ਫਰੀਦਕੋਟ 21 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਮੀਟਿੰਗ ਕਰਨਲ ਬਲਬੀਰ ਸਿੰਘ ਸਰਾਂ ਪ੍ਰਧਾਨ ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਪ੍ਰਧਾਨਗੀ ਹੇਠ ਪ੍ਰਸਿੱਧ ਕਵੀ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਜੀ ਦੇ ਗ੍ਰਹਿ ਨਹਿਰ ਨਜ਼ਾਰਾ ਨਿਉ ਹਰਿੰਦਰਾ ਨਗਰ ਫਰੀਦਕੋਟ ਵਿਖੇ ਹੋਈ ਜਿਸ ਵਿੱਚ ਸਭਾ ਦੇ ਮੁੱਖ ਸਰਪ੍ਰਸਤ ਨਵਰਾਹੀ ਘੁਗਿਆਣਵੀ , ਸਾਬਕਾ ਪ੍ਰਧਾਨ ਪ੍ਰੋ ਪਾਲ ਸਿੰਘ, ਸਾਬਕਾ ਜਨਰਲ ਸਕੱਤਰ ਪ੍ਰਸਿੱਧ ਲੇਖਕ/ ਗਾਇਕ ਇਕਬਾਲ ਘਾਰੂ ਤੇ ਸਭਾ ਦੇ ਮੌਜੂਦਾ ਜਨਰਲ ਸਕੱਤਰ ਸੁਰਿੰਦਰਪਾਲ ਸ਼ਰਮਾ ਭਲੂਰ , ਵਤਨਵੀਰ ਜ਼ਖ਼ਮੀ, ਖ਼ਜ਼ਾਨਚੀ ਕ੍ਰਿਸ਼ਨ ਕੁਮਾਰ ਬਕੋਲੀਆ ਨੇ ਭਾਗ ਲਿਆ। ਸਭਾ ਵੱਲੋਂ ਪ੍ਰਸਿੱਧ ਲੋਕ ਕਵੀ ਬਿਸਮਿਲ ਫਰੀਦਕੋਟੀ ਯਾਦਗਾਰੀ ਸਮਾਗਮ ਕਰਵਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਅਤੇ ਕਿਸ ਕਵੀ ਨੂੰ ਬਿਸਮਿਲ ਫਰੀਦਕੋਟੀ ਐਵਾਰਡ 2024 ਦਿੱਤਾ ਜਾਵੇ ਇਸ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ। ਸਰਬਸੰਮਤੀ ਨਾਲ਼ ਇਹ ਮਤਾ ਪਾਸ ਕੀਤਾ ਗਿਆ ਕਿ ਸਾਲ 2024 ਦਾ ਬਿਸਮਿਲ ਫਰੀਦਕੋਟੀ ਐਵਾਰਡ ਬਿਸਮਿਲ ਫਰੀਦਕੋਟੀ ਦੇ ਪੁਰਾਣੇ ਸਾਥੀ ਤੇ ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਨਾਲ਼ ਸਬੰਧਤ ਉੱਘੇ ਲੋਕ ਕਵੀ ਗੁਰਦਾਸਰੀਣ ਕੋਟਕਪੂਰਵੀ ਨੂੰ ਦਿੱਤਾ ਜਾਵੇ। ਇਹ ਐਵਾਰਡ ਸਾਹਿਤ ਸਭਾ ਦੇ ਸਲਾਨਾ ਸਮਾਗਮ ਦੌਰਾਨ ਭਰੇ ਇਕੱਠ ਵਿੱਚ ਮਿਤੀ 2 ਫਰਵਰੀ 2025 ਦਿਨ ਐਤਵਾਰ ਨੂੰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੇ ਬਜ਼ੁਰਗ ਲੋਕ ਕਵੀ ਦਿਆਲ ਸਿੰਘ ਸਾਕੀ ਉਰਫ ਸਾਕੀ ਫਰੀਦਕੋਟੀ ਨੂੰ ਵੀ ਉਸ ਸਮਾਗਮ ਵਿੱਚ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਅਖੀਰ ਵਿੱਚ ਸਭਾ ਨੇ ਭੁੱਖ ਹੜਤਾਲ ਤੇ ਬੈਠੇ ਬਜ਼ੁਰਗ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਦਿਨ- ਬ- ਦਿਨ ਵਿਗੜਦੀ ਜਾ ਰਹੀ ਸਿਹਤ ਪ੍ਰਤੀ ਚਿੰਤਾ ਪ੍ਰਗਟਾਈ ਅਤੇ ਹਾਲਾਤ ਏ ਹਕੂਮਤੀ ਪੈਦਾ ਕਰਨ ਦਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਇਸ ਦੇ ਨਾਲ ਹੀ ਸਭਾ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਦਲਿਤਾਂ ਦੇ ਮਸੀਹਾ ਡਾਕਟਰ ਭੀਮ ਰਾਉ ਅੰਬੇਦਕਰ ਬਾਰੇ ਕੀਤੀ ਗਈ ਅਪਮਾਨਜਨਕ ਟਿੱਪਣੀ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ ਤੇ ਕਿਹਾ ਗਿਆ ਕਿ ਦੇਸ਼ ਦੇ ਇੱਕ ਜਿੰਮੇਵਾਰ ਨੇਤਾ ਨੂੰ ਇਸ ਤਰ੍ਹਾਂ ਦੀ ਗਲਤ ਸ਼ਬਦਾਵਲੀ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
