ਕੇਂਦਰ ਅਤੇ ਸੂਬਾ ਸਰਕਾਰਾਂ ਲਗਾਤਾਰ ਸਿੱਖਿਆ ਨੂੰ ਨਿੱਜੀਕਰਨ ਵੱਲ ਧੱਕ ਰਹੀਆਂ ਹਨ : ਹਰਵੀਰ ਕੌਰ
ਕਾਲਜ ਦੇ ਪ੍ਰਿੰਸੀਪਲ ਰਾਹੀਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਭੇਜਿਆ ਮੰਗ ਪੱਤਰ
ਫੀਸਾਂ ਵਿੱਚ ਕੀਤੇ ਗਏ ਵਾਧੇ ਦੇ ਫੈਸਲੇ ਨੂੰ ਵਾਪਸ ਨਾ ਲਿਆ ਤਾਂ ਕਰਾਂਗੇ ਸੰਘਰਸ਼ : ਜਲੰਧਰ ਸੰਧਵਾਂ
ਕੋਟਕਪੂਰਾ, 23 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਫੀਸਾਂ ਵਿੱਚ ਕੀਤੇ ਵਾਧੇ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ।
ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਹਰਵੀਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਹਰ ਵਿਦਿਆਰਥੀ ਨੂੰ ਸਿੱਖਿਆ ਮੁਹੱਈਆ ਕਰਵਾਉਣਾ ਸਰਕਾਰ ਦੀ ਜਿੰਮੇਵਾਰੀ ਹੁੰਦੀ ਹੈ ਪਰ ਸਰਕਾਰ ਲਗਾਤਾਰ ਆਪਣੀ ਇਸ ਜਿੰਮੇਵਾਰੀ ਤੋਂ ਭੱਜ ਰਹੀ ਹੈ ਅਤੇ ਵਿਦਿਆਰਥੀਆਂ ਤੋਂ ਸਿੱਖਿਆ ਦਾ ਅਧਿਕਾਰ ਖੋਹਣ ਲਈ ਲਗਾਤਾਰ ਵਿਦਿਆਰਥੀ ਵਿਰੋਧੀ ਨੀਤੀਆਂ ਲੈ ਕੇ ਆ ਰਹੀ ਹੈ। ਉਹਨਾਂ ਕਿਹਾ ਕਿ ਭਾਰਤ ਵਰਗੇ ਗ਼ਰੀਬ ਮੁਲਕ ਵਿੱਚ ਜਿੱਥੇ ਲੋਕਾਂ ਨੂੰ ਮੁਫ਼ਤ ਜਾਂ ਸਸਤੀ ਸਿੱਖਿਆ ਦੇਣ ਦੀ ਲੋੜ ਸੀ, ਉਸਦੇ ਉਲਟ ਕੇਂਦਰ ਅਤੇ ਸੂਬਾ ਸਰਕਾਰਾਂ ਲਗਾਤਾਰ ਸਿੱਖਿਆ ਨੂੰ ਨਿੱਜੀਕਰਨ ਵੱਲ ਧੱਕ ਰਹੀਆਂ ਹਨ ਅਤੇ ਸਰਕਾਰੀ ਸਿੱਖਿਆ ਢਾਂਚੇ ਨੂੰ ਤਬਾਹ ਕਰਨ ਲਈ ਸਰਕਾਰੀ ਸਿੱਖਿਆ ਪ੍ਰਬੰਧ ਨੂੰ ਗੁੰਝਲਦਾਰ ਬਣਾਉਣ ਦੇ ਨਾਲ ਫੀਸਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਉਹਨਾਂ ਬੋਲਦਿਆਂ ਕਿਹਾ ਕਿ ਇਸੇ ਮਕਸਦ ਵਿੱਚੋਂ ਪੰਜਾਬ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਫੀਸਾਂ ਵਿੱਚ ਵਾਧਾ ਕੀਤਾ ਗਿਆ ਹੈ, ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਿਦਿਆਰਥੀ ਵਿਰੋਧੀ ਫੈਸਲਾ ਹੈ।
ਜਿੱਥੇ ਯੂਨੀਵਰਸਿਟੀ ਪ੍ਰਸ਼ਾਸਨ ਦਾ ਕੰਮ ਵਿਦਿਆਰਥੀਆਂ ਨੂੰ ਸੌਖਾਲੀ ਸਿੱਖਿਆ ਮੁਹੱਈਆ ਕਰਵਾਉਣਾ ਸੀ, ਇਸ ਦੇ ਉਲਟ ਹੁਣ ਪ੍ਰਸ਼ਾਸਨ ਵਿਦਿਆਰਥੀਆਂ ਦੇ ਮਸਲੇ ਹੱਲ ਕਰਨ ਦੀ ਬਜਾਏ ਵਿਦਿਆਰਥੀਆਂ ਦੀ ਲੁੱਟ ਵੱਲ ਵਧਦਾ ਨਜ਼ਰ ਆ ਰਿਹਾ ਹੈ, ਜਿਸ ਦੀ ਤਾਜ਼ਾ ਉਦਾਹਰਣ ਲੰਘੀ 24 ਜੁਲਾਈ ਨੂੰ ਸਿੰਡੀਕੇਟ ਵੱਲੋਂ ਯੂਨੀਵਰਸਿਟੀ ਪ੍ਰੀਖਿਆ ਫੀਸਾਂ ਵਿੱਚ 7ਫੀਸਦੀ ਵਾਧੇ ਦੀ ਸਿਫਾਰਸ਼ ਉੱਪਰ ਮੋਹਰ ਲਾ ਦਿੱਤੀ ਗਈ ਹੈ। ਹੋਰ ਵੱਖ-ਵੱਖ ਫੀਸਾਂ ਵਿੱਚ ਵੀ 7 ਤੋਂ 100 ਪ੍ਰਤੀਸ਼ਤ ਤੱਕ ਵਾਧਾ ਕੀਤਾ ਗਿਆ ਹੈ, ਜਿਸ ਨਾਲ ਯੂਨੀਵਰਸਿਟੀ ਅਤੇ ਇਸਦੇ ਕਾਲਜਾਂ ਵਿੱਚ ਪੜਦੇ ਗਰੀਬ/ਨਿਮਨ ਕਿਸਾਨੀ ਦੇ ਪਰਿਵਾਰਾਂ ਉਪਰ ਆਰਥਿਕ ਬੋਝ ਪੈਣਾ ਲਾਜ਼ਮੀ ਹੈ, ਜਦੋਂਕਿ ਇਹ ਲੋਕ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਜਲੰਧਰ ਸੰਧਵਾਂ ਅਤੇ ਅਰਸ਼ਦੀਪ ਸਿੰਘ ਨੇ ਨਵੀਂ ਸਿੱਖਿਆ ਨੀਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਫੀਸਾਂ ਦਾ ਵਾਧਾ ਇਸ ਨੀਤੀ ਨਾਲ ਜੁੜਿਆ ਹੋਇਆ ਹੈ, ਕਿਉਂਕਿ ਕੇਂਦਰ ਸਰਕਾਰ ਦੀ ਏਹ ਨੀਤੀ ਸਿੱਖਿਆ ਨੂੰ ਨਿੱਜੀ ਅਦਾਰਿਆਂ ਨੂੰ ਵੇਚਣ ਲਈ ਲਿਆਂਦੀ ਗਈ ਹੈ। ਉਹਨਾਂ ਅੱਗੇ ਕਿਹਾ ਕਿ ਯੂਨੀਵਰਸਿਟੀ ਨਾਲ ਜੁੜੇ ਕਾਲਜਾਂ ਦੇ ਵਿਦਿਆਰਥੀ ਜਿਹੜੇ ਹੁਣ ਦੂਜੇ ਸਾਲ ਵਿੱਚ ਦਾਖਲਾ ਲੈ ਰਹੇ ਹਨ, ਉਹਨਾਂ ਨੂੰ ਦੁਬਾਰਾ ਤੋਂ ਰਜਿਸਟ੍ਰੇਸ਼ਨ ਕਰਵਾਉਣ ਨਾਲ ਵਾਧੂ ਫੀਸਾਂ ਭਰਨ ਲਈ ਵੀ ਕਿਹਾ ਜਾ ਰਿਹਾ ਹੈ। ਜਿਸ ਕਰਕੇ ਵਿਦਿਆਰਥੀ ਖੱਜਲ ਹੋ ਰਹੇ ਹਨ।
ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂਆਂ ਨੇ ਸਰਕਾਰੀ ਬ੍ਰਿਜਿੰਦਰਾ ਕਾਲਜ ਦੇ ਪ੍ਰਿੰਸੀਪਲ ਰਾਹੀਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਮੰਗ ਪੱਤਰ ਭੇਜਿਆ ਅਤੇ ਮੰਗ ਕੀਤੀ ਕਿ ਫੀਸਾਂ ਵਿੱਚ ਕੀਤੇ ਗਏ ਵਾਧੇ ਦੇ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ ਨਹੀਂ ਤਾਂ ਵਿਦਿਆਰਥੀਆਂ ਨੂੰ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪਵੇਗਾ।