ਐਬਸਫੋਰਡ, 16 ਦਸੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼))
ਪੰਜਾਬੀ ਸਾਹਿਤ ਸਭਾ ਮੁਢਲੀ (ਰਜਿ.) ਐਬਸਫੋਰਡ, ਬੀਸੀ ਵੱਲੋਂ ਪੰਜਾਬੀ ਸਾਹਿਤ ਨੂੰ ਸਮਰਪਿਤ ਇਕ ਯਾਦਗਾਰੀ ਅਤੇ ਇਤਿਹਾਸਕ ਸਮਾਗਮ ਦੌਰਾਨ ਮਹਾਨ ਸਾਹਿਤਕਾਰ ਪ੍ਰੋ. ਕਿਸ਼ਨ ਸਿੰਘ ਦੀ ਅਮੋਲਕ ਸਾਹਿਤਿਕ ਵਿਰਾਸਤ ਨੂੰ ਸੰਭਾਲਦੇ ਹੋਏ ‘ਪ੍ਰੋ. ਕਿਸ਼ਨ ਸਿੰਘ ਰਚਨਾਵਲੀ’ ਦੇ ਚਾਰ ਭਾਗ (ਸੰਪਾਦਕ: ਪ੍ਰੋ. ਗੁਰਮੀਤ ਸਿੰਘ ਟਿਵਾਣਾ) ਰਿਲੀਜ਼ ਕੀਤੇ ਗਏ। ਇਹ ਪੁਸਤਕ ਰਿਲੀਜ਼ ਸਮਾਰੋਹ ਖਾਲਸਾ ਦੀਵਾਨ ਸੁਸਾਇਟੀ (ਹੈਰੀਟੇਜ ਗੁਰਦੁਆਰਾ ਸਾਹਿਬ), ਸਾਊਥ ਫਰੇਜ਼ਰ ਵੇਅ, ਐਬਸਫੋਰਡ ਵਿਖੇ ਵਿਸ਼ਾਲ ਸਾਹਿਤਕ ਇਕੱਠ ਨਾਲ ਸਜਿਆ, ਜਿਸ ਵਿੱਚ ਵੱਖ-ਵੱਖ ਸਾਹਿਤਕ ਸੰਸਥਾਵਾਂ, ਵਿਦਵਾਨਾਂ ਅਤੇ ਸਾਹਿਤ ਪ੍ਰੇਮੀਆਂ ਨੇ ਭਰਪੂਰ ਹਾਜ਼ਰੀ ਭਰੀ।
ਸਮਾਗਮ ਦੌਰਾਨ ਪੰਜਾਬੀ ਸਾਹਿਤ ਸਭਾ ਮੁਢਲੀ ਨਾਲ ਸੰਬੰਧਿਤ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਨ੍ਹਾਂ ਵਿੱਚ ਪ੍ਰੋ. ਗੁਰਮੀਤ ਸਿੰਘ ਟਿਵਾਣਾ, ਭਾਈ ਹਰਪਾਲ ਸਿੰਘ ਲੱਖਾ, ਬੀਬੀ ਗੁਰਬਚਨ ਕੌਰ ਢਿੱਲੋਂ ਅਤੇ ਮੁਲਖ ਰਾਜ ਬਜਾਜ ਦੇ ਨੌਜਵਾਨ ਸਪੁੱਤਰ ਅਸ਼ੋਕ ਕੁਮਾਰ ਬਜਾਜ ਦੇ ਨਾਮ ਵਿਸ਼ੇਸ਼ ਤੌਰ ’ਤੇ ਯਾਦ ਕੀਤੇ ਗਏ।
ਚਾਰ ਜਿਲਤਾਂ ’ਚ ਪ੍ਰਕਾਸ਼ਤ ‘ਪ੍ਰੋ. ਕਿਸ਼ਨ ਸਿੰਘ ਰਚਨਾਵਲੀ’ ਨੂੰ ਵੱਡੀ ਗਿਣਤੀ ਵਿੱਚ ਮੌਜੂਦ ਵਿਦਵਾਨਾਂ ਅਤੇ ਦਰਸ਼ਕਾਂ ਦੀ ਹਾਜ਼ਰੀ ਵਿੱਚ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਡਾ. ਗੁਰਵਿੰਦਰ ਸਿੰਘ ਵੱਲੋਂ ਪੇਸ਼ ਕੀਤੇ ਗਏ ਵਿਸਤ੍ਰਿਤ ਪਰਚੇ ਵਿੱਚ ਪ੍ਰੋ. ਕਿਸ਼ਨ ਸਿੰਘ ਦੇ ਸਾਹਿਤਕ ਸਿਧਾਂਤਾਂ, ਆਲੋਚਨਾਤਮਕ ਦ੍ਰਿਸ਼ਟੀ ਅਤੇ ਸਾਹਿਤ ਪ੍ਰਣਾਲੀਆਂ ਉੱਤੇ ਗੰਭੀਰ ਚਰਚਾ ਕੀਤੀ ਗਈ। ਉਨ੍ਹਾਂ ਇਸ ਗੱਲ ’ਤੇ ਚਿੰਤਾ ਜ਼ਾਹਿਰ ਕੀਤੀ ਕਿ ਇੰਨੀ ਵੱਡੀ ਸਾਹਿਤਕ ਦੇਣ ਦੇ ਬਾਵਜੂਦ ਪ੍ਰੋ. ਕਿਸ਼ਨ ਸਿੰਘ ਨੂੰ ਪੰਜਾਬੀ ਸਾਹਿਤ ਜਗਤ ਵਿੱਚ ਬਣਦਾ ਮਾਣ ਨਹੀਂ ਮਿਲਿਆ, ਜੋ ਇਕ ਦੁਖਦਾਈ ਸੱਚ ਹੈ। ਉਨ੍ਹਾਂ ਪ੍ਰੋ. ਗੁਰਮੀਤ ਸਿੰਘ ਟਿਵਾਣਾ ਵੱਲੋਂ ਆਪਣੇ ਅਧਿਆਪਕ ਪ੍ਰੋ. ਕਿਸ਼ਨ ਸਿੰਘ ਦੇ ਸਮੁੱਚੇ ਸਾਹਿਤ ਨੂੰ ਇਕੱਠਾ ਕਰਕੇ ਚਾਰ ਭਾਗਾਂ ਵਿੱਚ ਸੰਪਾਦਿਤ ਕਰਨ ਦੇ ਇਤਿਹਾਸਕ ਕਾਰਜ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਰਚਨਾਵਲੀ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਅਮੋਲਕ ਖੋਜ-ਸਰੋਤ ਸਾਬਤ ਹੋਵੇਗੀ।
ਸਮਾਗਮ ਵਿੱਚ ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਸੁਖਦੇਵ ਸਿੰਘ ਮਾਨ, ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵੱਲੋਂ ਗੁਰਦੇਵ ਸਿੰਘ ਬਰਾੜ ਆਲਮਵਾਲਾ, ਬੀਬੀ ਮੱਖਣਜੀਤ ਕੌਰ, ‘ਲੋਕ ਸਾਡਾ ਵਿਰਸਾ ਸਾਡਾ ਗੌਰਵ’ ਦੇ ਜਸਵੀਰ ਸਿੰਘ ਪੰਨੂ, ਗੈਰੀ ਟਿਵਾਣਾ, ਉਨ੍ਹਾਂ ਦੀ ਸੁਪਤਨੀ ਹਰਲੀਨ ਕੌਰ ਢਿੱਲੋਂ ਅਤੇ ਬਲਵਿੰਦਰ ਸਿੰਘ ਬਰਾੜ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਬੁਲਾਰਿਆਂ ਨੇ ਕਿਹਾ ਕਿ ਪ੍ਰੋ. ਕਿਸ਼ਨ ਸਿੰਘ ਦੀ ਸਾਹਿਤਿਕ ਦੇਣ ਸਦਾ ਯਾਦ ਰੱਖੀ ਜਾਵੇਗੀ ਅਤੇ ਇਹ ਰਚਨਾਵਲੀ ਪੰਜਾਬੀ ਸਾਹਿਤ ਦੇ ਖੋਜੀ ਵਿਦਵਾਨਾਂ ਲਈ ਲੰਮੇ ਸਮੇਂ ਤੱਕ ਪ੍ਰੇਰਣਾ ਦਾ ਸਰੋਤ ਬਣੀ ਰਹੇਗੀ। ਪ੍ਰੋਗਰਾਮ ਦੇ ਆਰੰਭ ਅਤੇ ਸਮਾਪਤੀ ’ਤੇ ਪ੍ਰਸਿੱਧ ਗਾਇਕ ਸੰਗਤਾਰ ਸੰਤਾਲੀ ਵੱਲੋਂ ਪੇਸ਼ ਕੀਤੇ ਗਏ ਗੀਤਾਂ ਨੇ ਸਮਾਗਮ ਨੂੰ ਰਸਭਰਿਆ ਅਤੇ ਯਾਦਗਾਰ ਬਣਾ ਦਿੱਤਾ।
ਇਸ ਮੌਕੇ ਪਰਮਿੰਦਰ ਸਿੰਘ ਟਿਵਾਣਾ, ਸੁਰਿੰਦਰ ਰੰਧਾਵਾ, ਪਿਆਰਾ ਸਿੰਘ ਚਾਹਲ, ਜਸਦੀਪ ਗਰੇਵਾਲ, ਰੁਪਿੰਦਰ ਸਿੱਧੂ, ਕੁਲਜੀਤ ਟਿਵਾਣਾ, ਮਨਪ੍ਰੀਤ ਗਰੇਵਾਲ, ਜਸਬੀਰ, ਸੁਖਵਿੰਦਰ ਸਿੰਘ, ਲਛਮਣ ਸਿੰਘ ਗਿੱਲ, ਸਾਧੂ ਸਿੰਘ ਗਿੱਲ, ਸੁਖਵਿੰਦਰ ਕੌਰ ਰੰਧਾਵਾ, ਗੁਰਦਰਸ਼ਨ ਸਿੰਘ ਸੰਧੂ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਵੀ ਹਾਜ਼ਰੀ ਭਰੀ। ਸਮਾਗਮ ਦੌਰਾਨ ਪਾਠਕਾਂ ਨੂੰ ਕਿਤਾਬਾਂ ਵੰਡੀਆਂ ਗਈਆਂ ਅਤੇ ਸਮਾਰੋਹ ਪੂਰੀ ਤਰ੍ਹਾਂ ਯਾਦਗਾਰੀ ਰੂਪ ਵਿੱਚ ਸਫ਼ਲ ਰਿਹਾ।
ਜ਼ਿਕਰਯੋਗ ਹੈ ਕਿ ਪ੍ਰੋ. ਗੁਰਮੀਤ ਸਿੰਘ ਟਿਵਾਣਾ ਵੱਲੋਂ ‘ਪ੍ਰੋ. ਕਿਸ਼ਨ ਸਿੰਘ ਰਚਨਾਵਲੀ’ ਨੂੰ ਚਾਰ ਭਾਗਾਂ ਵਿੱਚ ਸੰਪਾਦਿਤ ਕਰਨ ਦੀ ਇਹ ਇਤਿਹਾਸਕ ਸੇਵਾ ਸਿੱਖ ਵਿਦਵਾਨ ਸ. ਅਮਰੀਕ ਸਿੰਘ ਮੁਕਤਸਰ ਅਤੇ ਸੀਨੀਅਰ ਲਿਖਾਰੀ ਡਾ. ਪਰਮਿੰਦਰ ਸਿੰਘ ਸ਼ੌਂਕੀ ਦੇ ਉਦਮ ਨਾਲ ਸੰਪੰਨ ਹੋਈ। ਚਾਰ ਜਿਲਤਾਂ ’ਚ ਪ੍ਰਕਾਸ਼ਤ ਇਹ ਕਿਤਾਬ ‘ਰੀਥਿੰਕ ਬੁਕਸ’ ਵੱਲੋਂ ਬਹੁਤ ਸੁੰਦਰ ਅਤੇ ਭਾਵਪੂਰਤ ਰੂਪ ਵਿੱਚ ਛਾਪੀ ਗਈ ਹੈ।
