ਪੰਜਾਬੀ ਭਾਸ਼ਾ ਪ੍ਸਾਰ ਭਾਈਚਾਰੇ ਦੀ ਕਨੂੰਨੀ ਟੀਮ ਵਿੱਚ ਹੋਏ ਸ਼ਾਮਿਲ
ਬਠਿੰਡਾ,9 ਜਨਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਅੱਜ ਦੀ ਇਸ ਸਦੀ ਵਿੱਚ ਜਦੋਂ ਹਰ ਇੱਕ ਬੱਚਾ, ਜਵਾਨ ਅਤੇ ਕੀ ਬੁੱਢਾ ਸਾਰੇ ਹੀ ਅੰਗਰੇਜ਼ੀ ਭਾਸ਼ਾ ਵੱਲ ਜਿਆਦਾ ਤੋਂ ਜਿਆਦਾ ਆਕਰਸ਼ਿਤ ਹੋ ਰਹੇ ਹਨ। ਭਾਵੇਂ ਕਿ ਇਹ ਅੱਜ ਦੇ ਸਮੇਂ ਦੀ ਲੋੜ ਹੈ ਪਰ ਕਿਸੇ ਦੂਜੀ ਭਾਸ਼ਾ ਨੂੰ ਅਪਣਾਉਂਦੇ ਹੋਏ ਜੇਕਰ ਅਸੀਂ ਆਪਣੀ ਬੋਲੀ ਅਤੇ ਆਪਣੇ ਵਿਰਸੇ ਤੋਂ ਹੀ ਮੁਨਕਰ ਹੁੰਦੇ ਹਾਂ ਤਾਂ ਇਹ ਆਪਣੇ ਆਪ ਵਿੱਚ ਇੱਕ ਬੜੀ ਨਮੋਸ਼ੀ ਵਾਲੀ ਗੱਲ ਹੈ। ਪਰ ਆਪਣੀ ਬੋਲੀ ਅਤੇ ਆਪਣੀ ਮਾਤਰ ਭਾਸ਼ਾ ਪੰਜਾਬੀ ਨੂੰ ਲੈ ਕੇ ਅੱਜ ਵੀ ਕੁੱਝ ਸੂਝਵਾਨ ਲੋਕ ਸੰਜੀਦਾ ਹਨ। ਇਹਨਾਂ ਵਿੱਚੋਂ ਹੀ ਇੱਕ ਨਾਮ ਹੈ ਪ੍ਰਸਿੱਧ ਵਕੀਲ ਕਮਲਜੀਤ ਸਿੰਘ ਕੁਟੀ ਦਾ, ਜਿਹੜੇ ਪੰਜਾਬੀ ਭਾਸ਼ਾ ਦੇ ਪਸਾਰ ਲਈ ਬਣੀ ਹੋਈ ਪੰਜਾਬੀ ਭਾਸ਼ਾ ਪ੍ਸਾਰ ਭਾਈਚਾਰੇ ਦੀ ਟੀਮ ਵਿੱਚ ਕਾਨੂੰਨੀ ਸਲਾਹਕਾਰ ਦੇ ਤੌਰ ਤੇ ਸ਼ਾਮਿਲ ਹੋਏ ਹਨ।
ਦੱਸਣਾ ਬਣਦਾ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ 31 ਮਾਰਚ 2023 ਨੂੰ ਇੱਕ ਹੁਕਮ ਜਾਰੀ ਕਰਕੇ ਪੰਜਾਬ ਵਿੱਚ ਸਾਰੇ ਹੀ ਨਿੱਜੀ ਅਦਾਰਿਆਂ ਨੂੰ ਹਦਾਇਤ ਕੀਤੀ ਸੀ ਕਿ ਉਹ ਆਪਣੇ ਅਦਾਰਿਆਂ ਦੇ ਨਾਮ ਬੋਰਡਾਂ ਉੱਪਰ ਪੰਜਾਬੀ ਭਾਸ਼ਾ ਵਿੱਚ ਅੰਕਿਤ ਕਰਨ ਜਿਹੜੇ ਕਿ ਅਦਾਰੇ ਦੇ ਸਭ ਤੋਂ ਉੱਪਰ ਦੀ ਕਤਾਰ ਵਿੱਚ ਹੋਣੇ ਚਾਹੀਦੇ ਹਨ। ਇਸ ਹੁਕਮ ਦੀ ਉਲੰਘਣ ਕਰਨ ਵਾਲੇ ਅਦਾਰਿਆਂ ਨੂੰ ਜ਼ੁਰਮਾਨੇ ਤੱਕ ਕਰਨ ਦੇ ਵੀ ਹੁਕਮ ਜਾਰੀ ਕੀਤੇ ਗਏ ਸਨ । ਪਰ ਪੰਜਾਬ ਸਰਕਾਰ ਦਾ ਪੰਜਾਬੀ ਭਾਸ਼ਾ ਨਾਲ ਇਹ ਮੋਹ ਸਿਰਫ ਕਾਗਜੀ ਹੁਕਮਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ। ਕਿਉਂਕਿ ਪੰਜਾਬ ਸਰਕਾਰ ਨੇ ਆਪਣੇ ਇਸ ਹੁਕਮ ਦੀ ਤਾਮੀਲ ਕਰਵਾਉਣ ਲਈ ਜਮੀਨੀ ਪੱਧਰ ਤੇ ਕੋਈ ਉਪਰਾਲੇ ਨਹੀਂ ਕੀਤੇ।
ਭਾਵੇਂ ਪੰਜਾਬ ਸਰਕਾਰ ਦੇ ਇਸ ਹੁਕਮ ਨੂੰ ਲਾਗੂ ਕਰਨ ਦੀ ਜਿੰਮੇਵਾਰੀ ਪੰਜਾਬ ਦੇ ਕਿਰਤ ਵਿਭਾਗ ਨੂੰ ਸੌਂਪੀ ਗਈ ਸੀ ਪਰ ਇਸ ਵਿਭਾਗ ਵੱਲੋਂ ਇਸ ਪਾਸੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਗਿਆ ਪਰ ਪੰਜਾਬੀ ਭਾਸ਼ਾ ਨਾਲ ਲਗਾਅ ਰੱਖਣ ਵਾਲੇ ਕੁਝ ਲੋਕਾਂ ਨੇ ਇਸ ਨੂੰ ਲਾਗੂ ਕਰਵਾਉਣ ਲਈ ਆਪਣੇ ਤੌਰ ਤੇ ਉਪਰਾਲੇ ਸ਼ੁਰੂ ਕੀਤੇ ਹੋਏ ਹਨ। ਇਸੇ ਹੀ ਟੀਮ ਦੇ ਵਿੱਚ ਬਠਿੰਡਾ ਦੇ ਉੱਘੇ ਵਕੀਲ ਕਮਲਜੀਤ ਸਿੰਘ ਕੁਟੀ ਨੇ ਬਤੌਰ ਕਨੂੰਨੀ ਸਲਾਹਕਾਰ ਸੇਵਾਵਾਂ ਦੇਣ ਦਾ ਫੈਸਲਾ ਕੀਤਾ ਹੈ। ਇਸ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਆਉਂਦੇ ਕੁੱਝ ਹੀ ਦਿਨਾਂ ਵਿੱਚ ਉਹ ਇਸ ਮਾਮਲੇ ਸਬੰਧੀ ਕੰਮ ਸ਼ੁਰੂ ਕਰ ਦੇਣਗੇ।

