ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ
ਲੁਧਿਆਣਾਃ 23 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਐਬਟਸਫੋਰਡ ਵੱਸਦੀ ਉੱਘੀ ਲੇਖਕਾ ਤੇ ਐੱਸ ਡੀ ਕਾਲਿਜ ਫਾਰ ਵਿਮੈਨ ਮੋਗਾ ਦੀ ਸਾਬਕਾ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੋਰ ਬਰਾੜ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਪ੍ਰੋ. ਗਿੱਲ ਨੇ ਕਿਹਾ ਕਿ ਉਹ ਹਮੇਸ਼ਾਂ ਵੱਡੀਆਂ ਭੈਣਾਂ ਵਾਲਾ ਸਨੇਹ ਦੇ ਕੇ ਅੱਗੇ ਵਧਣ ਦੀ ਪ੍ਰੇਰਨਾ ਦਿੰਦੇ ਸਨ। ਮੈਨੂੰ ਮਾਣ ਹੈ ਕਿ ਪ੍ਰਿੰਸੀਪਲ ਬਣਨ ਤੋਂ ਪਹਿਲਾਂ ਉਹ ਪੰਜਾਬ ਤੇ ਚੰਡੀਗੜ੍ਹ ਕਾਲਿਜ ਟੀਚਰਜ਼ ਯੂਨੀਅਨ ਵਿੱਚ ਵੀ ਉਹ ਮੇਰੇ ਵੱਡੇ ਵੀਰਾਂ ਸੁਭਾਸ਼ ਕੁਮਾਰ, ਡਾ. ਹਰਭਜਨ ਸਿੰਘ ਦਿਉਲ, ਪ੍ਰੋ. ਗੁਣਵੰਤ ਸਿੰਘ ਦੂਆ, ਪ੍ਰੋ. ਪ ਸ ਸੰਘਾ,ਪ੍ਰੋ. ਅਜੀਤ ਸਿੰਘ ਤੇ ਪ੍ਰੋ. ਜਸਵੰਤ ਸਿੰਘ ਗਿੱਲ ਦੀ ਅਗਵਾਈ ਵਿੱਚ ਸਰਗਰਮ ਰਹੇ। ਪੰਜਾਬੀ ਕਵੀ ਤ੍ਰੈਲੋਚਨ ਲੋਚੀ, ਸਹਿਜਪ੍ਰੀਤ ਸਿੰਘ ਮਾਂਗਟ , ਡਾ. ਗੁਰਇਕਬਾਲ ਸਿੰਘ, ਮਨਜਿੰਦਰ ਧਨੋਆ, ਡਾ. ਨਿਰਮਲ ਜੌੜਾ ਤੇ ਪ੍ਰੋ. ਰਵਿੰਦਰ ਭੱਠਲ ਨੇ ਵੀ ਪ੍ਰਿੰਸੀਪਲ ਬਰਾੜ ਦੇ ਦੇਹਾਂਤ ਤੇ ਦੁੱਖ ਮਨਾਇਆ ਹੈ।
ਕੈਨੇਡਾ ਤੋਂ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਪ੍ਰਿੰਸੀਪਲ ਬਰਾੜ ਸਾਰਿਆਂ ਨਾਲ ਮੇਲ ਮਿਲਾਪ ਰੱਖਣ ਵਾਲੇ, ਹਸਮੁੱਖ, ਮਿਲਣਸਾਰ ਅਤੇ ਪ੍ਰੇਰਨਾਦਾਇਕ ਸ਼ਖਸੀਅਤ ਤੇ ਮਾਲਕ ਅਤੇ ਪੰਜਾਬੀ ਸਾਹਿਤ ਸਭਾ ਮੁਢਲੀ (ਰਜਿ) ਐਬਸਫੋਰਡ ਦੇ ਪ੍ਰਧਾਨ ਸਨ।
ਉਹਨਾਂ 22 ਜਨਵਰੀ ਦੀ ਸ਼ਾਮ ਨੂੰ ਐਬਸਫੋਰਡ ਦੇ ਹਸਪਤਾਲ ਵਿਖੇ ਆਖਰੀ ਸਾਹ ਲਏ। 81 ਸਾਲਾ ਪ੍ਰਿੰਸੀਪਲ ਬਰਾੜ ਨਮੋਨੀਆ ਦੀ ਸ਼ਿਕਾਇਤ ਕਾਰਨ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿੱਚ ਇਲਾਜ ਅਧੀਨ ਸਨ। ਸੁਖਾਨੰਦ ਕਾਲਿਜ ਦੇ ਬਾਨੀ ਸਕੱਤਰ ਸਵਰਗੀ ਸ ਮਲਕੀਤ ਸਿੰਘ ਬਰਾੜ ਦੇ ਜੀਵਨ ਸਾਥਣ ਪ੍ਰਿੰ. ਸੁਰਿੰਦਰਪਾਲ ਕੌਰ ਆਪਣੇ ਪਿੱਛੇ ਦੋ ਧੀਆਂ ਅਤੇ ਇੱਕ ਪੁੱਤ ਤੋਂ ਇਲਾਵਾ ਭੈਣ ਭਰਾਵਾਂ ਸਮੇਤ, ਸਾਹਿਤਕਾਰਾਂ ਦਾ ਵੱਡਾ ਪਰਿਵਾਰ ਛੱਡ ਗਏ ਹਨ।
ਬੀਸੀ, ਕੈਨੇਡਾ ਵਿੱਚ ਸਾਹਿਤਕ ਸਰਗਰਮੀਆਂ ਦੇ ਵਿੱਚ ਸਿਰਮੌਰ ਸ਼ਖਸੀਅਤ ਪ੍ਰਿੰਸੀਪਲ ਬਰਾੜ ਪਿਛਲੇ ਲੰਬੇ ਸਮੇਂ ਤੋਂ ਐਬਸਫੋਰਡ ਬੀਸੀ ਵਿੱਚ ਰਹਿ ਰਹੇ ਸਨ। ਪ੍ਰਿੰ. ਸੁਰਿੰਦਰਪਾਲ ਕੌਰ ਬਰਾੜ ਐਸ.ਡੀ. ਕਾਲਜ ਫਾਰ ਵੋਮੈਨ ਮੋਗਾ ਦੇ ਪ੍ਰਿੰਸੀਪਲ ਰੁੰਦਿਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਨੇਟ ਤੇ ਸਿੰਡੀਕੇਟ ਦੇ ਮੈਂਬਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਵੀ ਰਹਿ ਚੁੱਕੇ ਸਨ।
ਉਹਨਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ 9 ਕਿਤਾਬਾਂ ਪਾਈਆਂ ਅਤੇ ਲਗਾਤਾਰ ਸਰਗਰਮ ਲੇਖਿਕਾ ਸਨ। ਬੀਤੇ ਦਸੰਬਰ 2025 ਨੂੰ ਪ੍ਰਿੰਸੀਪਲ ਸੁਰਿੰਦਰਪਾਲ ਕੌਰ ਬਰਾੜ ਦੀ ਪ੍ਰਧਾਨਗੀ ਹੇਠ ਐਬਸਫੋਰਡ ਵਿੱਚ ਪੰਜਾਬੀ ਸਾਹਿਤ ਸਭਾ ਦੀ ਵੱਡੀ ਸਾਹਿਤਕ ਇਕੱਤਰਤਾ ਹੋਈ ਸੀ, ਜਦ ਕਿ ‘ਸਾਡਾ ਵਿਰਸਾ ਸਾਡਾ ਗੌਰਵ ਸੰਸਥਾ’ ਵੱਲੋਂ ਪ੍ਰਿੰਸੀਪਲ ਬਰਾੜ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਸੀ।
