ਫ਼ਰੀਦਕੋਟ ਤੋਂ ਵੱਡੀ ਗਿਣਤੀ ਮਜ਼ਦੂਰ ਪ੍ਰਦਰਸ਼ਨ ਦਾ ਬਣਨਗੇ ਹਿੱਸਾ : ਹਰਵੀਰ ਕੌਰ
ਕੋਟਕਪੂਰਾ, 24 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਨੂੰ ਪੁਲਿਸ ਸਟੇਟ ਬਣਾਉਣ ਖਿਲਾਫ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ‘ਤੇ ਲਾਈ ਅਣ-ਐਲਾਨੀ ਪਾਬੰਦੀ ਖਿਲਾਫ ਮਜ਼ਦੂਰ ਕਿਸਾਨ ਜਥੇਬੰਦੀਆਂ ਵੱਲੋਂ 25 ਜੁਲਾਈ ਨੂੰ ਸੰਗਰੂਰ ਵਿਖੇ ਕੀਤੇ ਜਾ ਰਹੇ ਵਿਸ਼ਾਲ ਇਕੱਠ ਦੀਆਂ ਤਿਆਰੀਆਂ ਲਈ ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪਿੰਡ ਹਰੀ ਨੌ, ਸਰਾਵਾਂ, ਜਿਉਣਵਾਲਾ, ਕੋਠੇ ਹਜ਼ੂਰਾ ਸਿੰਘ ਵਾਲਾ, ਢਿੱਲਵਾਂ ਕਲਾਂ ਵਿਖੇ ਮੀਟਿੰਗ ਅਤੇ ਜਾਗੋ ਰੈਲੀਆਂ ਰਾਹੀਂ ਲਾਮਬੰਦੀ ਕਰਨ ਉਪਰੰਤ ਵੱਡੀ ਗਿਣਤੀ ਵਿੱਚ ਸੰਗਰੂਰ ਪਹੁੰਚਣ ਦਾ ਸੱਦਾ ਦਿੱਤਾ ਗਿਆ। ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਹਰਵੀਰ ਕੌਰ ਅਤੇ ਨੌਜਵਾਨ ਭਾਰਤ ਸਭਾ ਦੇ ਸੂਬਾਈ ਆਗੂ ਨੌ ਨਿਹਾਲ ਸਿੰਘ ਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਨੂੰ ਪੁਲਿਸ ਸਟੇਟ ਬਣਾ ਦਿੱਤਾ ਹੈ, ਲਗਾਤਾਰ ਪੁਲਿਸ ਹਿਰਾਸਤ ਵਿੱਚ ਨੌਜਵਾਨਾਂ ਦੇ ਕਤਲ ਕੀਤੇ ਜਾ ਰਹੇ ਹਨ ਅਤੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਹਨ। ਗੋਨਿਆਣਾ ਤੋਂ ਨਰਿੰਦਰ ਦੀਪ ਦਾ ਬੇਵਜਾਹ ਕਤਲ, ਚੰਦਭਾਨ ਘਟਨਾ ਚ ਪੁਲੀਸ ਦੀ ਗੁੰਡਾਗਰਦੀ ਪੁਲਿਸ ਨੂੰ ਦਿੱਤੀਆਂ ਹੋਈਆਂ ਤਾਕਤਾਂ ਦਾ ਨਤੀਜਾ ਹਨ। ਪੀ ਐੱਸ ਯੂ ਦੇ ਜ਼ਿਲ੍ਹਾ ਆਗੂ ਜਸਨੀਤ ਸਿੰਘ ਅਤੇ ਸੁਖਬੀਰ ਸਿੰਘ ਨੇ ਕਿਹਾ ਕਿ ਸੰਗਰੂਰ ਵਿੱਚ ਬੇਜ਼ਮੀਨੇ ਦਲਿਤ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਲਈ ਜਮੀਨ ਦੀ ਲੜਾਈ ਲੜਨ ਵਾਲੀ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ‘ਤੇ ਅੰਨ੍ਹਾ ਤਸ਼ੱਦਦ ਢਾਹਿਆ ਜਾ ਰਿਹਾ ਹੈ, ਉਹਨਾਂ ਨੂੰ ਜੇਲਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ ਅਤੇ ਝੂਠੇ ਕੇਸ ਮੜ੍ਹੇ ਜਾ ਰਹੇ ਹਨ। ਜਮੀਨ ਪ੍ਰਾਪਤੀ ਸੰਘਰਸ਼ ਨੂੰ ਕੋਈ ਵੀ ਐਕਸ਼ਨ ਨਹੀਂ ਕਰਨ ਦਿੱਤਾ ਜਾ ਰਿਹਾ। ਆਗੂਆਂ ਨੇ ਕਿਹਾ ਕਿ ਇਸ ਅਣਐਲਾਨੀ ਪਾਬੰਦੀ ਖਿਲਾਫ ਅਤੇ ਜਨਤਕ ਜਮਹੂਰੀ ਜਥੇਬੰਦੀਆਂ ‘ਤੇ ਲਗਾਤਾਰ ਪੁਲਿਸ ਵੱਲੋਂ ਕੀਤੇ ਜਾ ਰਹੇ ਜਬਰ ਖਿਲਾਫ 25 ਜੁਲਾਈ ਨੂੰ ਸੰਗਰੂਰ ਵਿਖੇ ਮਜ਼ਦੂਰ ਕਿਸਾਨ ਜਥੇਬੰਦੀਆਂ ਵੱਲੋਂ ਹਜ਼ਾਰਾਂ ਦਾ ਵਿਸ਼ਾਲ ਇਕੱਠ ਕੀਤਾ ਜਾ ਰਿਹਾ ਹੈ, ਜਿਸ ਦੀਆਂ ਲਗਾਤਾਰ ਫ਼ਰੀਦਕੋਟ ਜਿਲ੍ਹੇ ਵਿੱਚ ਤਿਆਰੀਆਂ ਜਾਰੀ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਲੰਧਰ ਸੰਧਵਾਂ, ਹਰਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਰੋਬਿਨ ਹਰੀ ਨੌ ਆਦਿ ਨੇ ਵੱਖ-ਵੱਖ ਥਾਵਾਂ ‘ਤੇ ਮੀਟਿੰਗਾਂ ਅਤੇ ਰੈਲੀਆਂ ਨੂੰ ਸੰਬੋਧਨ ਕੀਤਾ।