ਲੁਧਿਆਣਾਃ 25 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਦੋਆਬੇ ਦੇ ਪਿਛਲੇ ਮਹੀਨੇ ਆਏ ਹੜ੍ਹਾਂ ਕਾਰਨ ਬਿਆਸ ਤੇ ਸਤਲੁਜ ਦਰਿਆਂ ਦੀ ਮਾਰ ਵਾਲੇ ਇਲਾਕਿਆਂ ਵਿੱਚ ਕੀਤੀ ਸੇਵਾ ਲਈ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦਾ ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੌਡ ਲੁਧਿਆਣਾ ਵਿਖੇ ਪ੍ਹੇ. ਗੁਰਭਜਨ ਸਿੰਘ ਗਿੱਲ ਤੇ ਸਰਦਾਰਨੀ ਜਸਵਿੰਦਰ ਕੌਰ ਗਿੱਲ ਦੀ ਰਿਹਾਇਸ਼ ਤੇ ਸ. ਜਸਜੀਤ ਸਿੰਘ ਨੱਤ, ਗੁਰਿੰਦਰਜੀਤ ਸਿੰਘ ਤੇ ਲਵਦੀਪ ਕੌਰ ਵੱਲੋਂ ਸਨਮਾਨ ਕੀਤਾ ਗਿਆ। ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੂੰ ਪ੍ਹੋ. ਗੁਰਭਜਨ ਸਿੰਘ ਗਿੱਲ ਵੱਲੋਂ ਪਿਛਲੇ 50 ਸਾਲ ਦੌਰਾਨ ਲਿਖੀਆਂ ਆਪਣੀਆਂ ਅੱਠ ਗ਼ਜ਼ਲ – ਪੁਸਤਕਾਂ ਦਾ ਸੰਪੂਰਨ ਸੰਗ੍ਹਹਿ “ਅੱਖਰ ਅੱਖਰ” ਭੇਂਟ ਕੀਤਾ ਗਿਆ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਹੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵਾਲਿਆਂ ਨੂੰ ਸੇਵਾ ਦੋਰਾਨ ਲੋਕਾਂ ਦਾ ਸਹਿਯੋਗ ਮਿਲਣ ਦਾ ਆਧਾਰ ਵੀ ਇਹੀ ਹੈ ਕਿ ਉਹ ਲੋਕਾਂ ਵਿੱਚ ਨਾ ਤਾਂ ਰਵਾਇਤੀ ਸੰਤਾਂ ਵਾਂਗ ਵਿਚਰਦੇ ਹਨ ਤੇ ਨਾ ਮੈਂਬਰ ਪਾਰਲੀਮੈਂਟ ਵਾਂਗ। ਇਹੀ ਉਨ੍ਹਾਂ ਦੀ ਵੱਡੀ ਸ਼ਕਤੀ ਹੈ ਕਿ ਉਹ ਲੋਕ ਵਿਸ਼ਵਾਸ ਨੂੰ ਨਾਲ ਲੈ ਕੇ ਤੁਰਦੇ ਹਨ।
ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਲੁਧਿਆਣਾ ਫੇਰੀ ਦੌਰਾਨ ਪ੍ਹੋ. ਗੁਰਭਜਨ ਸਿੰਘ ਗਿੱਲ ਨਾਲ ਬੁੰਢਾ ਦਰਿਆ ਸਫ਼ਾਈ ਮੁਹੰਮ ਬਾਰੇ ਵੀ ਵਿਚਾਰ -ਚਰਚਾ ਕਰਦਿਆਂ ਕਿਹਾ ਕਿ ਆਮ ਲੋਕਾਂ ਦੇ ਵਿਗਿਆਨਕ ਨਜ਼ਰੀਏ ਦੀ ਉਸਾਰੀ ਬਗੈਰ ਇਸ ਪ੍ਰਦੂਸ਼ਤ ਜਲ ਸੋਮੇ ਤੋਂ ਮੁਕਤੀ ਹਾਸਲ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦੱਸਿਆ ਕਿ ਪਿਛਲੇ ਸੰਖੇਪ ਅਰਸੇ ਦੌਰਾਨ ਮਾਣਯੋਗ ਰਾਜਪਾਲ ਪੰਜਾਬ ਦੀ ਇਹ ਪੰਜਵੀਂ ਫੇਰੀ ਹੈ ਜਿਸ ਵਿੱਚ ਉਨ੍ਹਾਂ ਨੇ ਅਧਿਕਾਰੀਆਂ ਤੇ ਨਗਰ ਨਿਗਮ ਲੁਧਿਆਣਾ ਦੇ ਸਮੂਹ ਅਹੁਦੇਦਾਰਾਂ ਨੂੰ ਪੂਰੀ ਤਨਦੇਹੀ ਨਾਲ ਇਸ ਪ੍ਰਾਜੈਕਟ ਨੂੰ ਸੰਪੂਰਨ ਕਰਨ ਦੀ ਹਦਾਇਤ ਕੀਤੀ ਹੈ। ਸੰਤ ਸੀਚੇਵਾਲ ਨੇ ਕਿਹਾ ਹਰ ਤਰ੍ਹਾਂ ਦੇ ਪ੍ਰਦੂਸ਼ਣ ਖ਼ਿਲਾਫ਼ ਯੂਨੀਵਰਸਿਟੀਂ ਕਾਲਜਾਂ ਤੇ ਸਕੂਲਾਂ ਦੇ ਅਧਿਆਪਕਾਂ,ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਲੋਕ ਚੇਤਨਾ ਲਹਿਰ ਉਸਾਰਨੀ ਚਾਹੀਦੀ ਹੈ।
ਸੰਤ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਇਸ ਵਾਰ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਬਹੁਤ ਹੀ ਮਾਮੂਲੀ ਹਨ। ਦੋਆਬੇ ਤੇ ਮਾਲਵੇ ਦਾ ਆਲੂ ਉਤਪਾਦਕ ਖੇਤਰ ਦਾ ਕਿਸਾਨ ਪਰਾਲੀ ਨੂੰ ਪੈਲ਼ੀ ਵਿੱਚ ਹੀ ਵਾਹ ਰਿਹਾ ਹੈ।
ਦਿੱਲੀ ਸਰਕਾਰ ਵੱਲੋਂ ਆਪਣਾ ਪ੍ਰਦੂਸ਼ਣ ਪੰਜਾਬ ਸਿਰ ਮੜ੍ਹਨ ਦੀ ਨਿੰਦਿਆ ਕਰਦਿਆਂ ਉਨ੍ਹਾਂ ਕਿਹਾ ਕਿ ਆਪਣਾ ਘਰ ਸੰਵਾਰਨ ਦੀ ਥਾਂ ਹੋਰ ਸੂਬਿਆਂ ਤੇ ਇਲਜ਼ਾਮ ਲਾਉਣੇ ਚੰਗੀ ਰਵਾਇਤ ਨਹੀਂ। ਪੰਜਾਬ ਦਾ ਧੂੰਆਂ ਛੜੱਪਾ ਮਾਰ ਕੇ ਹਰਿਆਣਾ ਉਲੰਘ ਕੇ ਕਿਵੇਂ ਦਿੱਲੀ ਪਹੁੰਚਦਾ ਹੈ, ਇਸ ਦੀ ਵਾਤਾਵਰਣ ਮੰਤਰਾਲੇ ਨੂੰ ਜਾਂਚ ਕਰਵਾਉਣੀ ਚਾਹੀਦੀ ਹੈ।

