਾਲਾ ਸਮਾਜਸੇਵੀ ਆਦਿ ਨੇ ਵੀ ਸਹਿਯੋਗ ਕੀਤਾ।

