ਪੀਲੀਬੰਗਾ, 29 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਪੀਲੀਬੰਗਾ ਵਿੱਚ ਪਹਿਲੀ ਵਾਰ ਕੌਮੀ ਪੱਧਰ ਦਾ ਅਕਾਦਮਿਕ ਸੈਮੀਨਾਰ ਕਰਵਾਇਆ ਗਿਆ। ਗੁਰਮੁਖੀ ਲਿਖਣ-ਪ੍ਰਬੰਧ ਵਿਸ਼ੇ ’ਤੇ ਕਰਵਾਏ ਸੈਮੀਨਾਰ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ: ਗੁਰਮੇਲ ਸਿੰਘ ਮੁੱਖ ਬੁਲਾਰੇ ਸਨ। ਉਨ੍ਹਾਂ ਪੰਜਾਬੀ ਲੇਖਣ-ਪ੍ਰਬੰਧ ਵਿਸ਼ੇ ‘ਤੇ ਆਪਣਾ ਭਾਸ਼ਣ ਦਿੱਤਾ ਅਤੇ ਗੁਰਮੁਖੀ ਸੰਰਚਨਾ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਖਿੱਤੇ ਵਿੱਚ ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਲਈ ਚੱਲ ਰਹੇ ‘ਪੈੜਾਂ’ ਮੈਗਜ਼ੀਨ ਦੀ ਸ਼ਲਾਘਾ ਕੀਤੀ। ਰਾਜਿੰਦਰ ਸਿੰਘ ਸਹੂ ਦੁਆਰਾ ਸੰਪਾਦਿਤ ਅਕਤੂਬਰ ਦਾ ਰਾਜਸਥਾਨ ਹਰਿਆਣਾ ਵਿਸ਼ੇਸ਼ ਅੰਕ ਇਸ ਮੌਕੇ ‘ਤੇ ਜਾਰੀ ਕੀਤਾ ਗਿਆ।
ਪ੍ਰੋਗਰਾਮ ਵਿੱਚ ਨਗਰ ਪਾਲਿਕਾ ਪ੍ਰਧਾਨ ਹਰਵਿੰਦਰ ਸਿੰਘ, ਸੀ.ਬੀ.ਈ.ਈ.ਓ. ਰਜਨੀਸ਼ ਗੋਦਾਰਾ, ਬੀਕਾਨੇਰ ਯੂਨੀਵਰਸਿਟੀ ਦੇ ਕਨਵੀਨਰ ਡਾ: ਸੰਦੀਪ ਸਿੰਘ ਮੁੰਡੇ, ਸਰਦੂਲ ਸਿੰਘ ਅਧਿਆਪਕ ਕਰਨਪੁਰ, ਸ਼ਿਵਰਜੀਤ ਸਿੰਘ,ਗੁਰਪ੍ਰੀਤ ਕੋਰ ਗ੍ਰਾਮ ਸਾਥੀਨ, ਚਰਨਪ੍ਰੀਤ ਬਰਾੜ ਆਦਿ ਹਾਜ਼ਰ ਸਨ।
ਪੰਜਾਬੀ ਭਾਸ਼ਾ ਵਿਕਾਸ ਕਮੇਟੀ ਦੇ ਜਨਰਲ ਸਕੱਤਰ ਅਤੇ ਪ੍ਰੋਗਰਾਮ ਸੰਚਾਲਕ ਡਾ: ਕੁਲਦੀਪ ਸਿੰਘ ਨੇ ਅਖਰਕਾਰੀ ਪੁਸਤਕ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ |
ਨਗਰ ਪਾਲਿਕਾ ਪ੍ਰਧਾਨ ਡਾ: ਹਰਜਿੰਦਰ ਸਿੰਘ ਨੇ ਪੰਜਾਬੀ ਵਿਸ਼ੇ ਦੇ ਅਧਿਆਪਕਾਂ ਦੀ ਨਿਯੁਕਤੀ ਨੂੰ ਜ਼ਰੂਰੀ ਦੱਸਿਆ। ਸਰਦੂਲ ਸਿੰਘ ਨੇ ਬੱਚਿਆਂ ਨੂੰ ਉਨ੍ਹਾਂ ਦੀ ਮਾਤ ਭਾਸ਼ਾ ਵਿੱਚ ਸਿੱਖਿਆ ਦੇਣ ਦੀ ਮਹੱਤਤਾ ਬਾਰੇ ਵਿਚਾਰ ਪ੍ਰਗਟ ਕਰਦਿਆਂ ਪ੍ਰਾਇਮਰੀ ਸਿੱਖਿਆ ਉਨ੍ਹਾਂ ਦੀ ਮਾਤ ਭਾਸ਼ਾ ਵਿੱਚ ਹੀ ਦੇਣ ’ਤੇ ਜ਼ੋਰ ਦਿੱਤਾ। ਪ੍ਰੋਗਰਾਮ ਵਿੱਚ ਨੈਸ਼ਨਲ ਐਜੂਕੇਸ਼ਨ ਐਵਾਰਡ ਨਾਲ ਸਨਮਾਨਿਤ ਪੰਜਾਬੀ ਅਧਿਆਪਕ ਅਨੋਖ ਸਿੰਘ ਨੇ ਪੰਜਾਬੀ ਵਿਸ਼ੇ ਦੇ ਅਧਿਆਪਕਾਂ ਦੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ। ਹਰਵਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ। ਪੰਜਾਬੀ ਕਵੀ ਬਲਵਿੰਦਰ ਸਿੰਘ ਚਾਹਲ ਨੇ ਕਵਿਤਾ ਮਿੱਠੀ ਮਿਸ਼ਰੀ ਵਾਂਗ ਪੰਜਾਬੀ ਰਾਹੀਂ ਸਰੋਤਿਆਂ ਨੂੰਨਿਹਾਲ ਕੀਤਾ। ਜਗਮੀਤ ਸਿੰਘ ਨੇ ਪ੍ਰੋਗਰਾਮ ਦੇ ਪ੍ਰਬੰਧਾਂ ਨੂੰ ਸੰਭਾਲਿਆ। ਪ੍ਰੋਗਰਾਮ ਵਿੱਚ ਇਲਾਕੇ ਦੇ ਸਮੂਹ ਪੰਜਾਬੀ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਅੰਤ ਵਿੱਚ ਅੱਖਰਕਾਰੀ ਪੁਸਤਕਾਂ ਮੁਫ਼ਤ ਵੰਡੀਆਂ ਗਈਆਂ। ਇਸ ਸੈਮੀਨਾਰ ਵਿੱਚ ਪੰਜਾਬੀ ਭਾਸ਼ਾ ਦੀਆਂ ਵਿਦਿਆਰਥਿਆਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਅਮਨਦੀਪ ਕੌਰ, ਡੋਲੀ ਅਤੇ ਜੋਵਨਵੀਰ ਨੇ ਪੰਜਾਬੀ ਭਾਸ਼ਾ ਦੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ।