
ਜਲੰਧਰ 2 ਅਪ੍ਰੈਲ (ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਗਾਇਕੀ ਦੇ ਅਨਮੋਲ ਖਜ਼ਾਨੇ ਦੇ ਵਿੱਚ ਇੱਕ ਨਹੀਂ ਅਨੇਕਾਂ ਕਲਾਕਾਰ ਸਮੇਂ ਸਮੇਂ ਉੱਤੇ ਆਪਣੇ ਰੰਗ ਦਿਖਾਉਂਦੇ ਹਨ ਜੋ ਕਦੇ ਵੀ ਨਹੀਂ ਭੁਲਾਏ ਜਾ ਸਕਦੇ। ਗਾਇਕੀ ਦੀਆਂ ਅਨੇਕਾਂ ਅਲੱਗ ਅਲੱਗ ਵੰਨਗੀਆਂ ਦੇ ਵਿੱਚ ਗੀਤਕਾਰ ਤੇ ਗਾਇਕ ਅਨੇਕਾਂ ਤਰ੍ਹਾਂ ਦੀ ਗਾਇਕੀ ਪੇਸ਼ ਕਰਦੇ ਹਨ। ਦੂਰਦਰਸ਼ਨ ਕੇਂਦਰ ਜਲੰਧਰ ਤੋਂ ਪੰਜਾਬੀ ਗਾਇਕੀ ਦੇ ਵਿੱਚ ਬਹੁਤ ਕੁਝ ਨਵੇਂ ਰੂਪ ਵਿੱਚ ਸਾਹਮਣੇ ਆਇਆ ਤੇ ਨਵੇਂ ਨਵੇਂ ਤਜਰਬੇ ਹੋਏ ਅਨੇਕਾਂ ਪ੍ਰੋਗਰਾਮ ਪੰਜਾਬੀ ਗਾਇਕੀ ਦੇ ਨਾਲ ਸੰਬੰਧਿਤ ਚੱਲੇ ਅਨੇਕਾਂ ਗਾਇਕ ਕਲਾਕਾਰ ਦੂਰਦਰਸ਼ਨ ਦੇ ਵਿਹੜੇ ਵਿੱਚੋਂ ਕਾਮਯਾਬ ਹੋ ਕੇ ਨਿਕਲੇ। ਜਦੋਂ ਗਾਇਕੀ ਦੇ ਵਿੱਚ ਬਾਲ ਗਾਇਕੀ ਬਾਲ ਲੇਖਣੀ ਦੀ ਗੱਲ ਆਉਂਦੀ ਹੈ ਤਾਂ ਇਹ ਚੰਦ ਗਾਇਕ ਕਲਾਕਾਰਾਂ ਦੇ ਹਿੱਸੇ ਆਇਆ ਹੈ। ਮੈਂ ਅੱਜ ਗੱਲ ਕਰਨ ਜਾ ਰਿਹਾ ਹਾਂ ਨਿਵੇਕਲੇ ਤੇ ਆਪਣੀ ਆਪ ਵਿੱਚ ਬਹੁਤ ਸੋਹਣੀ ਗਾਇਕੀ ਪੇਸ਼ ਕਰਕੇ ਬਾਲ ਮਨਾਂ ਉੱਤੇ ਗਹਿਰੀ ਛਾਪ ਛੱਡਣ ਵਾਲੇ ਕਮਲਜੀਤ ਨੀਲੋਂ ਦੀ, ਜਿਲਾ ਲੁਧਿਆਣਾ ਚੰਡੀਗੜ੍ਹ ਦੇ ਉੱਪਰ ਸਥਿਤ ਪਿੰਡ ਨੀਲੋਂ ਕਲਾਂ ਦੇ ਜੰਮਪਲ,ਕਮਲਜੀਤ ਨੀਲੋਂ ਸਰਹੰਦ ਨਹਿਰ ਦੇ ਕੰਢੇ ਵੱਸਦੇ ਨੀਲੋਂ ਜਿਹੇ ਸ਼ਾਂਤ ਪਿੰਡ ਵਿੱਚ ਜੰਮਿਆਂ ਪਲਿਆ ਖੇਡਿਆ ਤੇ ਨਹਿਰ ਦੇ ਪਾਣੀਆਂ ਦੇ ਨਾਲ ਅਠਖੇਲੀਆਂ ਕਰਦਾ ਅੱਗੇ ਵਧਿਆ। ਜੇਕਰ ਕਮਲਜੀਤ ਦੀ ਗੱਲ ਕਰਨੀ ਹੈ ਤਾਂ ਫਿਰ ਸਾਡੇ ਇਲਾਕੇ ਦੇ ਹੀ ਨਹੀਂ ਪੰਜਾਬੀ ਸਾਹਿਤ ਜਗਤ ਤੇ ਸਤਿਕਾਰਯੋਗ ਸਵ ਕੁਲਵੰਤ ਨੀਲੋ ਦਾ ਨਾਮ ਪਹਿਲਾਂ ਆਉਗਾ। ਕੁਲਵੰਤ ਨੀਲੋਂ ਜੀ ਕਮਲਜੀਤ ਨੀਲੋਂ ਦੇ ਪਿਤਾ ਹਨ ਜੋ ਕਿ ਉੱਚ ਕੋਟੀ ਦੇ ਸ਼ਾਇਰ ਰਹੇ ਹਨ ਪੰਜਾਬੀ ਮਾਂ ਬੋਲੀ ਦੇ ਪ੍ਰਚਾਰਕ ਰਹੇ ਹਨ ਸਮੁੱਚਾ ਮਿਲੋ ਪਰਿਵਾਰ ਹੀ ਸਹਾਇਤ ਦੇ ਨਾਲ ਸਬੰਧ ਰੱਖਦਾ ਹੈ। ਪੰਜਾਬੀ ਸਹਿਤ ਸਭਾ ਰਾਮਪੁਰ, ਸਾਹਿਤ ਕੇਂਦਰ ਨੀਲੋ, ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਵਿੱਚ ਅੱਜ ਤੋਂ ਕੋਈ ਪੰਜ ਛੇ ਦਹਾਕੇ ਪਹਿਲਾਂ ਜਦੋਂ ਲੇਖਕਾਂ ਦੇ ਜੁੜਨ ਦਾ ਸਬੱਬ ਬਣਦਾ ਤਾਂ ਇਸ ਦੇ ਵਿੱਚ ਕੁਲਵੰਤ ਨੀਲੋ ਜੀ ਦਾ ਨਾਮ ਵਿਸ਼ੇਸ਼ ਤੌਰ ਉੱਤੇ ਜੁੜਦਾ। ਗੱਲ ਕੀ ਘਰ ਵਿੱਚ ਸਹਿਤਕ ਮਾਹੌਲ ਹੋਣ ਸਦਕਾ ਕਮਲਜੀਤ ਨੀਲੋਂ ਉੱਪਰ ਕਲਾ ਦਾ ਅੰਗ ਚੜ੍ਹਿਆ ਤੇ ਕਮਲਜੀਤ ਨੀਲੋਂ ਨੇ ਨਵੇਕਲਾ ਅਲੱਗ ਉੱਦਮ ਕਰਦਿਆਂ ਬਾਲ ਗਾਇਕੀ ਨੂੰ ਤਰਜੀਹ ਦਿੱਤੀ ਤੇ ਅਨੇਕਾਂ ਬਾਲ ਗੀਤ ਰਚੇ ਗਾਏ ਖੁਦ ਹੀ ਸੰਗੀਤ ਕੀਤੇ। ਨਿੰਮੀ ਨਿੰਮੀ ਮਿੱਠੀ ਮਿੱਠੀ ਸ਼ਾਂਤ ਜਿਹੀ ਆਵਾਜ਼ ਵਿੱਚ ਕਮਲਜੀਤ ਨੀਲੋਂ ਦਾ ਗੀਤ ਸੌ ਜਾ ਬੱਬੂਆ ਮਾਣੋ ਬਿੱਲੀ ਆਈਆ.. ਕਿਸ ਨੂੰ ਚੇਤੇ ਨਹੀ। ਜਲੰਧਰ ਦੂਰਦਰਸ਼ਨ ਦੇ ਵਿਹੜੇ ਵਿੱਚੋਂ ਇਸ ਗੀਤ ਰਾਹੀਂ ਕਮਲਜੀਤ ਨੀਲੋਂ ਨੇ ਬਾਲ ਗਾਇਕੀ ਵਿੱਚ ਉਡਾਰੀਆਂ ਮਾਰੀਆਂ ਤੇ ਬਾਲ ਲੇਖਕਾਂ ਦਾ ਕਾਫ਼ਲਾ ਦੁਨੀਆਂ ਵਿੱਚ ਲੈ ਕੇ ਘੁੰਮਿਆ ਤੇ ਜਿੱਥੇ ਜਿੱਥੇ ਵੀ ਪੰਜਾਬੀ ਵਸੇ ਉਹਨਾਂ ਨੇ ਕਮਲਜੀਤ ਨੀਲੋਂ ਕੋਲੋਂ ਹਰ ਸਮੇਂ ਸੌ ਜਾ ਬੱਬੂਆ ਦੀ ਹੀ ਮੰਗ ਕੀਤੀ ਤੇ ਬੱਚੇ ਖੁਸ਼ ਹੋਊਏ। ਕਮਲਜੀਤ ਨੀਲੋਂ ਬਹੁਤ ਹੀ ਸਹਿਜ ਸਾਂਤ ਸੁਭਾਅ ਵਾਲਾ ਮਿਲਣਸਾਰ ਇਨਸਾਨ ਹੈ ਤੇ ਮੇਰਾ ਗਵਾਂਢੀ ਵੀ ਹੈ ਸਾਡੇ ਵਿੱਚ ਸਰਹੰਦ ਨਹਿਰ ਹੈ ਉਧਰ ਨੀਲੋਂ ਤੇ ਇਧਰ ਮੇਰਾ ਪਿੰਡ ਤੱਖਰਾਂ। ਪੰਜਾਬੀ ਸਾਹਿਤਕਾਰ ਤੇ ਚਿੰਤਕ ਬੁੱਧ ਸਿੰਘ ਨੀਲੋ ਦੇ ਸਦਕਾ, ਸਾਹਿਤ ਸਭਾਵਾਂ ਦੇ ਵਿੱਚ ਉਹਨਾਂ ਦੇ ਨਾਲ ਮੇਲ ਜੋਲ ਵਧਿਆ ਤੇ ਸਦਾ ਹੀ ਖਿੜੇ ਮੱਥੇ ਪਿਆਰ ਨਾਲ ਸਭ ਨੂੰ ਮਿਲਦਾ। ਅਜਿਹੀਆਂ ਪ੍ਰਾਪਤੀਆਂ ਨੂੰ ਦੇਖਦਿਆਂ ਹੋਇਆਂ ਪੰਜਾਬੀ ਫਿਲਮ ਅਤੇ ਟੀ ਵੀ ਐਕਟਰ ਐਸੋਸੀਏਸ਼ਨ ਰਜਿ ਜਿਸ ਦੇ ਵਿੱਚ ਪ੍ਰਮੁੱਖ ਤੌਰ ਉੱਤੇ ਕਰਮਜੀਤ ਅਨਮੋਲ ਗੁਰਪ੍ਰੀਤ ਘੁੱਗੀ ਗੁਗੂ ਗਿੱਲ ਤੇ ਹੋਰ ਪੰਜਾਬੀ ਫਿਲਮੀ ਕਲਾਕਾਰ ਇਸ ਸੰਸਥਾ ਨੂੰ ਚਲਾ ਰਹੇ ਹਨ। ਬੀਤੇ ਦਿਨੀ ਪੰਜਾਬੀ ਸਿਨੇਮਾ ਦਿਵਸ ਦੇ ਉੱਪਰ ਕਮਲਜੀਤ ਨੀਲੋਂ ਨੂੰ ਇਸ ਸੰਸਥਾ ਵੱਲੋਂ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਆ ਗਿਆ। ਕਮਲਜੀਤ ਨੀਲੋਂ ਨੂੰ ਇਹੋ ਜਿਹੇ ਸਨਮਾਨ ਤਾਂ ਬਹੁਤ ਸਮਾਂ ਪਹਿਲਾਂ ਮਿਲ ਜਾਣੇ ਚਾਹੀਦੇ ਸਨ ਪਰ ਹੁਣ ਵੀ ਦਰੁਸਤ ਹੀ ਹੈ। ਇਸ ਮਾਣਮੱਤੀ ਸੰਸਥਾ ਵੱਲੋਂ ਕਮਲਜੀਤ ਨੀਲੋਂ ਨੂੰ ਸਿਨੇਮਾ ਦਿਵਸ ਉੱਪਰ ਸਨਮਾਨ ਦੇਣ ਉੱਤੇ ਉਸ ਦੇ ਸਨੇਹੀਆਂ ਮਿੱਤਰਾਂ ਪਰਿਵਾਰਿਕ ਮੈਂਬਰਾਂ ਤੇ ਚਾਹੁਣ ਵਾਲੇ ਸੱਜਣਾਂ ਨੇ ਕਮਲਜੀਤ ਨੀਲੋਂ ਨੂੰ ਵਧਾਈਆਂ ਦਿੱਤੀਆਂ।