ਕੋਟਕਪੂਰਾ, 5 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ਼੍ਰੀ ਹਰਦੀਪ ਸ਼ਰਮਾ ਕੋਆਰਡੀਨੇਟਰ ਕੋਆਪਰੇਟਿਵ ਟੀਮ ਕਿਸਾਨ ਮੋਰਚਾ ਭਾਰਤੀ ਜਨਤਾ ਪਾਰਟੀ ਪੰਜਾਬ ਨੇ ਪਾਰਟੀ ਵਰਕਰਾਂ ਦੇ ਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਬੁਰੀ ਤਰ੍ਹਾਂ ਨਾਲ ਫਲੋਪ ਹੋ ਚੁੱਕੀ ਹੈ। ਉਨਾਂ ਨੇ ਪਿਛਲੇ ਦਿਨੀ ਹੋਈਆਂ ਕੁਝ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਬੀਬੀ ਨਰਿੰਦਰ ਕੌਰ ਭਰਾਜ ਜੀ ਵੱਲੋਂ ਟਰੱਕ ਯੂਨੀਅਨ ਦੀ ਪ੍ਰਧਾਨਗੀ ਲਈ 30 ਲੱਖ ਰੁਪਈਆ ਲੈਣਾ ਅਤੇ ਫਿਰ 55 ਲੱਖ ਰੁਪਈਆ ਲੈਣ ਦੀ ਜੋ ਗੱਲ ਸਾਹਮਣੇ ਆਈ ਹੈ, ਉਹ ਬਹੁਤ ਹੀ ਸ਼ਰਮਨਾਕ ਅਤੇ ਨਿੰਦਣਯੋਗ ਹੈ। ਇਸੇ ਤਰ੍ਹਾਂ ਹਲਕਾ ਰਾਮਪੁਰਾ ਫੂਲ ਤੋਂ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਜੋ ਆਡੀਓ ਸਾਹਮਣੇ ਆਈ ਹੈ, ਉਹ ਵੀ ਬਹੁਤ ਜਿਆਦਾ ਸ਼ਰਮਨਾਕ ਅਤੇ ਨਿੰਦਾਯੋਗ ਕੰਮ ਹੈ, ਇੱਕ ਭਾਈਚਾਰੇ ਵਾਸਤੇ ਅਜਿਹੇ ਸ਼ਬਦ ਵਰਤਨੇ ਕਿਸੇ ਹਲਕੇ ਦੇ ਚੁਣੇ ਹੋਏ ਨੁਮਾਇੰਦੇ ਨੂੰ ਸ਼ੋਭਾ ਨਹੀਂ ਦਿੰਦੇ, ਇਸ ਦੇ ਨਾਲ ਹੀ ਉਹਨਾਂ ਨੇ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਉੱਪਰ ਝੂਠਾ ਪਰਚਾ ਕਰਨਾ ਪਰੇਸ਼ਾਨ ਕਰਨਾ ਆਦਿ ਕੰਮ ਵੀ ਅਤਿ ਨਿੰਦਣਯੋਗ ਹੈ। ਇਨਾ ਸਭ ਚੀਜ਼ਾਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨਾਂ ਲਈ ਵਰਤੀ ਸ਼ਬਦਾਵਲੀ ਉਹਨਾਂ ਦੇ ਸਿਰ ਚੜ ਕੇ ਬੋਲ ਰਹੇ ਹੰਕਾਰ ਨੂੰ ਦਰਸਾਉਂਦੀ ਹੈ। ਅਸਲ ਵਿੱਚ ਇਸ ਪਾਰਟੀ ਦਾ ਕੋਈ ਵੀ ਨੇਤਾ ਸਰਕਾਰ ਚਲਾਉਣ ਦੇ ਯੋਗ ਨਹੀਂ ਹੈ, ਨਾ ਹੀ ਇਹ ਲੋਕ ਜਾਣਦੇ ਹਨ ਕਿ ਪ੍ਰਸ਼ਾਸਨ ਨੂੰ ਕਿਸ ਤਰੀਕੇ ਨਾਲ ਚਲਾਇਆ ਜਾਣਾ ਚਾਹੀਦਾ ਹੈ ਅਤੇ ਪ੍ਰਸ਼ਾਸਨਕ ਅਧਿਕਾਰੀਆਂ ਤੋਂ ਕਿਸ ਤਰ੍ਹਾਂ ਕੰਮ ਲਏ ਜਾਣੇ ਚਾਹੀਦੇ ਹਨ। ਹੋਰ ਵੀ ਬਹੁਤ ਸਾਰੀਆਂ ਸ਼ਿਕਾਇਤਾਂ ਇਸ ਸਰਕਾਰ ਵਿੱਚ ਆ ਰਹੀਆਂ ਹਨ ਜਿਵੇਂ ਕਿ ਨਸ਼ੇ ਦਾ ਬਹੁਤ ਜਿਆਦਾ ਵੱਧ ਜਾਣਾ ਭਰਿਸ਼ਟਾਚਾਰ ਦਾ ਬੁਲਬਲਾ ਹੋਣਾ ਜਨਤਾ ਦੇ ਕੰਮ ਸਿਰੇ ਨਾ ਚੜਨੇ ਤੇ ਅਨੇਕਾਂ ਹੀ ਹੋਰ ਸ਼ਿਕਾਇਤਾਂ ਅਜਿਹੀਆਂ ਹਨ, ਜਿਨਾਂ ਤੋਂ ਸਾਫ ਪਤਾ ਚੱਲਦਾ ਹੈ ਕਿ ਮੌਜੂਦਾ ਸਰਕਾਰ ਬੁਰੀ ਤਰਹਾਂ ਫੇਲ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਇਹ ਮੇਰੇ ਨਿੱਜੀ ਵਿਚਾਰ ਹਨ ਕਿ ਮੈਨੂੰ ਪ੍ਰਤੀਤ ਹੁੰਦਾ ਹੈ, ਅਜਿਹੇ ਸਮੇਂ ਵਿੱਚ ਜਦੋਂ ਢਾਂਚਾ ਸੰਭਾਲਿਆ ਨਾ ਜਾ ਰਿਹਾ ਹੋਵੇ ਤਾਂ ਸਰਕਾਰ ਦੇ ਮੁੱਖ ਨੇਤਾਵਾਂ ਨੂੰ ਅਸਤੀਫਾ ਦੇ ਕੇ ਪਾਸੇ ਹੋ ਜਾਣਾ ਚਾਹੀਦਾ ਹੈ ਤੇ ਯੋਗ ਲੀਡਰਾਂ ਨੂੰ ਅੱਗੇ ਲਿਆ ਕੇ ਪ੍ਰਸ਼ਾਸਨ ਦਾ ਕੰਮ ਚਲਾਉਣਾ ਚਾਹੀਦਾ ਹੈ। ਉਹਨਾਂ ਨੇ ਬੋਲਦੇ ਹੋਏ ਇਹ ਵੀ ਕਿਹਾ ਕਿ ਪਿਛਲੇ ਦਿਨੀ ਕਈ ਪਰਚੇ ਨਜਾਇਜ਼ ਕੀਤੇ ਗਏ ਹਨ ਜੋ ਕਿ ਬਹੁਤ ਹੀ ਗਲਤ ਹੈ ਅਤੇ ਅਜਿਹੇ ਕੰਮਾਂ ਨੂੰ ਜਨਤਾ ਵੱਲੋਂ ਕਦੇ ਵੀ ਸਰਾਹਿਆ ਨਹੀਂ ਜਾ ਸਕਦਾ ਅਤੇ ਨਾ ਹੀ ਸਵੀਕਾਰ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਮਾਨ ਸਾਹਿਬ ਨੂੰ ਆਪਣੇ ਸ਼ਬਦਾਵਲੀ ਦੇ ਉੱਪਰ ਕੰਟਰੋਲ ਕਰਨਾ ਚਾਹੀਦਾ ਹੈ ਅਤੇ ਕਿਸਾਨਾਂ ਦੇ ਬਣਦੇ ਹੱਕ ਦੇਣ ਲਈ ਜਲਦ ਕੋਈ ਹੱਲ ਕੱਢਣਾ ਚਾਹੀਦਾ ਹੈ। ਇਸੇ ਤਰਾਂ ਹੀ ਤਹਿਸੀਲਦਾਰਾਂ ਨੂੰ ਸਸਪੈਂਡ ਕਰਨਾ ਵੀ ਮੁੱਖ ਮੰਤਰੀ ਸਾਹਿਬ ਦੇ ਸੰਯਮ ਤੇ ਸ਼ੱਕ ਪੈਦਾ ਕਰਦਾ ਹੈ। ਇਸ ਦੇ ਨਾਲ ਹੀ ਸ੍ਰੀ ਸ਼ਰਮਾ ਨੇ ਕਿਹਾ ਕਿ ਕਿਸਾਨਾਂ ਅਤੇ ਆਮ ਜਨਤਾ ਨੂੰ ਵੀ ਹੁਣ ਸਮਝ ਜਾਣਾ ਚਾਹੀਦਾ ਹੈ ਕਿ ਭਾਰਤੀ ਜਨਤਾ ਪਾਰਟੀ ਹੀ ਉਹਨਾਂ ਦੇ ਹੱਕ ਦੀ ਗੱਲ ਕਰ ਸਕਦੀ ਹੈ, ਜਦੋਂ ਕਿ ਦੂਸਰੀਆਂ ਸਾਰੀਆਂ ਪਾਰਟੀਆਂ ਅਸੀਂ ਨਿਭ, ਹੰਢ ਕੇ ਵੇਖ ਚੁੱਕੇ ਹਾਂ। ਸੋ ਆਓ ਰਲ ਮਿਲ ਕੇ ਭਾਰਤੀ ਜਨਤਾ ਪਾਰਟੀ ਦੇ ਹੱਥ ਮਜਬੂਤ ਕਰੀਏ ਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਵੀ ਕੇਂਦਰ ਨਾਲ ਮਿਲਦੀ ਜੁਲਦੀ ਇੱਕ ਮਜਬੂਤ ਸਰਕਾਰ ਲੈ ਕੇ ਆਈਏ। ਇਸ ਮੌਕੇ ਉਹਨਾਂ ਨਾਲ ਸਾਬਕਾ ਸਰਪੰਚ ਸ੍ਰੀ ਅਮ੍ਰਿਤ ਲਾਲ ਜੀ ਸ਼ਰਮਾ, ਚਮਕੌਰ ਸਿੰਘ ਬਾਹਮਣ ਵਾਲਾ, ਹਰਵਿੰਦਰ ਸ਼ਰਮਾ, ਗੁਲਜਾਰ ਸਿੰਘ ਬਾਹਮਣ ਵਾਲਾ, ਸ਼੍ਰੀ ਕ੍ਰਿਸ਼ਨ ਨਾਰੰਗ ਮੰਡਲ ਪ੍ਰਧਾਨ ਕੋਟਕਪੂਰਾ, ਜਸਪਾਲ ਸਿੰਘ ਪੰਜਗਰਾਈ ਮੀਤ ਪ੍ਰਧਾਨ ਐਸ.ਸੀ. ਮੋਰਚਾ ਪੰਜਾਬ ਸਮੇਤ ਅਨੇਕਾਂ ਹੋਰ ਸਾਥੀ ਵੀ ਹਾਜ਼ਰ ਸਨ।

