
ਪਟਿਆਲਾ 13 ਅਗਸਤ (ਵਰਲਡ ਪੰਜਾਬੀ ਟਾਈਮਜ਼)
ਪਟਿਆਲੇ ਦੀ ਸਭ ਤੋਂ ਪੁਰਾਣੀ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਵੱਲੋਂ ਬੀਤੇ ਐਤਵਾਰ (10.8.2025) ਮਹੀਨਾਵਾਰ ਸਾਹਿਤਕ ਸਮਾਗਮ ਆਯੋਜਿਤ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਦੇ ਯੁਵਾ-ਕਵੀ ਸਿਮਰ ਜੰਗਰਾਲ ਦੀ ਕਾਵਿ ਕਿਤਾਬ ‘ਡਰ ਲੱਗਦਾ ਏ’ ਦਾ ਲੋਕ ਅਰਪਣ ਅਤੇ ਸੰਵਾਦ ਰਚਾਇਆ ਗਿਆ। ਇਸ ਸੰਵਾਦ ਵਿੱਚ ਮੁੱਖ ਵਕਤਾ ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੇਵਾਮੁਕਤ ਅਧਿਆਪਕ ਅਤੇ ਜਾਣੇ ਪਛਾਣੇ ਲੇਖਕ ਪ੍ਰੋ. ਨਵ ਸੰਗੀਤ ਸਿੰਘ ਨੇ ਗੰਭੀਰ ਪਰਚਾ ਪ੍ਰਸਤੁਤ ਕੀਤਾ ਤੇ ਉਨ੍ਹਾਂ ਨੇ ਸਿਮਰ ਜੰਗਰਾਲ ਨੂੰ ਜ਼ੁੱਰਅਤ ਵਾਲਾ ਕਵੀ ਕਹਿ ਕੇ ਪੁਸਤਕ ਦੀਆਂ ਛੋਟੀਆਂ ਛੋਟੀਆਂ 87 ਕਵਿਤਾਵਾਂ ਵਿਚਲੇ ਵਿਸ਼ਿਆਂ ਬਾਰੇ ਵਿਸਤ੍ਰਿਤ ਚਰਚਾ ਕੀਤੀ। ਪ੍ਰੋ. ਸਿੰਘ ਨੇ ਦੱਸਿਆ ਕਿ ਕਿਤਾਬ ਵਿੱਚ ਕਵੀ ਨੇ ਦਲਿਤ ਚੇਤਨਾ, ਮੁਹੱਬਤ ਦੇ ਰੰਗ, ਨਸ਼ਿਆਂ ਦਾ ਵਿਰੋਧ ਜਿਹੇ ਭਾਵਬੋਧ ਦੀ ਤਰਜਮਾਨੀ ਬਹੁਤ ਹੀ ਵਧੀਆ ਢੰਗ ਨਾਲ ਕੀਤੀ ਹੈ। ਸ.ਸ. ਬੋਰਡ ਦੇ ਸਾਬਕਾ ਚੇਅਰਮੈਨ ਸ. ਤੇਜਿੰਦਰਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿੱਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਅਤੇ ਅਹੁਦੇਦਾਰਾਂ ਵੱਲੋਂ ਪ੍ਰੋ. ਨਵ ਸੰਗੀਤ ਸਿੰਘ ਨੂੰ ਹਾਰ ਪਾ ਕੇ ਸਨਮਾਨ ਚਿੰਨ੍ਹ ਪ੍ਰਦਾਨ ਕੀਤਾ ਗਿਆ।