ਕੋਟਕਪੂਰਾ, 30 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਸਾਹਿਤ ਤੇ ਸੰਗੀਤ ਨਾਲ ਜੋੜਨ ਲਈ ਪੰਜਾਬੀ ਲੇਖ਼ਕ ਮੰਚ ਫ਼ਰੀਦਕੋਟ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਾਇਕੀ ਦੇ ਮੁਕਾਬਲੇ ‘ਸੁਰੀਲੇ ਫ਼ਨਕਾਰ’ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਮੰਚ ਦੇ ਪ੍ਰਧਾਨ ਮਨਜਿੰਦਰ ਸਿੰਘ ਗੋਲ੍ਹੀ ਅਤੇ ਜਨਰਲ ਸਕੱਤਰ ਡਾ. ਧਰਮ ਪ੍ਰਵਾਨਾ ਨੇ ਦੱਸਿਆ ਕਿ ਇਸ ਵਾਰ ਇਹ ਪ੍ਰੋਗਰਾਮ 14 ਫਰਵਰੀ 2026 ਨੂੰ ਫਰੀਦਕੋਟ ਵਿਖੇ ਹੀ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਵਿੱਚ ਨਵੇਂ ਅਤੇ ਪੁਰਾਣੇ ਕਲਾਕਾਰਾਂ ਨੂੰ ਆਪਣੀ ਕਲਾ ਦੇ ਜੌਹਰ ਦਿਖਾਉਣ ਦਾ ਬਹੁਤ ਵਧੀਆ ਮੌਕਾ ਦਿੱਤਾ ਜਾਵੇਗਾ। ਇਸ ਗਾਇਨ ਮੁਕਾਬਲੇ ਵਿੱਚ ਜੋ ਪਹਿਲੇ ਸਥਾਨ ’ਤੇ ਆਉਂਦਾ ਹੈ, ਉਸ ਗਾਇਕ/ਗਾਇਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਤੇ ਵਧੀਆ ਤਰੀਕੇ ਨਾਲ ਰਿਕਾਰਡ ਕਰਕੇ, ਗੀਤਾਂ ਦੀ ਵੀਡੀਓ ਬਣਾ ਕੇ ਵਿਸ਼ਵ ਪੱਧਰ ’ਤੇ ਰਿਲੀਜ਼ ਕੀਤਾ ਜਾਵੇਗਾ। ਸੋਲੋ ਗੀਤ ਮੁੰਡੇ ਤੇ ਕੁੜੀਆਂ ਤੋਂ ਇਲਾਵਾ ਡਿਊਟ ਗੀਤਾਂ ਦੇ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਜਿਸ ਵਿੱਚ ਕਲਾਕਾਰ ਗੀਤ ਪ੍ਰਸਿੱਧ ਲੇਖਕ ਸੁਲੱਖਣ ਸਿੰਘ ‘ਮੈਹਮੀ’ ਪੁਸਤਕ ‘ਸੁਰੀਲੇ ਬੋਲ’ ਗੀਤ ਸੰਗ੍ਰਹਿ ਵਿੱਚੋਂ ਹੀ ਬੋਲਣੇ ਹੋਣਗੇ। ਪ੍ਰਤੀਯੋਗੀਆਂ ਨੂੰ ਗੀਤ ਸਿਲੈਕਟ ਕਰਨ ਦੀ ਖੁੱਲ੍ਹ ਹੋਵੇਗੀ। ਹਰ ਇੱਕ ਕਲਾਕਾਰ ਨੇ ਦੋ ਗੀਤ ਤਿਆਰ ਕਰਨੇ ਹੋਣਗੇ ਅਤੇ ਇਹ ਗੀਤ ਜ਼ੁਬਾਨੀ ਪੇਸ਼ ਕਰਨੇ ਹੋਣਗੇ। ਕਿਤਾਬ ਤੋਂ ਬਾਹਰ ਕੋਈ ਵੀ ਗੀਤ ਪੇਸ਼ ਨਹੀਂ ਕੀਤਾ ਜਾਵੇਗਾ। ਇਸ ਪ੍ਰੋਗਰਾਮ ’ਚ ਭਾਗ ਲੈਣ ਲਈ ਵਧੇਰੇ ਜਾਣਕਾਰੀ ਲਈ ਮਨਜਿੰਦਰ ਸਿੰਘ ਗੋਲ੍ਹੀ ਫੋਨ 98156-41312 ਅਤੇ ਜਨਰਲ ਸਕੱਤਰ ਧਰਮ ਪ੍ਰਵਾਨਾ ਨਾਲ ਫੋਨ ਨੰਬਰ 98767-17686 ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।

