ਕੋਟਕਪੂਰਾ, 30 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਪੈਨਸਨਰਜ ਯੂਨੀਅਨ (ਸਬੰਧਤ ਏਟਕ) ਦੇ ਸੂਬਾਈ ਚੇਅਰਮੈਨ ਗੁਰਦੀਪ ਸਿੰਘ ਮੋਤੀ, ਵਰਕਿੰਗ ਚੇਅਰਮੈਨ ਅਵਤਾਰ ਸਿੰਘ ਗਗੜਾ, ਸੂਬਾ ਪ੍ਰਧਾਨ ਜਗਦੀਸ ਸਿੰਘ ਚਾਹਲ, ਜਨਰਲ ਸਕੱਤਰ ਪ੍ਰੇਮ ਚਾਵਲਾ, ਐਡੀਸ਼ਨਲ ਜਨਰਲ ਸਕੱਤਰ ਸੱਤਿਆਪਾਲ ਗੁਪਤਾ, ਮੁੱਖ ਜਥੇਬੰਦਕ ਸਕੱਤਰ ਅਵਤਾਰ ਸਿੰਘ ਤਾਰੀ ਅਤੇ ਵਿੱਤ ਸਕੱਤਰ ਪਿ੍ਤਪਾਲ ਸਿੰਘ ਪੰਡੋਰੀ ਆਦਿ ਨੇ ਦੱਸਿਆ ਕਿ ਪੰਜਾਬ ਰੋਡਵੇਜ ਦੇ ਵੱਖ-ਵੱਖ ਡੀਪੂਆਂ ‘ਚੋਂ ਸੇਵਾਮੁਕਤ ਹੋਏ ਡਰਾਈਵਰਾਂ, ਕੰਡਕਟਰਾਂ, ਤਕਨੀਸ਼ਨਾਂ ਅਤੇ ਹੋਰ ਵੱਖ-ਵੱਖ ਵਰਗਾਂ ਦੇ ਪੈਨਸ਼ਨਰਾਂ ਦੇ ਮੈਡੀਕਲ ਪ੍ਰਤੀ ਪੂਰਤੀ ਬਿੱਲ ਸਬੰਧਤ ਡੀਪੂ ਮੈਨੇਜਰਾਂ ਕੋਲ ਲੋੜੀਂਦਾ ਬਜਟ ਨਾ ਹੋਣ ਕਾਰਨ ਵੱਖ-ਵੱਖ ਪੱਧਰ ‘ਤੇ ਲਮਕ ਅਵਸਥਾ ਵਿੱਚ ਪਏ ਹਨ ਅਤੇ ਇਹ ਪੈਨਸ਼ਨਰ ਆਪਣੇ ਇਲਾਜ ਦਾ ਕਲੇਮ ਹਾਸਲ ਕਰਨ ਲਈ ਖੱਜਲ-ਖੁਆਰ ਹੋ ਰਹੇ ਹਨ | ਆਗੂਆਂ ਨੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਤੁਰਤ ਇਸ ਮਾਮਲੇ ਵੱਲ ਨਿੱਜੀ ਪੱਧਰ ‘ਤੇ ਧਿਆਨ ਦਿੰਦਿਆਂ ਵੱਖ-ਵੱਖ ਡੀਪੂਆਂ ਦੀ ਮੰਗ ਅਨੁਸਾਰ ਸੇਵਾਮੁਕਤ ਪੈਨਸ਼ਨਰਾਂ ਦੇ ਲਮਕ ਅਵਸਥਾ ਵਿੱਚ ਪਏ ਸਾਰੇ ਮੈਡੀਕਲ ਪ੍ਰਤੀ ਪੂਰਤੀ ਬਿੱਲਾਂ ਦੀ ਅਦਾਇਗੀ ਲਈ ਲੋੜੀਂਦਾ ਬਜਟ ਤੁਰਤ ਭੇਜਿਆ ਜਾਵੇ ਤਾਂ ਜੋ ਸਬੰਧਤ ਪੈਨਸ਼ਨਰਾਂ ਨੂੰ ਮੈਡੀਕਲ ਬਿੱਲਾਂ ਦੀ ਅਦਾਇਗੀ ਹੋ ਸਕੇ |
