ਕੋਟਕਪੂਰਾ, 6 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਗੀਤਕਾਰ ਗੁਰਸੇਵਕ ਸਿੰਘ ਸੇਵਕ ਬਰਾੜ ਦੇ 47 ਸਾਲਾਂ ਦੀ ਉਮਰ ਵਿੱਚ ਸੜਕ ਹਾਦਸੇ ਕਾਰਨ ਸਦੀਵੀ ਵਿਛੋੜਾ ਦੇ ਜਾਣ ਕਰਕੇ ਇਲਾਕੇ ਵਿੱਚ ਮਾਤਮ ਅਤੇ ਸੋਗ ਦਾ ਮਾਹੌਲ ਪੈਦਾ ਹੋ ਗਿਆ। ਬੀਤੀ ਦੇਰ ਰਾਤ ਨੇੜਲੇ ਪਿੰਡ ਖਾਰਾ ਵਿਖੇ ਵਾਪਰੇ ਹਾਦਸੇ ਵਿੱਚ ਮਰਨ ਵਾਲੇ ਨੌਜਵਾਨ ਦੀ ਪਛਾਣ ਸੇਵਕ ਬਰਾੜ ਵਾਸੀ ਪਿੰਡ ਖੋਖਰ ਜਿਲਾ ਮੁਕਤਸਰ ਸਾਹਿਬ ਵਜੋਂ ਕੀਤੀ ਗਈ ਅਤੇ ਸਥਾਨਕ ਸਦਰ ਥਾਣੇ ਦੀ ਪੁਲਿਸ ਨੇ ਮਿ੍ਰਤਕ ਦੀ ਲਾਸ਼ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਭੇਜ ਕੇ ਮਿ੍ਰਤਕ ਦੇ ਪਰਿਵਾਰਕ ਮੈਂਬਰਾਂ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੇਵਕ ਬਰਾੜ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਬੀਤੀ ਰਾਤ ਪਿੰਡ ਵਾਪਸ ਪਰਤ ਰਿਹਾ ਸੀ ਅਤੇ ਜਦ ਉਹ ਪਿੰਡ ਖਾਰਾ ਨੇੜੇ ਬਰਾੜ ਢਾਬੇ ਕੋਲ ਪੁੱਜਾ ਤਾਂ ਟਰੱਕ ਨਾਲ ਟੱਕਰ ਹੋਣ ਕਰਕੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਬੰਧੀ ਪਿੰਡ ਖੋਖਰ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੋਟਕਪੂਰਾ ਤੋਂ ਪਿੰਡ ਵਾਪਸ ਪਰਤਦੇ ਸਮੇਂ ਇਹ ਹਾਦਸਾ ਵਾਪਰਿਆ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਕਰਦੇ ਹੋਏ ਮੁਲਜਮ ਟਰੱਕ ਚਾਲਕ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਤਫਤੀਸ਼ੀ ਅਫਸਰ ਏ.ਐੱਸ.ਆਈ. ਗੁਰਮੀਤ ਸਿੰਘ ਮੁਤਾਬਿਕ ਮਿ੍ਰਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ, ਉਂਝ ਉਹਨਾਂ ਆਖਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਸਲੀਅਤ ਸਾਹਮਣੇ ਆ ਜਾਵੇਗੀ।