ਕੋਟਕਪੂਰਾ, 17 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਅੱਜ ਪੰਜਾਬ ਪੈਨਸ਼ਨਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਪ੍ਰੇਮ ਚਾਵਲਾ, ਜਤਿੰਦਰ ਕੁਮਾਰ ਆਗੂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਕੁਲਵੰਤ ਸਿੰਘ ਚਾਨੀ ਜ਼ਿਲ੍ਹਾ ਪ੍ਰਧਾਨ ਪੰਜਾਬ ਪੈਨਸ਼ਨਰ ਯੂਨੀਅਨ, ਵੀਰਇੰਦਰਜੀਤ ਸਿੰਘ ਪੁਰੀ ਸੂਬਾ ਪ੍ਰਧਾਨ ਪੰਜਾਬ ਮੰਡੀ ਬੋਰਡ ਮੁਲਾਜ਼ਮ ਯੂਨੀਅਨ, ਬਲਕਾਰ ਸਿੰਘ ਸਹੋਤਾ ਜ਼ਿਲ੍ਹਾ ਜਨਰਲ ਸਕੱਤਰ ਕਲਾਸ ਫ਼ੋਰ ਗੌਰਮਿੰਟ ਇੰਪਲਾਈਜ ਯੂਨੀਅਨ, ਇੰਦਰਜੀਤ ਸਿੰਘ ਗਿੱਲ ਪਾਵਰ ਕਾਮ ਪੈਨਸ਼ਨਰ ਆਗੂ, ਪੈਨਸ਼ਨਰ ਆਗੂ ਅਸ਼ੋਕ ਕੌਸ਼ਲ ਤੇ ਗੁਰਤੇਜ ਸਿੰਘ ਖਹਿਰਾ ਆਗੂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਵਿੱਚ ਹੋਏ ਜਾਨੀ ਤੇ ਮਾਲੀ ਨੁਕਸਾਨ ਦਾ ਢੁੱਕਵਾਂ ਮੁਆਵਜ਼ਾ ਦੇਣ ਸਬੰਧੀ ਡਿਪਟੀ ਕਮਿਸ਼ਨਰ ਫਰੀਦਕੋਟ ਮੈਡਮ ਪੂਨਮਦੀਪ ਕੌਰ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਹੜ੍ਹਾਂ ਵਿੱਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ 20 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ, ਨੁਕਸਾਨੀਆਂ ਫਸਲਾਂ ਲਈ ਪ੍ਰਤੀ ਏਕੜ 50 ਹਜ਼ਾਰ ਰੁਪਏ ਅਤੇ ਪ੍ਰਭਾਵਿਤ ਜ਼ਮੀਨਾਂ ‘ਚੋਂ ਰੇਤ/ਗਾਰ ਬਾਹਰ ਕੱਢਣ ਲਈ ਪ੍ਰਤੀ ਏਕੜ 10 ਹਜ਼ਾਰ ਰੁਪਏ ਦਿੱਤੇ ਜਾਣ, ਬੇਜ਼ਮੀਨੇ ਲੋਕਾਂ ਨੂੰ ਪ੍ਰਤੀ ਪਰਿਵਾਰ 50 ਹਜ਼ਾਰ ਰੁਪਏ ਦੇਣ, ਦੁਧਾਰੂ ਮੱਝ ਗਾਂ ਦੇ ਮਰਨ ‘ਤੇ 1 ਲੱਖ ਰੁਪਏ ਪ੍ਰਤੀ ਪਸ਼ੂ ਅਤੇ ਹੋਰ ਪਸ਼ੂਆਂ ਲਈ 20 ਹਜ਼ਾਰ ਤੋਂ 50 ਹਜ਼ਾਰ ਰੁਪਏ ਪਸ਼ੂਧਨ ਦੇ ਨੁਕਸਾਨ ਲਈ ਦਿੱਤੇ ਜਾਣ, ਹੜ੍ਹਾਂ ਵਿੱਚ ਨੁਕਸਾਨੇ ਗਏ ਘਰਾਂ ਲਈ ਪ੍ਰਤੀ ਘਰ 5 ਲੱਖ ਰੁਪਏ ਦਿੱਤੇ ਜਾਣ, ਹੜ੍ਹਾਂ ਨਾਲ ਪ੍ਰਭਾਵਿਤ ਛੋਟੇ ਦੁਕਾਨਦਾਰ ਨੂੰ ਮੁਆਵਜ਼ਾ ਦਿੱਤਾ ਜਾਵ, ਵਿੱਦਿਅਕ ਸੰਸਥਾਵਾਂ ਵਿੱਚ ਪ੍ਰਭਾਵਿਤ ਵਿਦਿਆਰਥੀਆਂ ਲਈ ਫੀਸਾਂ ਅਤੇ ਬੋਰਡ ਦੀਆਂ ਦਾਖ਼ਲਾ ਫੀਸਾਂ ਦੀ ਮੁਆਫ਼ੀ ਦਿੱਤੀ ਜਾਵੇ, ਹੜ੍ਹਾਂ ਤੋਂ ਪ੍ਰਭਾਵਿਤ ਸਕੂਲਾਂ ਅਤੇ ਹਸਪਤਾਲਾਂ ਦੇ ਮੁੜ ਨਿਰਮਾਣ ਅਤੇ ਸਾਫ ਸਫਾਈ ਲਈ ਵਿਸ਼ੇਸ਼ ਗ੍ਰਾਂਟ ਜਾਰੀ ਕੀਤੀ ਜਾਵੇ, ਭਵਿੱਖ ਵਿੱਚ ਆਉਣ ਵਾਲੇ ਹੜ੍ਹਾਂ ਨੂੰ ਰੋਕਣ ਲਈ ਮੌਨਸੂਨ ਤੋਂ ਪਹਿਲਾਂ ਨਾਲਿਆਂ, ਨਹਿਰਾਂ ਅਤੇ ਨਦੀਆਂ ਦੀ ਨਿਕਾਸੀ ਅਤੇ ਬੰਨ੍ਹਾ ਦੀ ਮੁਰੰਮਤ ਕਰਨ, ਹਰ ਘਰ ਨੂੰ ਸਵੱਛ ਪਾਣੀ ਮੁਹੱਈਆ ਕਰਵਾਉਣ ਸਮੇਤ ਕੁਝ ਹੋਰ ਮੰਗਾਂ ਤੁਰੰਤ ਪ੍ਰਵਾਨ ਕਰਕੇ ਲਾਗੂ ਕੀਤੀਆਂ ਜਾਣ। ਡਿਪਟੀ ਕਮਿਸ਼ਨਰ ਫਰੀਦਕੋਟ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਇਹ ਮੰਗ ਪੱਤਰ ਆਪਣੀਆਂ ਸਿਫਾਰਸ਼ਾਂ ਸਹਿਤ ਪੰਜਾਬ ਸਰਕਾਰ ਨੂੰ ਜਲਦੀ ਭੇਜ ਦਿੱਤਾ ਜਾਵੇਗਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮੁਲਾਜ਼ਮ ਅਤੇ ਪੈਨਸ਼ਨਰਜ਼ ਆਗੂ ਤਰਸੇਮ ਨਰੂਲਾ, ਇਕਬਾਲ ਸਿੰਘ ਮੰਘੇੜਾ, ਸੂਰਤ ਸਿੰਘ ਮਾਹਲਾ, ਗੁਰਚਰਨ ਸਿੰਘ ਮਾਨ, ਮੰਦਰ ਵਿਚ ਲੈਕਚਰਾਰ, ਜਸਪ੍ਰੀਤ ਸਿੰਘ ਜਨਰਲ ਸਕੱਤਰ ਪੰਜਾਬ ਮੰਡੀ ਬੋਰਡ, ਨਰਿੰਦਰ ਸਿੰਘ ਡਵੀਜ਼ਨਲ ਸਕਤੱਰ, ਇਕਬਾਲ ਸਿੰਘ ਬਰਾੜ, ਗੁਰਜੰਟ ਸਿੰਘ ਤੇ ਸਰਬਜੀਤ ਸਿੰਘ ਆਗੂ ਟੈਕਨੀਕਲ ਸਰਵਿਸਜ਼ ਯੂਨੀਅਨ ਆਦਿ ਵੀ ਹਾਜ਼ਰ ਸਨ।