ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ‘ਚ ਕਾਨੂੰਨ ਵਿਵਸਥਾ ਬਣਾਈ ਰੱਖਣ ’ਚ ਪੂਰੀ ਤਰਾਂ ਅਸਫ਼ਲ : ਰਾਜਨ ਨਾਰੰਗ
ਕੋਟਕਪੂਰਾ, 3 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਜਪਾ ਜਨਤਾ ਪਾਰਟੀ ਜਿਲ੍ਹਾ ਫਰੀਦਕੋਟ ਜਿਲ੍ਹਾ ਮੀਤ ਪ੍ਰਧਾਨ ਅਤੇ ਸਮਾਜਸੇਵੀ ਰਾਜਨ ਨਾਰੰਗ ਨੇ ਪੰਜਾਬ ਵਿਚ ਦਿਨ-ਦਿਹਾੜੇ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਲੈ ਕੇ ਪੰਜਾਬ ਸਰਕਾਰ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਾਨੂੰਨ ਵਿਵਸਥਾ ਬਣਾਈ ਰੱਖਣ ਵਿਚ ਪੂਰੀ ਤਰ੍ਹਾਂ ਅਸਫ਼ਲ ਸਾਬਿਤ ਹੋ ਰਹੀ ਹੈ, ਜੋ ਕਿ ਪੰਜਾਬ ਅਤੇ ਇਸ ਦੇ ਲੋਕਾਂ ਲਈ ਖ਼ਤਰੇ ਦੀ ਘੰਟੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਲੋਕ ਅਤੇ ਕਾਰੋਬਾਰ ਹੁਣ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸਰਕਾਰ ਨੇ ਸੂਬੇ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਰਾਜਨ ਨਾਰੰਗ ਨੇ ਆਖਿਆ ਕਿ ਜਲੰਧਰ ਵਿਚ ਦਿਨ-ਦਿਹਾੜੇ ਇਕ ਸੁਨਿਆਰੇ ਦੀ ਦੁਕਾਨ ਲੁੱਟਣ ਦੀ ਹਾਲ ਹੀ ‘ਚ ਵਾਪਰੀ ਘਟਨਾ ਨੇ ਲੋਕਾਂ ‘ਚ ਸਹਿਮ ਪੈਦਾ ਕਰ ਦਿੱਤਾ ਹੈ ਤੇ ਹੌਲੀ-ਹੌਲੀ ਲੋਕਾਂ ਦਾ ਸਰਕਾਰ ਅਤੇ ਪੁਲਿਸ ਤੋਂ ਵਿਸ਼ਵਾਸ ਖ਼ਤਮ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਨੂੰ ਬਦਲਣ ਦੀ ਲੋੜ ਹੈ ਤੇ ਸਿਰਫ਼ ਭਾਜਪਾ ਹੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਹੇਠ ਯੂ.ਪੀ. ਵਾਂਗ ਪੰਜਾਬ ਵਿਚ ਕਾਨੂੰਨ ਵਿਵਸਥਾ ਸੁਧਾਰ ਸਕਦੀ ਹੈ। ਰਾਜਨ ਨਾਰੰਗ ਨੇ ਕਿਹਾ ਪੰਜਾਬ ਨੂੰ ਨਿਡਰ ਅਤੇ ਹਿੰਸਾ ਤੋਂ ਮੁਕਤ ਬਣਾਉਣ ਦਾ ਸਮਾਂ ਆ ਗਿਆ ਹੈ, ਹੁਣ ਪੰਜਾਬ ਵਿਚ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਪਹਿਲਾਂ ਰਾਤ ਦੇ ਹਨ੍ਹੇਰੇ ਵਿਚ ਚੋਰੀਆਂ ਹੁੰਦੀਆਂ ਸਨ, ਪਰ ਹੁਣ ਲੁਟੇਰੇ ਦਿਨ-ਦਿਹਾੜੇ ਬੇਖ਼ੌਫ਼ ਹੋ ਕੇ ਡਕੈਤੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਅਧੀਨ ਗੈਂਗਸਟਰਾਂ ਅਤੇ ਅਪਰਾਧੀਆਂ ਦਾ ਪੁਲਿਸ ਅਤੇ ਕਾਨੂੰਨ ਤੋਂ ਡਰ ਖ਼ਤਮ ਹੋ ਗਿਆ ਹੈ ਅਤੇ ਇਨ੍ਹਾਂ ਨੂੰ ਕਾਬੂ ਕਰਕੇ ਕਾਨੂੰਨ ਵਿਵਸਥਾ ਨੂੰ ਬਿਹਤਰ ਬਣਾਉਣ ਦੀ ਬਜਾਏ ਪੰਜਾਬ ਸਰਕਾਰ ਝੂਠੀ ਬੱਲ੍ਹੇ- ਬੱਲ੍ਹੇ ਕਰਵਾਉਣ ਦੇ ਚੱਕਰਾਂ ‘ਚ ਪਾਈ ਹੈ, ਜੋ ਕਿ ਬਹੁਤ ਹੀ ਅਫ਼ਸੋਸ ਵਾਲੀ ਗੱਲ ਹੈ।

