ਤਲਵੰਡੀ ਸਾਬੋ 2 ਅਗਸਤ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਜਗਤ ਵਿੱਚ ਇਹ ਖ਼ਬਰ ਬੜੀ ਪ੍ਰਸੰਨਤਾ ਨਾਲ ਸੁਣੀ ਜਾਵੇਗੀ ਕਿ ਪੰਜਾਬੀ ਦੇ ਪ੍ਰਸਿੱਧ ਅਨੁਵਾਦਕ ਅਤੇ ਲੇਖਕ ਪ੍ਰੋ. ਨਵ ਸੰਗੀਤ ਸਿੰਘ, ਜੋ ਅੱਜਕੱਲ੍ਹ ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ (ਬਠਿੰਡਾ) ਵਿਖੇ ਪ੍ਰਾਧਿਆਪਕ ਵਜੋਂ ਕਾਰਜਸ਼ੀਲ ਹਨ, ਵੱਲੋਂ ਅਨੁਵਾਦ ਕੀਤੀ 25ਵੀਂ ਕਿਤਾਬ ‘ਭੀਮਸੇਨ ਜੋਸ਼ੀ’ ਪ੍ਰਕਾਸ਼ਿਤ ਹੋ ਚੁੱਕੀ ਹੈ। ਇਹ ਕਿਤਾਬ ਉਨ੍ਹਾਂ ਨੇ ਹਿੰਦੀ ਤੋਂ ਅਨੁਵਾਦ ਕੀਤੀ ਹੈ। ਜ਼ਿਕਰਯੋਗ ਹੈ ਕਿ ਪ੍ਰੋ. ਸਿੰਘ ਨੇ ਅਨੁਵਾਦ ਦੇ ਕਾਰਜ ਨੂੰ ਇੱਕ ਚੁਣੌਤੀ ਵਜੋਂ ਪ੍ਰਵਾਨ ਕੀਤਾ ਹੈ ਤੇ ਉਨ੍ਹਾਂ ਦਾ ਵਧੇਰੇ ਕਾਰਜ ਅਨੁਵਾਦ ਨਾਲ ਹੀ ਸੰਬੰਧਿਤ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪ੍ਰੋ. ਸਿੰਘ ਨੇ ਦੱਸਿਆ ਕਿ ‘ਭੀਮਸੇਨ ਜੋਸ਼ੀ’ ਨਾਂ ਦੀ ਇਹ ਪੁਸਤਕ ਐਨਬੀਟੀ ਇੰਡੀਆ (ਨੈਸ਼ਨਲ ਬੁੱਕ ਟ੍ਰੱਸਟ ਇੰਡੀਆ, ਨਵੀਂ ਦਿੱਲੀ) ਵੱਲੋਂ ਜੁਲਾਈ 2024 ਵਿੱਚ ਪ੍ਰਕਾਸ਼ਿਤ ਹੋ ਕੇ ਸਾਹਮਣੇ ਆਈ ਹੈ। ਮੂਲ ਹਿੰਦੀ ਵਿੱਚ ਲਿਖੀ ਅਤੇ ਰੰਗ-ਬਿਰੰਗੇ ਚਿੱਤਰਾਂ ਨਾਲ ਸੁਸੱਜਿਤ ਇਹ ਪੁਸਤਕ ਐਨਬੀਟੀ ਵੱਲੋਂ ਨਹਿਰੂ ਬਾਲ ਪੁਸਤਕਮਾਲਾ ਦੇ ਅੰਤਰਗਤ 9-11 ਸਾਲ ਦੇ ਬੱਚਿਆਂ ਲਈ ਛਾਪੀ ਗਈ ਹੈ। ਪ੍ਰੋ. ਸਿੰਘ ਨੇ ਇਹ ਵੀ ਦੱਸਿਆ ਕਿ ਪੰਡਤ ਭੀਮਸੇਨ ਜੋਸ਼ੀ (1922-2011) ਸ਼ਾਸਤਰੀ ਸੰਗੀਤ ਦੇ ਮਹਾਨ ਗਾਇਕ ਸਨ, ਜਿਨ੍ਹਾਂ ਨੇ ਉਸਤਾਦ ਹਾਫ਼ਿਜ਼ ਅਲੀ ਖਾਂ, ਪਹਾੜੀ ਸਾਨਿਆਲ, ਭਗਤ ਮੰਗਤ ਰਾਮ, ਵਿਨਾਇਕ ਰਾਵ ਪਟਵਰਧਨ ਅਤੇ ਸਵਾਈ ਗੰਧਰਵ ਜਿਹੇ ਦਿੱਗਜ ਸੰਗੀਤਕਾਰਾਂ ਤੋਂ ਸੰਗੀਤ ਦੀ ਸਿੱਖਿਆ ਹਾਸਲ ਕੀਤੀ। ਪੰਡਤ ਜੀ ਨੇ ਹਿੰਦੀ ਫ਼ਿਲਮਾਂ ਲਈ ਵੀ ਆਪਣੀ ਗਾਇਕੀ ਪੇਸ਼ ਕੀਤੀ। ਪਦਮਸ਼੍ਰੀ, ਪਦਮ ਭੂਸ਼ਨ, ਪਦਮ ਵਿਭੂਸ਼ਣ ਅਤੇ ਭਾਰਤ ਰਤਨ ਜਿਹੇ ਉੱਚਕੋਟੀ ਦੇ ਸਨਮਾਨਾਂ ਨਾਲ ਅਲੰਕ੍ਰਿਤ ਪੰਡਤ ਜੀ ਨੂੰ ਸਧਾਰਨ ਲੋਕ ‘ਮਿਲੇ ਸੁਰ ਮੇਰਾ ਤੁਮਾਰਾ…’ ਦੀ ਗਾਇਕੀ ਨਾਲ ਜਾਣਦੇ ਹਨ। ਇੱਥੇ ਇਹ ਦੱਸਣਾ ਵੀ ਯੋਗ ਹੋਵੇਗਾ ਕਿ ਪ੍ਰੋ. ਸਿੰਘ ਨੇ ਐਨਬੀਟੀ ਲਈ ਇਸਤੋਂ ਪਹਿਲਾਂ ਵੀ ‘ਕੁੰਵਰ ਸਿੰਘ ਅਤੇ 1857 ਦੀ ਕ੍ਰਾਂਤੀ’ ਨਾਮਕ ਇੱਕ ਕਿਤਾਬ ਦਾ ਅਨੁਵਾਦ ਕੀਤਾ ਹੈ, ਜੋ 2008 ਵਿੱਚ ਪ੍ਰਕਾਸ਼ਿਤ ਹੋਈ ਸੀ। ਸਾਹਿਤਕ ਅਤੇ ਅਕਾਦਮਿਕ ਜਗਤ ਨਾਲ ਸੰਬੰਧਿਤ ਸ਼ਖਸੀਅਤਾਂ ਵੱਲੋਂ ਪ੍ਰੋ. ਸਿੰਘ ਨੂੰ ਉਨ੍ਹਾਂ ਦੀ ਇਸ ਅਨੁਵਾਦਿਤ ਪੁਸਤਕ ਲਈ ਲਗਾਤਾਰ ਵਧਾਈ-ਸੰਦੇਸ਼ ਮਿਲ ਰਹੇ ਹਨ।