ਸਿਆਟਲ 20 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਮਾਂ ਬੋਲੀ ਪੰਜਾਬੀ ਦੇ ਸਰਵਪੱਖੀ ਵਿਕਾਸ ਲਈ ਆਪਣੀ ਨਿਰੰਤਰ ਚਾਲ ਨੂੰ ਕਾਇਮ ਰੱਖਦਿਆਂ ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ.) ਵੱਲੋਂ ਨਵੰਬਰ ਮਹੀਨੇ ਕੋਰੀਏਂਡਰ ਇੰਡੀਅਨ ਕੱਰੀ ਹਾਊਸ, 20934, 108th AVE SE Kent WA 98031 ਸਿਆਟਲ ਵਿੱਚ ਸਾਹਿਤਕ ਸਨਮਾਨ ਸਮਾਰੋਹ ਕੀਤਾ ਗਿਆ.ਜਿਸ ਵਿੱਚ 1987 ਤੋਂ ਅਮਰੀਕਾ ਵਿੱਚ ਵੱਸ ਰਹੀ ਵਿਗਿਆਨੀ, ਅੱਜ ਕੱਲ ਐਫ.ਡੀ.ਏ ਨਾਲ ਰਲ ਕੇ ਸਮਾਜ ਨੂੰ ਸੇਵਾਵਾਂ ਦੇ ਰਹੀ ਸਭਾ ਦੀ ਸਤਿਕਾਰਿਤ ਸ਼ਖਸ਼ੀਅਤ ਸਾਹਿਤਕਾਰਾ ਡਾ.ਜਸਬੀਰ ਕੌਰ ਦਾ ਸਨਮਾਨ ਕੀਤਾ ਗਿਆ!
ਅਟੱਲ ਸਚਾਈਆਂ ਅਤੇ ਜ਼ਿੰਦਗੀ ਨੂੰ ਖੁਸ਼ੀਆਂ ਭਰਪੂਰ ਬਣਾਉਣ ਦੇ ਵਿਦਵਾਨਾਂ ਵੱਲੋਂ ਪੇਸ਼ ਵਿਚਾਰਾਂ ਨੂੰ ਸਾਂਝੇ ਕਰਦਿਆਂ ਸਭਾ ਦੇ ਸਕੱਤਰ ਪ੍ਰਿਤਪਾਲ ਸਿੰਘ ਟਿਵਾਣਾ ਨੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਸੱਜਣਾਂ ਦੇ ਆਗਮਨ ‘ਤੇ ਉਹਨਾਂ ਦਾ ਅਦਬੀ-ਸਤਿਕਾਰ, ਗੀਤਾਂ ਵਰਗੇ ਸ਼ਬਦਾਂ ਨਾਲ ਕੀਤਾ! ਸਭਾ ਦੇ ਪ੍ਰਧਾਨ ਬਲਿਹਾਰ ਲੇਹਲ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ ਅਤੇ ਅੱਜ ਦੀ ਸਨਮਾਨਿਤ ਸ਼ਖਸ਼ੀਅਤ ਦੀ ਜਾਣ ਪਹਿਚਾਣ ਕਰਵਾਈ! ਅੱਜ ਦੇ ਸਮਾਗਮ ਵਿੱਚ ਹਾਜ਼ਰ ਕਵੀਆਂ ਅਤੇ ਸਾਹਿਤਕਾਰਾਂ ਵੱਲੋਂ ਡਾ.ਜਸਬੀਰ ਕੌਰ ਨੂੰ ਮੁਬਾਰਕਾਂ ਦਿੱਤੀਆਂ ਗਈਆਂ! ‘ਮਾਂ ਬੋਲੀ ਜੇ ਭੁੱਲ ਜਾਉਗੇ ਤਾਂ ਕੱਖਾਂ ਵਾਂਗੂੰ ਰੁਲ ਜਾਉਗੇ’ ਸਚਾਈ ‘ਤੇ,ਸਮਰਪਿਤ ਦੀ ਭਾਵਨਾ ਨਾਲ ਪਹਿਰਾ ਦੇਣ ਵਾਲੀ ਅਤੇ ਮਾਂ ਬੋਲੀ ਪੰਜਾਬੀ ਨੂੰ ਆਪਣੇ ਮਨ ਦਾ ਅਨਮੋਲ ਗਹਿਣਾ ਬਣਾਕੇ ਰੱਖ ਰਹੀ ਇਸ ਕਵਿੱਤਰੀ ਦੇ ਸਨਮਾਨ ਸਮਾਰੋਹ ਤੇ ਵਿਸ਼ੇਸ਼ ਤੌਰ ਤੇ ਆਈਆਂ ਸ਼ੁਭਚਿੰਤਕਾਂ,ਬੀਬੀ ਕਿਰਨਜੀਤ ਕੌਰ ਸੋਹਲ ਅਤੇ ਸਿਮਰਨ ਕੌਰ ਨੇ ਆਪਣੇ ਜਜ਼ਬਾਤ ਸਾਂਝੇ ਕੀਤੇ. ਲੰਬੇ ਸਮੇਂ ਤੋਂ ਪੰਜਾਬੀ ਲਿਖਾਰੀ ਸਭਾ ਸਿਆਟਲ ਨਾਲ ਆਪਣੀ ਸਾਂਝ ਬਾਰੇ, ਮਾਂ ਬੋਲੀ ਪੰਜਾਬੀ ਦੀ ਪ੍ਰਫੁਲਤਾ ਲਈ ਕੀਤੇ ਯਤਨਾਂ ਬਾਰੇ, ਆਪਣੀ ਜ਼ਿੰਦਗੀ ਦੇ ਸਾਹਿਤਕ, ਸਮਾਜਿਕ,ਸਫਰ ਬਾਰੇ ਉਹਨਾਂ ਨੇ ਜ਼ਿਕਰ ਕੀਤਾ.ਡਾ: ਜਸਬੀਰ ਕੌਰ ਵੱਲੋਂ ਦੋ ਨਜ਼ਮਾਂ ਇਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ, ਦੂਸਰੀ ਆਸ਼ਿਆਨਾ ਪੇਸ਼ ਕੀਤੀਆਂ. ਸਭਾ ਵੱਲੋਂ ਉਹਨਾਂ ਨੂੰ ਸਨਮਾਨ ਚਿੰਨ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ।
ਕਵੀ ਦਰਬਾਰ ਵਿੱਚ ਪੇਸ਼ ਕੀਤੇ ਗਏ ਕਾਵਿ ਵਿੱਚ ਸੋਨੇ ਤੇ ਸੁਹਾਗਾ, ਉਰਦੂ ਦੀ ਮਿਠਾਸ ਦਾ ਹਾਜ਼ਰ ਹੋਣਾ ਸੀ! ਨਵੀਨ ਰਾਏ ਨੇ ਉਰਦੂ ‘ਚ ਲਿਖੀ ਕਵਿਤਾ ਤੁਮ ਚੁੱਪ ਰਹੋ ਮੈਂ ਬਾਤ ਕਰੂੰ ….ਨਾਲ ਸਮਾਗਮ ਦਾ ਆਗਾਜ਼ ਕੀਤਾ ਅਤੇ ਸਿਆਟਲ ਵਿੱਚ ਵੱਸਦੇ ਉਰਦੂ ਦੇ ਨਾਮਵਰ ਨਗਮਾਨਿਗਾਰ ਅਤੇ ਸਮਾਜ ਸੇਵੀ ਸ਼ਾਹ ਨਿਵਾਜ਼ ਨੇ ਆਪਣੀ ਹਾਜ਼ਰੀ ਉਰਦੂ ਦੇ ਉਚਕੋਟੀ ਦੇ ਸ਼ਾਇਰ ‘ਮੁਨੀਰ ਨਿਆਜ਼ੀ ’ ਦੀ ਇਕ ਨਜ਼ਮ: ‘ਕੁਝ ਸ਼ੌਕ ਸੀ ਯਾਰ ਫਕੀਰੀ ਦਾ, ਕੁੱਝ ਇਸ਼ਕ ਨੇ ਦਰ ਦਰ ਰੋਲ ਦਿੱਤਾ’ ਨਾਲ ਲਵਾਈ! ਸਭਾ ਦੇ ਸਰਪ੍ਰਸਤ ਸ਼ਿੰਗਾਰ ਸਿੰਘ ਸਿੱਧੂ ਵੱਲੋਂ ਭੈਣ ਭਰਾ ਦੇ ਰਿਸ਼ਤਿਆਂ ਤੇ ਮੋਹਰ ਲਗਾਈ ਗਈ:ਇਸ ਗੀਤ ਨਾਲ, ‘ਮੇਰੇ ਵੀਰ ਦਾ ਹੀ ਆਉਂਦਾ ਪਹਿਲਾ ਨਾਂ ……’ ਸਭਾ ਦੇ ਬਾਨੀ ਮੈਂਬਰਾਂ ਵਿੱਚੋਂ ਇਕ ਅਵਤਾਰ ਸਿੰਘ ਆਦਮਪੁਰੀ ਜੀ ਨੇ ‘ਗੁਰੂ ਨਾਨਕ ਤੇਰੇ ਦਰ ਤੇ ਜੋ ਸ਼ਰਧਾ ਨਾਲ ਸੀਸ ਝੁਕਾਉਂਦਾ ਹੈ……’ ਮਿਠਾਸ ਭਰੇ ਬੋਲਾਂ ਨਾਲ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਯਾਦ ਕੀਤਾ! ਰਣਜੀਤ ਸਿੰਘ ਮੱਲ੍ਹੀ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਜੀਵਨ-ਜਾਂਚ ਸਿਖਾਉਣ ਵਾਲੇ ਅਨੇਕਾਂ ਨੁਕਤਿਆਂ ਦੀ ਵਿਆਖਿਆ ਕੀਤੀ. ਨੌਜਵਾਨ ਸ਼ਾਇਰ ਬਲਜਿੰਦਰ ਸਿੰਘ ਨੇ ਆਪਣੀ ਕਵਿਤਾ ‘ਮਾਰ ਜੰਦਰੇ ਘਰਾਂ ਨੂੰ ਤੁਰ ਆਏ, ਸੁੰਨੇ ਕਰ ਆਏ ਆਪਣੇ ਗਿਰਾਂ ਬੇਲੀ ’ ਰਾਹੀਂ ਸਾਰੇ ਸਰੋਤਿਆਂ ਨੂੰ ਅਤੀਤ ਦੇ ਸਨਮੁੱਖ ਖੜ੍ਹਾ ਕਰ ਦਿੱਤਾ। ਹਿੰਦੀ ਭਾਸ਼ਾ ਵਿੱਚ ਆਏ ਮਹੀਨੇ ਕਵੀ ਦਰਬਾਰ ਕਰਵਾਉਣ ਵਾਲੇ ਸ਼ਾਇਰ ਰਾਹੁਲ ਉਪਾਧਿਆਏ ਨੇ ਆਪਣੀ ਨਜ਼ਮ ਸੁਣਾਉਂਦਿਆਂ ਸਿੱਧ ਕੀਤਾ ‘ਜੋ ਜੜੋਂ ਸੇ ਜੁੜਾ ਹੈ ਵੋ ਅਬ ਵੀ ਖੜ੍ਹਾ ਹੈ.’ ਮਾਂ ਬੋਲੀ ਪੰਜਾਬੀ ਦੇ ਨਿਕਾਸ ਵਿਕਾਸ ਅਤੇ ਸਫਰ ਦੀ ਜਾਣਕਾਰੀ ਗੀਤ ਰਾਹੀਂ ਦਿੰਦਿਆਂ ਮਲਕੀਤ ਸਿੰਘ ਗਿੱਲ ਨੇ ‘ਕਦਰ ਨਾ ਕਰਨੀ ਭੁਲਿਓ, ਮਾਂ ਬੋਲੀ ਪੰਜਾਬੀ ਦੀ’ ਸੰਨੇਹਾ ਲੈਅਬੱਧ ਗੀਤ ਰਾਹੀਂ ਦਿੱਤਾ। ਜਿੱਥੇ ਜਗੀਰ ਸਿੰਘ ਨੇ ਆਪਣੇ ਗੀਤ ਦੇ ਬੋਲਾਂ ਵਿੱਚ ‘ਗੱਲ ਹੈ ਇਕ ਨੁਕਤੇ ਬਿੰਦੂ ਦੀ…’ ਪਹਿਲੀ ਪਾਤਸ਼ਾਹੀ ਗੁਰੂ ਨਾਂਨਕ ਦੇਵ ਜੀ ਦੀਆਂ ਸਿੱਖਿਆਵਾਂ ਵੱਲ ਇਸ਼ਾਰਾ ਕੀਤਾ ਉਥੇ ਦਵਿੰਦਰ ਸਿੰਘ ਹੀਰਾ ਨੇ ਆਪਣੀ ਬੁਲੰਦ ਆਵਾਜ਼ ਵਿੱਚ ‘ਰੂਪ ਰੱਬ ਦਾ ਆ ਗਿਆ, ਤ੍ਰਿਪਤਾ ਦਾ ਬਣ ਫਰਜ਼ੰਦ ਜੀ,’ ਗੀਤ ਰਾਹੀਂ ਗੁਰੂ ਜੀ ਨੂੰ ਅਕੀਦਤ ਪੇਸ਼ ਕੀਤੀ। ਵਿਅੰਗਕਾਰ ਮੰਗਤ ਕੁਲਜਿੰਦ ਨੇ ਆਪਣੇ ਹਾਸ ਵਿਅੰਗ ਅੰਦਾਜ਼ ਨੂੰ ਕਾਇਮ ਰੱਖਦਿਆਂ ਕੁਝ ਕਾਵਿ-ਹਾਸ ਪੇਸ਼ ਕੀਤੇ ਅਤੇ ਗੀਤ ‘ਕੁੱਕਰ ਨੂੰ ਪੁੱਛੇ ਕੜਾਹੀ, ਭਾਣਾ ਕੀ ਵਰਤ ਗਿਆ’ ਮਾਡਰਨ ਰਸੋਈ ਦੀ ਚਿੱਤਰਕਾਰੀ ਕੀਤੀ। ‘ਦਰਦੇ ਦਿਲ ਤੁਸੀਂ ਕਿਸ ਨੂੰ ਸੁਣਾਓਗੇ,ਮਿੱਤਰਾ ਫਰੇਬ ਦਾ ਹਰ ਦਿਲ ਦੀਵਾਨਾ ਹੋ ਗਿਆ’,ਕਵਿਤਾ ਵਿੱਚ ਮਿੱਤਰਪਾਲ ਸਿੰਘ ਜੀ ਨੇ ਸਮਾਜ ਦਾ ਸੱਚ ਬਿਆਨ ਕੀਤਾ। ਹਰਜਿੰਦਰ ਸੰਧਾਵਾਲੀਆ ਨੇ ਪੰਜਾਬ ਦੀਆਂ ਸੰਸਥਾਵਾਂ ਵਿੱਚ ਪੰਜਾਬੀ ਬੋਲੀ ਨਾਲ ਕੀਤੇ ਜਾ ਰਹੇ ਵਿਤਕਰੇ ਵੱਲ ਇਸ਼ਾਰਾ ਕੀਤਾ। ਬਠਿੰਡਾ (ਪੰਜਾਬ) ਤੋਂ ਨਿਕਲਦੇ ਹਾਸ ਵਿਅੰਗ ਦੇ ਤਿਮਾਹੀ ਮੈਗਜ਼ੀਨ ‘ਸ਼ਬਦ ਤ੍ਰਿੰਜਣ’ ਦੇ ਨਵੇਂ ਅੰਕ ਨੂੰ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਰੀਲੀਜ਼ ਕੀਤਾ ਗਿਆ।
ਸਿਆਟਲ ਦੀਆਂ ਜਾਣੀਆ ਪਹਿਚਾਣੀਆਂ ਹਸਤੀਆਂ ਜਿਹਨਾਂ ਵਿੱਚ ਸਾਡੀਆਂ ਭੈਣਾਂ ਅਤੇ ਬੱਚੇ ਵੀ ਸ਼ਾਮਿਲ ਸਨ, ਬਿਸਮਨ ਕੌਰ,ਲਾਲੀ , ਅੰਮ੍ਰਿਤਪਾਲ ਸਿੰਘ ਸਹੋਤਾ, ਭਜਨ ਸਿੰਘ, ਰਮਿੰਦਰ ਸੰਧੂ, ਲਾਲੀ ਸੰਧੂ,ਰੂਪ ਸੰਧੂ, ਪੁਸ਼ਪਿੰਦਰ, ਸਤਿਪ੍ਰੀਤ ਕੌਰ,ਸੁਰਿੰਦਰ ਕੌਰ,ਜਸਵਿੰਦਰ ਕੌਰ ਲੇਹਲ,ਪਰਮਜੀਤ ਕੌਰ,ਜਸਵੀਰ ਕੌਰ ਸੰਧਾਵਾਲੀਆ,ਜੀ.ਐਸ, ਸਤਿਨਾਮ ਸਿੰਘ, ਆਦਿ ਸਮਾਗਮ ਦੀ ਸ਼ੋਭਾ ਵਧਾ ਰਹੇ ਸਨ।
ਸਟੇਜ ਸੰਚਾਲਨ ਕਰਿਦਆਂ ਪ੍ਰਿਤਪਾਲ ਸਿੰਘ ਟਿਵਾਣਾ,ਜਗੀਰ ਸਿੰਘ, ਰਣਜੀਤ ਸਿੰਘ ਮੱਲ੍ਹੀ ਨੇ ਰੌਚਕਤਾ ਬਣਾਈ ਰੱਖੀ। ਅੰਤ ਵਿੱਚ ਸਭਾ ਦੇ ਪ੍ਰਧਾਨ ਬਲਿਹਾਰ ਸਿੰਘ ਲੇਹਲ ਨੇ ਸਭਾ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਸਭਾ ਨੂੰ ਸਿਖਰ ਤੇ ਪਹੁੰਚਾਉਣ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ ਅਤੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਖੂਬਸੂਰਤ ਸ਼ਬਦਾਂ ਵਿੱਚ ਕੀਤਾ। ਪਿੱਛੇ ਜਿਹੇ ਸਿਆਟਲ ਦੇ ਗੁਰੂਦੁਆਰਾ ‘ਚ ਵਾਪਰੀ ਨਸ਼ੇਵਾਲੀ ਮੰਦਭਾਗੀ ਘਟਨਾ ਜਿਸ ਨਾਲ ਸਭਾ ਦੇ ਸਕੱਤਰ ਸਾਹਿਬ ਦਾ ਪਰਿਵਾਰ ਵੀ ਪ੍ਰਭਾਵਿਤ ਹੋਇਆ, ਦੀ ਸਮੂਹ ਮੈਂਬਰਾਂ ਵੱਲੋਂ ਨਿਖੇਧੀ ਕੀਤੀ ਗਈ।ਸਮਾਗਮ ਨੂੰ ਕੈਮਰੇ ਦੀ ਅੱਖ ਵਿੱਚ ਕੈਦ ਕੀਤਾ ਗਿਆ ਅਤੇ ਸੋਸ਼ਲ ਮੀਡੀਏ ਦੇ ਵਿਹੜੇ ਲੈ ਜਾਇਆ ਗਿਆ।
ਬਲਿਹਾਰ ਸਿੰਘ ਲੇ੍ਹਲ ਪ੍ਰਧਾਨ+1 206 244 4663 ਪ੍ਰਿਤਪਾਲ ਸਿੰਘ ਟਿਵਾਣਾ ਸਕੱਤਰ+1 206 765 9069 ਮੰਗਤ ਕੁਲਜਿੰਦ ਪ੍ਰੈੱਸ ਸਕੱਤਰ +1 425 286 0163

