ਫਰੀਦਕੋਟ 30 ਮਾਰਚ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਮਾਂ ਬੋਲੀ ਵਿਰਾਸਤ ਅਤੇ ਪੁਰਾਤਨ ਸੱਭਿਆਚਾਰ ਨਾਲ ਜੋੜਨ ਲਈ ਉਪਰਾਲਾ ਕਰ ਰਹੀ ਮੇਲਾ ਰੂਹਾਂ ਦਾ ਅੰਤਰਰਾਸ਼ਟਰੀ ਸਾਹਿਤਕ ਪਰਿਵਾਰ (ਸੰਸਥਾ) ਮੁੰਬਈ ਦੀ ਸਰਪ੍ਰਸਤ ਮਨਪ੍ਰੀਤ ਕੌਰ ਸੰਧੂ ਅਤੇ ਓਹਨਾਂ ਦੀ ਸਮੁੱਚੀ ਟੀਮ ਨੇ ਜੋ ਬੀੜਾ ਚੁੱਕਿਆ ਹੋਇਆ ਹੈ,ਉਸ ਦਾ ਕਾਫਲਾ ਦਿਨੋਂ ਦਿਨ ਵਧ ਰਿਹਾ ਹੈ, ਪਟਿਆਲਾ,ਸ੍ਰੀ ਮੁਕਤਸਰ ਸਾਹਿਬ, ਗੰਗਾਨਗਰ,ਅਤੇ ਫਰੀਦਕੋਟ ਵਿਖੇ ਸਫ਼ਲ ਸਾਹਿਤਕ ਸਮਾਗਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਕੱਲ ਟੀਚਰ ਹੋਮ ਬਠਿੰਡਾ ਵਿਖੇ ਭਰਵੀਂ ਹਾਜ਼ਰੀ ਵਿੱਚ ਸਫ਼ਲ ਸਾਹਿਤਕ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਕਨੇਡਾ ਪੰਜਾਬ ਅਤੇ ਰਾਜਸਥਾਨ ਤੋਂ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੀਆਂ ਮਹਾਨ ਸ਼ਖ਼ਸੀਅਤਾਂ ਨੇ ਹਿੱਸਾ ਲਿਆ।
ਇਹ ਯਾਦਗਾਰੀ ਸਾਹਿਤਕ ਸਮਾਗਮ ਵਿੱਚ ਪੁਰਾਤਨ ਵਿਰਸੇ ਦੀ ਹਰ ਵੰਨਗੀ ਵੇਖਣ ਸੁਣਨ ਲਈ ਮਿਲੀ। ਗ਼ਜ਼ਲਾਂ ਦੋਹੇ ਸਿੱਠਣੀਆਂ ਰੁਬਾਈਆਂ ਮਿੰਨੀ ਕਹਾਣੀ ਅਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਸਕਿੱਟਾਂ ਨੇ ਸਰੋਤਿਆਂ ਨੂੰ ਅਖੀਰ ਤੱਕ ਕੀਲੀ ਰੱਖਿਆ।
ਇਸ ਸਮੇਂ ਤੇ ਪ੍ਰਧਾਨਗੀ ਮੰਡਲ ਵੱਲੋਂ ਪੰਜ ਨਵੇਂ ਆਉਣ ਵਾਲੇ ਗੀਤਾਂ ਦੇ ਪੋਸਟਰ ਅਤੇ ਗੁਰਬਾਜ ਗਿੱਲ ਦੇ ਜਸਟ ਪੰਜਾਬੀ ਅਖਬਾਰ ਦਾ ਸਲਾਨਾ ਕਲੈਂਡਰ ਵੀ ਜਾਰੀ ਕੀਤੇ। ਪ੍ਰਧਾਨਗੀ ਮੰਡਲ ਵਿੱਚ ਉਚੇਚੇ ਤੌਰ ਤੇ ਕਨੇਡਾ ਤੋਂ ਆਏ ਗੁਰਬਖਸ਼ ਕੌਰ ਮੇਹਰਬਾਨ, ਅੰਮ੍ਰਿਤ ਪਾਲ ਕੌਰ ਕਲੇਰ,ਦੀਪ ਲੁਧਿਆਣਵੀ,ਮਾਨ ਸਿੰਘ ਸੁਧਾਰ,ਸੁਮਨ ਸ਼ਰਮਾਂ, ਸੁਖਵੀਰ ਕੌਰ ਸਰਾਂ,ਮੈਡਮ ਸੱਸੀ ਸਿੱਕਾ ਅਤੇ ਮਨਪ੍ਰੀਤ ਕੌਰ ਸੰਧੂ ਦੇ ਨਾਲ ਹਰਜਿੰਦਰ ਕੌਰ ਸੁਸ਼ੋਭਿਤ ਸਨ।ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਲਈ ਕਾਫਲੇ ਨੂੰ ਹੋਰ ਪ੍ਰਫੁੱਲਤ ਕਰਨ ਲਈ ਇਕਬਾਲ ਸਿੰਘ ਸਹੋਤਾ ਨੂੰ ਹਨੂੰਮਾਨਗੜ੍ਹ ਦਾ ਚੇਅਰਮੈਨ, ਗੁਰਦੀਪ ਸਿੰਘ ਦਾਨੀ ਨੂੰ ਪੰਜਾਬ ਦਾ ਚੇਅਰਮੈਨ ਅਤੇ ਵਿਰਸੇ ਦੇ ਲੇਖਕ ਜਸਵੀਰ ਸ਼ਰਮਾਂ ਦੱਦਾਹੂਰ ਨੂੰ ਸੰਸਥਾ ਦਾ ਪ੍ਰੈਸ ਸਕੱਤਰ ਬਣਾ ਕੇ ਸਭਨਾਂ ਨੂੰ ਸਨਮਾਨਿਤ ਕੀਤਾ ਗਿਆ।ਆਏ ਹੋਏ ਸਾਰੇ ਸਾਹਿਤਕਾਰ/ਕਵੀਆਂ ਨੇ ਆਪੋ ਆਪਣੀਆਂ ਰਚਨਾਵਾਂ ਸੁਣਾ ਕੇ ਮਹੌਲ ਨੂੰ ਸੁਹਾਵਣਾ ਬਣਾਈ ਰੱਖਿਆ ਤੇ ਸਭਨਾਂ ਆਏ ਹੋਏ ਸਾਹਿਤਕਾਰ ਕਵੀ ਦੋਸਤਾਂ ਨੂੰ ਸਰਟੀਫਿਕੇਟ ਅਤੇ ਮਮੈਂਟੋ ਦੇ ਕੇ ਮਾਣ ਸਤਿਕਾਰ ਵੀ ਕੀਤਾ ਗਿਆ।ਦੇਰ ਤੱਕ ਚੱਲੇ ਇਸ ਸਮਾਗਮ ਵਿੱਚ ਆਏ ਹੋਏ ਸਾਰੇ ਸਾਹਿਤਕਾਰ ਦੋਸਤਾਂ ਨੂੰ ਮਨਪ੍ਰੀਤ ਕੌਰ ਸੰਧੂ ਨੇ ਜੀ ਆਇਆਂ ਕਿਹਾ ਅਤੇ ਅੱਗੇ ਤੋਂ ਇਸ ਤੋਂ ਵੀ ਵਧੀਆ ਪ੍ਰੋਗਰਾਮ ਕਰਨ ਲਈ ਸਭਨਾਂ ਦੇ ਸਾਥ ਤੇ ਜੋਰ ਦਿੱਤਾ। ਲੰਗਰ ਦੀ ਸੇਵਾ ਸ੍ਰ: ਜਗਰਾਜ ਸਿੰਘ ਪ੍ਰਧਾਨ ਗੁਰਦੁਆਰਾ ਮਤੀ ਦਾਸ ਬਠਿੰਡਾ ਵੱਲੋਂ ਨਿਭਾਈ ਗਈ ਅਤੇ ਓਹਨਾਂ ਦਾ ਸੰਸਥਾ ਵੱਲੋਂ ਸਨਮਾਨ ਵੀ ਕੀਤਾ ਗਿਆ।ਸਟੇਜ ਦੀ ਕਾਰਵਾਈ ਮਨਪ੍ਰੀਤ ਕੌਰ ਸੰਧੂ ਅਤੇ ਗੁਰਭੈ ਸਿੰਘ ਭਲਾਈਆਣਾ ਨੇ ਬਾਖੂਬੀ ਨਿਭਾਈ। ਇਹ ਜਾਣਕਾਰੀ ਪ੍ਰੈਸ ਨਾਲ ਇਸ ਸੰਸਥਾ ਦੇ ਪ੍ਰੈਸ ਸਕੱਤਰ ਜਸਵੀਰ ਸ਼ਰਮਾਂ ਦੱਦਾਹੂਰ ਨੇ ਸਾਂਝੀ ਕੀਤੀ।