ਲੁਧਿਆਣਾਃ 30 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਸ਼ਹੀਦ ਭਗਤ ਸਿੰਘ ਜੀ ਦੇ 118ਵੇਂ ਜਨਮ ਦਿਹਾੜੇ ਦੀ ਪੂਰਵ ਸੰਧਿਆ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਪੰਜਾਬੀ ਕਵੀ ਗੁਰਭਜਨ ਗਿੱਲ ਦਾ ਨਵਾਂ ਤੇ ਨੌਵਾਂ ਗ਼ਜ਼ਲ ਸੰਗ੍ਹਹਿ (ਲਾਸ ਏਂਜਲਸ)ਅਮਰੀਕਾ ਵੱਸਦੇ ਗੁਰਦਾਸਪੁਰੀਏ ਵੀਰ ਸ. ਬਲਦੇਵ ਸਿੰਘ ਕੰਗ ਤੇ ਸਾਥੀਆਂ ਹੱਥੋਂ ਲੋਕ ਅਰਪਣ ਕਰਵਾਇਆ ਗਿਆ।
ਸ. ਬਲਦੇਵ ਸਿੰਘ ਕੰਗ ਨੇ “ਜ਼ੇਵਰ” ਲੋਕ ਅਰਪਣ ਕਰਦਿਆਂ ਕਿਹਾ ਕਿ ਮੇਰੇ ਲਈ ਇਹ ਵੱਡੇ ਮਾਣ ਦੀ ਗੱਲ ਹੈ ਕਿ ਮੇਰੀ ਤੇ ਪ੍ਰੌਫੈਸਰ ਸਾਹਿਬ ਦੀ ਜਨਮ ਭੂਮੀ ਇੱਕ ਹੈ ਪਰ ਕਰਮਭੂਮੀ ਅਲੱਗ ਅਲੱਗ ਹੋਣ ਦੇ ਬਾਵਜੂਦ ਸੁਪਨੇ ਇੱਕੋ ਜਹੇ ਹਨ। ਇਹ ਆਪਣੀ ਲਿਖਤ ਰਾਹੀ ਜਾਤ-ਪਾਤ ਰਹਿਤ ਵਿਕਸਤ ਪੰਜਾਬੀ ਨਸ਼ਾ ਮੁਕਤ ਸਮਾਜ ਉਸਾਰਨ ਲਈ ਯਤਨਸ਼ੀਲ ਹਨ ਉੱਥੇ ਦੇਸ਼ ਬਦੇਸ਼ ਵਿੱਚ ਕਾਰੋਬਾਰ ਕਰਦਿਆਂ ਕਿਰਤ ਦਾ ਸਤਿਕਾਰ, ਈਮਾਨਦਾਰੀ ਵਾਲਾ ਲੁੱਟ ਰਹਿਤ ਸਮਾਜ ਬਣਾਉਣ ਲਈ ਲੱਗੇ ਹੋਏ ਹਾਂ। ਮੇਰੇ ਲਈ ਇਹ ਹੋਰ ਵੀ ਸੁਭਾਗ ਵਾਲੀ ਗੱਲ ਹੈ ਕਿ ਭਾ ਜੀ ਗੁਰਭਜਨ ਗਿੱਲ ਨੇ ਇਹ ਪੁਸਤਕ ਲੋਕ ਅਰਪਣ ਕਰਨ ਦਾ ਮਾਣ ਮੈਨੂੰ ਦਿੱਤਾ ਹੈ।
ਇਸ ਮੌਕੇ ਨੌਜਵਾਨ ਤੇ ਦੁਬਈ ਵੱਸਦੇ ਉਤਸ਼ਾਹੀ ਕਾਰੋਬਾਰੀ ਕਰਣਵੀਰ ਸਿੰਘ ਨੇ ਕਿਹਾ ਕਿ ਗੁਰਭਜਨ ਗਿੱਲ ਜੀ ਮੇਰੇ ਸਤਿਕਾਰਤ ਪਿਤਾ ਜੀ ਸ. ਗੁਰਿੰਦਰਪਾਲ ਸਿੰਘ ਦੇ ਪੁਰਾਣੇ ਮਿੱਤਰ ਹੋਣ ਕਾਰਨ ਮੇਰੇ ਲਈ ਇਹ ਭਾਵੁਕ ਮੌਕਾ ਹੈ।
ਧੰਨਵਾਦ ਦੇ ਸ਼ਬਦ ਬੋਲਦਿਆਂ ਪ੍ਰੋ. ਗੁਰਭਜਨ ਗਿੱਲ ਨੇ ਕਿਹਾ ਕਿ ਸ. ਬਲਦੇਵ ਸਿੰਘ ਕੰਗ ਸਿਰਫ਼ ਕਾਰੋਬਾਰੀ ਹੀ ਨਹੀਂ ਸਗੋਂ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਬਦੇਸ਼ ਵਿੱਚ ਰਹਿ ਕੇ ਵੀ ਲਗਾਤਾਰ ਕਰਮਸ਼ੀਲ ਹਨ। ਮੇਰੇ ਲਈ ਹੁਣ ਲੰਮੇ ਸਮੇਂ ਤੋਂ ਪੁਸਤਕ ਲੋਕ ਅਰਪਣ ਕੋਈ ਵਿਸ਼ੇਸ਼ ਘਟਨਾ ਨਹੀਂ ਬਣਦਾ ਸਗੋਂ ਜਿਹੜਾ ਕਦਰਦਾਨ ਪਹਿਲਾਂ ਮਿਲ ਗਿਆ ਉਸੇ ਦੇ ਕਰ ਕਮਲਾਂ ਨਾਲ ਹੀ ਸਾਦ ਮੁਰਾਦੇ ਅੰਦਾਜ਼ ਵਿੱਚ ਇਹ ਰਸਮ ਨਿਭਾ ਲਈ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਮੈਂ ਆਪਣੀ ਪੋਤਰੀ ਅਸੀਸ ਕੌਰ ਦੇ 8ਵੇ ਜਨਮ ਦਿਨ ਮੌਕੇ ਇਸ ਦਾ ਪ੍ਰਕਾਸ਼ਨ ਕੀਤਾ ਹੈ ਜਿਸ ਵਿੱਦ 104 ਗ਼ਜ਼ਲਾਂ ਸ਼ਾਮਿਲ ਹਨ। ਇਸ ਕਿਤਾਬ ਦਾ ਕੋਈ ਮੁੱਖ ਬੰਦ ਨਹੀਂ ਹੈ, ਸਿਰਫ਼ ਬਲਵਿੰਦਰ ਸੱਧੂ (ਪਟਿਆਲਾ) ਦਾ ਲਿਖਿਆ ਸ਼ਬਦ-ਚਿੱਤਰ ਹੀ ਹੈ।
ਕਿਤਾਬ ਬਾਰੇ ਪੰਜਾਬੀ ਕਵੀ ਬੂਟਾ ਸਿੰਘ ਚੋਹਾਨ ਦੀ ਟਿੱਪਣੀ ਵਾਚਣ ਯੋਗ ਹੈ।
ਜਦ ਕਦੇ ਪੰਜਾਬੀ ਗ਼ਜ਼ਲ ਵਿਚ ਸਰੋਦ ਪੈਦਾ ਕਰਨ ਵਾਲ਼ੇ ਸ਼ਾਇਰਾਂ ਦੀ ਸਹੀ ਰੂਪ ਵਿੱਚ ਪਰਖ਼ ਪੜਚੋਲ ਹੋਵੇਗੀ ਤਾਂ ਗੁਰਭਜਨ ਗਿੱਲ ਦਾ ਨਾਮ ਪਹਿਲੀ ਕਤਾਰ ਵਿਚ ਆਵੇਗਾ। ਉਸਨੇ ਉਨ੍ਹਾਂ ਵਿਸ਼ਿਆਂ ‘ਤੇ ਵੀ ਚਿਰਜੀਵੀ ਸ਼ਿਅਰ ਕਹੇ ਹਨ ਜਿਹੜੇ ਬਹੁਤੇ ਸ਼ਾਇਰ ਆਪਣੇ ਆਪ ਨੂੰ ਆਪੇ ਉਚੇਰੀ ਹਸਤੀ ਮੰਨ ਕੇ ਨਜ਼ਰ ਅੰਦਾਜ਼ ਕਰ ਦਿੰਦੇ ਹਨ। ਗੁਰਭਜਨ ਗਿੱਲ ਦੇ ਬਹੁਤੇ ਸਮਕਾਲੀ ਗ਼ਜ਼ਲਕਾਰ ਆਪਣੀ ਸੁਚੇਤ ਕੋਸ਼ਿਸ਼ ਨਾਲ ਰੂਪਗਤ ਪਕਿਆਈ ਨੂੰ ਯਕੀਨੀ ਬਣਾਉਣ ਲਈ ਗ਼ਜ਼ਲ ਨੂੰ ਧੁੰਦਲੇ ਰਾਹ ਦਾ ਪਾਂਧੀ ਬਣਾ ਕੇ ਅਸਪਸ਼ਟ ਭਾਵਾਂ ਦਾ ਰੰਗ ਚਾੜ੍ਹਣ ਦੇ ਰਾਹ ਤੁਰੇ ਹੋਏ ਹਨ।
ਗੁਰਭਜਨ ਗਿੱਲ ਨੇ ਇਸ ਦੇ ਉਲਟ ਪੰਜਾਬੀ ਗ਼ਜ਼ਲ ਨੂੰ ਉਸ ਮਾਨਸਿਕਤਾ ਦਾ ਭਾਗੀਦਾਰ ਵੀ ਬਣਾਇਆ ਹੈ ਜਿਸ ਦਾ ਗ਼ਜ਼ਲ ਨਾਲ਼ ਪਹਿਲਾਂ ਕਦੇ ਦੂਰ ਦਾ ਵੀ ਰਿਸ਼ਤਾ ਨਹੀਂ ਸੀ ਗਿਣਿਆ ਜਾਂਦਾ। ਉਸ ਨੇ ਪੰਜਾਬੀ ਗ਼ਜ਼ਲ ਦੀ ਬੁੱਕਲ਼ ਵੱਡੀ ਕੀਤੀ ਹੈ।
ਉਸਨੇ ਕਈ ਥਾਈਂ ਲੋਕ ਸੰਗੀਤਕ ਬਹਿਰਾਂ ਨੂੰ ਵੀ ਆਪਣੀ ਗ਼ਜ਼ਲ ਦਾ ਆਧਾਰ ਬਣਾਇਆ ਹੈ। ਉਹ ਸ਼ੁਭ-ਭਾਵਨਾ ਦੇ ਪੱਧਰ ‘ਤੇ ਆਮ ਜ਼ਿੰਦਗੀ ਵਿੱਚ ਵਿਚਰਦਾ, ਸਮਾਜਿਕ ਊਚ-ਨੀਚ ਵੇਖਦਾ ਤੇ ਜਗਤ ਵਰਤਾਰਿਆਂ ਨੂੰ ਨਿਰਖਦਾ-ਪਰਖਦਾ ਰਹਿੰਦਾ ਹੈ। ਉਸਦਾ ਸਮੁੱਚਾ ਆਦਮ ਕੱਦ ਅਕਸ ਉਸਦੀ ਸ਼ਾਇਰੀ ਵਿੱਚੋਂ ਨਿਹਾਰਿਆ ਜਾ ਸਕਦਾ ਹੈ। ਮੈਂ ਜਦੋਂ ਕਦੇ ਵੀ ਅੰਤਰ ਧਿਆਨ ਹੋ ਕੇ ਉਸਦੀ ਸ਼ਾਇਰੀ ਤੇ ਸ਼ਖ਼ਸੀਅਤ ਨੂੰ ਇਕੱਠਿਆਂ ਵੇਖਦਾ ਹਾਂ ਤਾਂ ਮੈਨੂੰ ਉਹ ਦੋ ਚਿਹਰੇ ਨਹੀਂ ਲੱਗਦੇ ਸਗੋਂ ਇੱਕੋ ਚਮਕਦੀ, ਡਲ਼ਕਦੀ ਤੇ ਦਮਕਦੀ ਸੋਨੇ ਦੀ ਗਿੰਨੀ ਦੇ ਦੋ ਪਾਸੇ ਦਿਸਦੇ ਨੇ ।
ਇਸ ਮੌਕੇ ਸ. ਸੁਖਪ੍ਰੀਤ ਸਿੰਘ, ਸ. ਹਰਪ੍ਰੀਤ ਸਿੰਘ, ਸ. ਹਰਜੀਤ ਸਿੰਘ ਖਾਲਸਾ ਤੇ ਕੁਝ ਹੋਰ ਸੱਜਣ ਹਾਜ਼ਰ ਸਨ।