ਪੰਜਾਬ ਸਰਕਾਰ ਪਾਵਰਕਾਮ ਅਤੇ ਹੋਰ ਸਰਕਾਰੀ ਅਦਾਰਿਆਂ ਦੀਆਂ ਜਾਇਦਾਦਾਂ ਵੇਚਣ ਦਾ ਫੈਸਲਾ ਵਾਪਸ ਲੈਣ ਦੀ ਮੰਗ
ਕੋਟਕਪੂਰਾ, 15 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਪੈਨਸ਼ਨਰਜ਼ ਯੂਨੀਅਨ ਸਬੰਧਤ ਏਟਕ ਜ਼ਿਲ•ਾ ਫਰੀਦਕੋਟ ਦੀ ਮਹੀਨਾਵਾਰ ਮੀਟਿੰਗ ਅੱਜ ਸਥਾਨਕ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਕੁਲਵੰਤ ਸਿੰਘ ਚਾਨੀ ਜ਼ਿਲ•ਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ| ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾਈ ਸਲਾਹਕਾਰ ਬਲਦੇਵ ਸਿੰਘ ਸਹਿਦੇਵ ਨੇ ਮੌਜੂਦਾ ਦੌਰ ਵਿੱਚ ਮੁਲਕ ਵਿੱਚ ਬਣੇ ਹੋਏ ਗੰਭੀਰ ਹਾਲਤਾਂ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦੇਸ਼ ਦੀ ਹੁਕਮਰਾਨ ਸਰਕਾਰ ਕਾਰਪਰੇਟ ਸੈਕਟਰ ਦੇ ਦਬਾਅ ਹੇਠ ਕੰਮ ਕਰ ਰਹੀ ਹੈ| ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੈਨਸ਼ਨਰ ਆਗੂਆਂ ਇਕਬਾਲ ਸਿੰਘ ਮੰਘੇੜਾ, ਸੋਮ ਨਾਥ ਅਰੋੜਾ, ਕੁਲਜੀਤ ਸਿੰਘ ਬੰਬੀਹਾ, ਮੰਦਰ ਸਿੰਘ ਲੈਕਚਰਾਰ ਅਤੇ ਤਰਸੇਮ ਨਰੂਲਾ ਨੇ ਪੰਜਾਬ ਵਿੱਚ ਪਿਛਲੇ ਲਗਭਗ ਚਾਰ ਸਾਲ ਤੋਂ ਹੁਕਮਰਾਨ ਭਗਵੰਤ ਮਾਨ ਸਰਕਾਰ ਨੇ ਪੰਜਾਬ ਸਰਕਾਰ ਸਿਰ ਕਰਜੇ ਦੀ ਪੰਡ ਹੋਰ ਭਾਰੀ ਕਰ ਦਿੱਤੀ ਹੈ| ਇਸ ਕਰਕੇ ਹੁਣ ਭਗਵੰਤ ਸਿੰਘ ਮਾਨ ਸਰਕਾਰ ਬਿਜਲੀ ਬੋਰਡ ਸਮੇਤ ਹੋਰ ਸਰਕਾਰੀ ਅਦਾਰਿਆਂ ਦੀਆਂ ਜਮੀਨਾਂ ਨੂੰ ਵੇਚਣ ਜਾ ਰਹੀ ਹੈ| ਆਗੂਆਂ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ| ਆਗੂਆਂ ਨੇ ਭਗਵੰਤ ਮਾਨ ਸਰਕਾਰ ’ਤੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੀ ਤਰਜ਼ ’ਤੇ ਕਾਰਪਰੇਟ ਘਰਾਣਿਆਂ ਦੇ ਹੱਥਾਂ ਵਿੱਚ ਖੇਡ ਰਹੀ ਹੈ ਤੇ ਲਗਾਤਾਰ ਸੰਘਰਸ਼ੀਲ ਲੋਕਾਂ ਦੀ ਆਵਾਜ਼ ਨੂੰ ਗੈਰ ਲੋਕਤੰਤਰੀ ਢੰਗ ਤਰੀਕੇ ਵਰਤਕੇ ਦਬਾਉਣਾ ਚਾਹੁੰਦੀ ਹੈ। ਮੀਟਿੰਗ ਨੇ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰਕੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਲੋਕਾਂ ਨਾਲ ਕੀਤੇ ਗਏ ਬਹੁਤ ਸਾਰੇ ਵਾਅਦਿਆਂ ਤੋਂ ਸ਼ਰੇਆਮ ਮੁੱਕਰਨ ਦਾ ਦੋਸ਼ ਲਾਇਆ ਜਿਵੇਂ ਕਿ ਪੈਨਸ਼ਨਰਾਂ ਲਈ 2.59 ਦਾ ਗੁਣਾਕ ਲਾਗੂ ਨਾ ਕਰਨ, ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕਰਨ, ਸੋਧੇ ਤਨਖਾਹ ਸਕੇਲਾਂ ਦਾ ਬਣਦਾ ਬਕਾਇਆ ਯਕਮੁਸ਼ਤ ਨਾ ਦੇਣ, ਮਹਿੰਗਾਈ ਭੱਤੇ ਦੀਆਂ 16 ਫੀਸਦੀ ਦੀ ਦਰ ਨਾਲ ਬਕਾਇਆ ਪਈਆਂ ਪੰਜ ਕਿਸ਼ਤਾਂ ਨਾ ਦੇਣ, ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਨਾ ਕਰਨਾ, ਮਾਨਯੋਗ ਅਦਾਲਤਾਂ ਵੱਲੋਂ ਮੁਲਾਜ਼ਮਾਂ ਦੇ ਹੱਕ ਵਿੱਚ ਕੀਤੇ ਗਏ ਫੈਸਲਿਆਂ ਨੂੰ ਜਨਰਲਾਈਜ਼ ਕਰਨ ਦੀ ਬਜਾਏ ਹੋਰ ਲਮਕਾਉਣਾ ਆਦਿ ਮੁੱਖ ਤੌਰ ’ਤੇ ਸ਼ਾਮਿਲ ਹਨ| ਮੀਟਿੰਗ ਦੌਰਾਨਮਾਨਯੋਗ ਸੁਪਰੀਮ ਕੋਰਟ ਵੱਲੋਂ ਪੱਛਮੀ ਬੰਗਾਲ ਦੇ ਮੁਲਾਜ਼ਮਾਂ ਦੇ ਬਕਾਇਆ ਪਏ ਡੀ.ਏ ਸਬੰਧੀ ਪਿਛਲੇ ਦਿਨੀ ਦਿੱਤੇ ਗਏ ਇਤਿਹਾਸਿਕ ਫੈਸਲੇ ਦਾ ਸਵਾਗਤ ਕੀਤਾ ਗਿਆ ਅਤੇ ਭਗਵੰਤ ਮਾਨ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਇਸ ਫੈਸਲੇ ਤੋਂ ਕੋਈ ਸਬਕ ਲੈ ਕੇ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਬਕਾਇਆ ਪਿਆ ਸਾਰਾ 16 ਫੀਸਦੀ ਡੀਏ ਤੁਰੰਤ ਜਾਰੀ ਕੀਤਾ ਜਾਵੇ| ਇਸ ਮੌਕੇ ਹੋਰਨਾਂ ਤੋਂ ਇਲਾਵਾ ਪੈਨਸ਼ਨਰ ਆਗੂ ਗੁਰਚਰਨ ਸਿੰਘ ਮਾਨ, ਸ਼ਾਮ ਲਾਲ ਚਾਵਲਾ, ਅਮਰਜੀਤ ਕੌਰ ਛਾਬੜਾ, ਰਮੇਸ਼ ਢੈਪਈ, ਪ੍ਰਿੰਸੀਪਲ ਬਲਵੀਰ ਸਿੰਘ ਬਰਾੜ, ਗੁਰਦੀਪ ਭੋਲਾ ਪੀ ਆਰ ਟੀ ਸੀ, ਹਾਕਮ ਸਿੰਘ ਡੀ ਪੀ ਈ, ਇਕਬਾਲ ਸਿੰਘ ਗਿੱਲ ਡੀ ਪੀ ਈ, ਮਦਨ ਲਾਲ ਸ਼ਰਮਾ ਸੰਧਵਾਂ, ਸੁਖਮੰਦਰ ਸਿੰਘ ਰਾਮਸਰ, ਕੇਵਲ ਸਿੰਘ ਲੰਭਵਾਲੀ, ਸੁਖਦਰਸ਼ਨ ਸਿੰਘ ਗਿੱਲ, ਹਾਕਮ ਸਿੰਘ ਲੈਕਚਰਾਰ, ਕਸ਼ਮੀਰਾ ਸਿੰਘ,ਪ੍ਰਿੰਸੀਪਲ ਹਰੀ ਚੰਦ ਧਿੰਗੜਾ ਅਤੇ ਜਸਪਾਲ ਸਿੰਘ ਆਦਿ ਹਾਜ਼ਰ ਸਨ|

