ਉਚੇਰੀ ਸਿੱਖਿਆ ਅਤੇ ਸਮਾਜ ਦੇ ਸਮੁੱਚੇ ਵਿਕਾਸ ਵਿੱਚ ਡੂੰਘਾ ਰਿਸ਼ਤਾ: ਡਾ. ਸਵਰਾਜ ਸਿੰਘ
ਪਟਿਆਲਾ 14 ਫ਼ਰਵਰੀ (ਡਾ. ਭਗਵੰਤ ਸਿੰਘ/ਵਰਲਡ ਪੰਜਾਬੀ ਟਾਈਮਜ਼)
ਗੁਰਮਤਿ ਲੋਕਧਾਰਾ ਵਿਚਾਰਮੰਚ ਦੇ ਸਹਿਯੋਗ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਵਰਲਡ ਪੰਜਾਬੀ ਸੈਂਟਰ ਵੱਲੋਂ ਪੰਜਾਬ ਦੇ ਪਰਵਾਸ ਅਤੇ ਉਚੇਰੀ ਸਿੱਖਿਆ ਵਿਸ਼ੇ ਤੇ ਸੰਵਾਦ ਕਰਵਾਇਆ ਗਿਆ। ਮੁੱਖ ਵਕਤਾ ਉਘੇ ਚਿੰਤਕ ਡਾ. ਸਵਰਾਜ ਸਿੰਘ ਨੇ ਕਿਹਾ ਕਿ ਪੰਜਾਬ ਦਾ ਇਤਿਹਾਸਕ ਤਜਰਬਾ ਇਸ ਤੱਥ ਦੀ ਪੁਸ਼ਟੀ ਕਰਦਾ ਹੈ ਕਿ ਉਚੇਰੀ ਸਿੱਖਿਆ ਅਤੇ ਸਮਾਜਿਕ ਅਤੇ ਆਰਥਿਕ ਵਿਕਾਸ ਵਿੱਚ ਡੂੰਘਾ ਰਿਸ਼ਤਾ ਹੈ। ਪੁਰਾਤਨ ਕਾਲ ਅਤੇ ਉਨੀਵੀਂ ਸਦੀ ਵਿੱਚ ਪੰਜਾਬ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਸੰਸਾਰ ਦਾ ਸਿਰਕੱਢ ਖਿੱਤਾ ਸੀ, ਉਸ ਸਮੇਂ ਪੰਜਾਬ ਸਮਾਜਿਕ ਅਤੇ ਆਰਥਿਕ ਤੌਰ ਤੇ ਵੀ ਸਿਖਰਾਂ ਛੂਹ ਰਿਹਾ ਸੀ। ਉਨ੍ਹਾਂ ਕਿਹਾ ਕਿ ਅੱਜ ਪਰਵਾਸ ਕਾਰਨ ਪੰਜਾਬ ਅਤੇ ਪੰਜਾਬੀ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਪੱਛੜ ਰਹੇ ਹਨ। ਸਮੁੱਚੇ ਤੌਰ ਤੇ ਪੰਜਾਬੀ ਹੇਠਲੀ ਸੂਚੀ ਬਣਨ ਵੱਲ ਵਧ ਰਹੇ ਹਨ। ਪੰਜਾਬੀਆਂ ਵਿੱਚ ਇੱਕ ਸੰਪਨ ਵਰਗ ਦਾ ਪੈਦਾ ਹੋਣਾ ਵੀ ਹੇਠਲੀ ਸ਼੍ਰੇਣੀ ਦਾ ਹੀ ਸੂਚਨਕ ਹੈ, ਪੰਜਾਬੀਆਂ ਵਿੱਚ ਹਿੰਸਾ ਅਤੇ ਜੁਰਮ ਦੀ ਪ੍ਰਵਿਰਤੀ ਵਧੀ ਜਾ ਰਹੀ ਹੈ। ਪੰਜਾਬ ਦੀਆਂ ਸਿੱਖਿਆ ਅਤੇ ਗਿਆਨ ਦੇ ਖੇਤਰਾਂ ਵਿੱਚ ਮਹਾਨ ਪ੍ਰੰਪਰਾਵਾਂ ਨੂੰ ਸੁਰਜੀਤ ਕਰਨ ਦੀ ਲੋੜ ਹੈ।
ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ ਨੇ ਕਿਹਾ ਕਿ ਵਰਲਡ ਪੰਜਾਬੀ ਸੈਂਟਰ ਪੰਜਾਬ ਅਤੇ ਪੰਜਾਬੀਆਂ ਨੂੰ ਦਰਪੇਸ਼ ਚੁਣੌਤੀਆਂ ਅਤੇ ਸਮੱਸਿਆਵਾਂ ਨੂੰ ਸਹੀ ਢੰਗ ਨਾਲ ਸੰਬੋਧਿਤ ਹੋਣ ਲਈ ਸੰਵਾਦਾਂ ਦੀ ਲੜੀ ਜਾਰੀ ਰੱਖੇਗਾ। ਉੱਘੇ ਸਾਹਿਤਕਾਰ ਸ਼੍ਰੀ ਬੀ.ਐਨ ਰਤਨ ਨੇ ਪੰਜਾਬ ਅਤੇ ਪੰਜਾਬੀਆਂ ਦੇ ਨੈਤਿਕ ਸੰਕਟ ਬਾਰੇ ਚਿੰਤਾ ਜ਼ਾਹਿਰ ਕੀਤੀ। ਪੰਜਾਬੀ ਸੱਥ ਲਾਂਬੜਾ ਵੱਲੋਂ ਪ੍ਰੈਸ ਸਕੱਤਰ ਬਹਾਦਰ ਸਿੰਘ ਸੰਧੂ ਨੇ ਸ਼ਮੂਲੀਅਤ ਕਰਦਿਆਂ ਕਿਹਾ ਕਿ ਪੰਜਾਬੀ ਸੱਥ ਪੰਜਾਬੀਆਂ ਵਿੱਚ ਪੁਸਤਕ ਸੱਭਿਆਚਾਰ ਨੂੰ ਪ੍ਰੋਤਸਾਹਿਤ ਕਰਨ ਦਾ ਯਤਨ ਕਰ ਰਹੀ ਹੈ। ਕਨੇਡਾ ਤੋਂ ਅਜੈਬ ਸਿੰਘ ਚੱਠਾ ਨੇ ਖਾਲਸਾ ਰਾਜ ਵੇਲੇ ਪੰਜਾਬ ਵਿੱਚ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਹੋਈ ਮਿਸਾਲ ਉੱਨਤੀ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੇ ਵੀ ਬਹੁਤ ਉਤਸ਼ਾਹ ਪੂਰਵਕ ਸ਼ਮੂਲੀਅਤ ਕੀਤੀ। ਚਰਚਾ ਵਿੱਚ ਬਹੁਤ ਵਡਮੁੱਲੇ ਸੁਝਾਅ ਪੇਸ਼ ਕੀਤੇ ਗਏ। ਡਾ. ਭਗਵੰਤ ਸਿੰਘ ਜਨਰਲ ਸਕੱਤਰ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਅਨੁਸਾਰ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਮਨਮੋਹਨ ਸਿੰਘ, ਇਕਬਾਲ ਗੱਜਣ, ਡਾ. ਲਕਸ਼ਮੀ ਨਰਾਇਣ ਭੀਖੀ, ਰਾਕੇਸ਼ ਸ਼ਰਮਾ, ਨਾਹਰ ਸਿੰਘ ਮੁਬਾਰਕਪੁਰੀ, ਸੁਰਿੰਦਰ ਨਾਗਰਾ, ਡਾ. ਤਰਲੋਚਨ ਕੌਰ, ਰਿਪਨਜੋਤ ਕੌਰ, ਸੋਨੀ ਬੱਗਾ, ਅੰਮ੍ਰਿਤਪਾਲ ਸਿੰਘ, ਐਮ. ਐਸ. ਜੱਗੀ, ਕਿਰਨਜੋਤ ਸਿੰਘ ਢਿੱਲੋਂ, ਥਾਣਾ ਸਿੰਘ, ਗੋਪਾਲ ਸ਼ਰਮਾ, ਰਾਜੇਸ਼ ਸ਼ਰਮਾ ਅਤੇ ਜੋਗਾ ਸਿੰਘ ਨੇ ਵੀ ਚਰਚਾ ਵਿੱਚ ਹਿੱਸਾ ਲਿਆ।