ਫਰੀਦਕੋਟ 13 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਕਾਰਜਕਾਰਨੀ ਦੀ ਮੀਟਿੰਗ ਕਮੇਟੀ ਦੇ ਮੈਂਬਰਾਨ ਅਤੇ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਪ੍ਰਸਿੱਧ ਸ਼ਾਇਰ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਜੀ ਦੇ ਗ੍ਰਹਿ “ ਨਹਿਰ ਨਜ਼ਾਰਾ “ ਨਿਉ ਹਰਿੰਦਰਾ ਨਗਰ ਫਰੀਦਕੋਟ ਵਿਖੇ ਬੁਲਾਈ ਗਈ। ਜਿਸ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਕਰਨਲ ਬਲਬੀਰ ਸਿੰਘ ਸਰਾਂ ਨੇ ਕੀਤੀ ਅਤੇ ਇਸ ਮੀਟਿੰਗ ਵਿੱਚ ਪ੍ਰਸਿੱਧ ਸਾਹਿਤਕਾਰ ਇਕਬਾਲ ਘਾਰੂ, ਇੰਜੀਨੀਅਰ ਦਰਸ਼ਨ ਰੋਮਾਣਾ, ਪ੍ਰਿੰਸੀਪਲ ਨਵਰਾਹੀ ਘੁਗਿਆਣਵੀ , ਪ੍ਰਿੰਸੀਪਲ ਕ੍ਰਿਸ਼ਨ ਲਾਲ ਬਕੋਲੀਆ , ਇੰਜਨੀਅਰ ਲਾਲ ਸਿੰਘ ਕਲਸੀ, ਵਤਨਵੀਰ ਜ਼ਖਮੀ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਪਿਛਲੇ ਦਿਨੀ 2 ਫਰਵਰੀ 2025 ਨੂੰ ਕਰਵਾਏ ਗਏ ਬਿਸਮਿਲ ਫਰੀਦਕੋਟੀ ਯਾਦਗਾਰੀ ਸਮਾਗਮ ਦੇ ਖ਼ਰਚੇ ਦਾ ਲੇਖਾ ਜੋਖਾ ਕੀਤਾ ਗਿਆ ਅਤੇ ਸਮਾਗਮ ਵਿੱਚ ਰਹਿ ਗਈਆਂ ਕਮੀਆਂ ਬੇਸ਼ੀਆਂ ਤੇ ਨਜ਼ਰਸਾਨੀ ਕੀਤੀ ਗਈ। ਪ੍ਰਧਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੁਝ ਮਤੇ ਵੀ ਪਾਸ ਕੀਤੇ ਗਏ। ਜਿਸ ਵਿੱਚ ਸਭਾ ਦੇ ਮੈਬਰਾਨ ਦੀ ਇੱਕ ਪੱਕੀ ਸੂਚੀ ਤਿਆਰ ਕਰਨ ਲਈ ਸਭਾ ਦੇ ਪੱਕੇ ਮੈਂਬਰਾਂ ਦੇ ਮੈਂਬਰਸ਼ਿਪ ਫਾਰਮ ਭਰ ਕੇ ਉਨ੍ਹਾਂ ਤੋਂ ਸਲਾਨਾ , ਜੀਵਨ ਮੈਂਬਰਸ਼ਿਪ ਪ੍ਰਾਪਤ ਕੀਤੀ ਜਾਵੇ। ਦੂਸਰਾ ਉਨ੍ਹਾਂ ਨੇ ਹਰ ਮੈਬਰ ਨੂੰ ਸਭਾ ਦੇ ਸਮਾਗਮ ਜਾਂ ਮੀਟਿੰਗ ਵਿੱਚ ਹਾਜ਼ਰ ਹੋਣ ਲਈ ਵਕਤ ਦੀ ਪਾਬੰਦੀ ਨੂੰ ਲਾਜ਼ਮੀ ਬਣਾਉਣ ਲਈ ਦਿਸ਼ਾ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਮਾਤ ਭਾਸ਼ਾ ਦੀ ਪ੍ਰਗਤੀ ਲਈ ਕੇਂਦਰੀ ਪੰਜਾਬੀ ਲੇਖਕ ਸਭਾ ਰਜ਼ਿ ਸੇਖੋਂ ਦੇ ਦਿਸ਼ਾ ਨਿਰਦੇਸ਼ ਅਨੁਸਾਰ 21 ਫਰਵਰੀ 2025 ਨੂੰ ਸਮੂਹ ਸਭਾਵਾਂ ਮਾਤ ਭਾਸ਼ਾ ਦਿਵਸ ਮਨਾਉਣ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ। ਜਿਸ ਦੀ ਤਿਆਰੀ ਲਈ ਪੰਜਾਬੀ ਸਾਹਿਤ ਸਭਾ ਰਜਿ ਫਰੀਦਕੋਟ ਨੇ ਵਿਚਾਰ ਵਟਾਂਦਰਾ ਕੀਤਾ। ਅਖੀਰ ਵਿੱਚ ਸਭਾ ਵੱਲੋਂ ਹੁਣੇ ਜਿਹੇ ਅਮਰੀਕਾ ਦੇ ਵੱਲੋਂ ਪ੍ਰਵਾਸੀ ਭਾਰਤੀਆਂ ਦੇ ਭਰੇ ਬੇਹੱਦ ਨਿੰਦਣਯੋਗ ਤਰੀਕੇ ਨਾਲ ਭਾਰਤ ਵਾਪਸ ਭੇਜਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਭਾਰਤ ਦੀ ਸਰਕਾਰ ਦਾ ਉਸ ਕਾਰਵਾਈ ਪ੍ਰਤੀ ਇੱਕ ਵੀ ਲਫ਼ਜ਼ ਨਾ ਕਹਿਣਾ ਅਤੇ ਪ੍ਰਵਾਸੀ ਭਾਰਤੀਆਂ ਦੇ ਭਰੇ ਵਿਦੇਸ਼ੀ ਜਹਾਜ਼ ਨੂੰ ਅੰਮ੍ਰਿਤਸਰ ਸ਼ਾਹਿਬ ਦੇ ਹਵਾਈ ਅੱਡੇ ਅਤੇ ਪੂਜਣਯੋਗ ਸਥਾਨ ਦੀ ਪਾਵਨ ਧਰਤੀ ਤੇ ਉਤਾਰਨ ਦਾ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦਾਲ ਵਿੱਚ ਜਰੂਰ ਕਝ ਕਾਲਾ ਹੈ।
