ਸੰਤ ਮੋਹਨ ਦਾਸ ਸਕੂਲ ਦੀ ਵਿਦਿਆਰਥਣ ਨਵਜੋਤ ਕੌਰ ਨੇ ਪੰਜਾਬ ਭਰ ’ਚੋਂ ਦੂਜੀ ਪੁਜੀਸ਼ਨ ਕੀਤੀ ਹਾਸਲ
ਕੋਟਕਪੂਰਾ, 7 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੰਤ ਮੋਹਨ ਦਾਸ ਸਕੂਲ ਕੋਟਸੁਖੀਆ ਨੇ ਪਿਛਲੇ ਸਾਲਾਂ ਦੀ ਤਰਾਂ ਇਸ ਵਾਰ ਵੀ ਅੱਠਵੀਂ ਦੇ ਨਤੀਜਿਆਂ ਅੰਦਰ ਸ਼ਾਨਾਮੱਤੀ ਸ਼ਾਨਦਾਰ ਪ੍ਰਾਪਤੀ ਕੀਤੀ ਹੈ। ਸਕੂਲ ਦੇ ਸਰਪ੍ਰਸਤ ਮੁਕੰਦ ਲਾਲ ਥਾਪਰ, ਡਾਇਰੈਕਟਰ ਸੰਦੀਪ ਥਾਪਰ ਅਤੇ ਚੇਅਰਮੈਨ ਰਾਜੂ ਥਾਪਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜਿਆਂ ਅੰਦਰ ਸਕੂਲ ਵਿਦਿਆਰਥਣ ਨਵਜੋਤ ਕੌਰ ਨੇ ਪੰਜਾਬ ਭਰ ’ਚੋਂ 600 ’ਚੋਂ 600 ਅੰਕ ਪ੍ਰਾਪਤ ਕਰਕੇ ਦੂਜੀ ਪੁਜੀਸ਼ਨ ਹਾਸਲ ਕਰਦਿਆਂ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਕੇ, ਸਕੂਲ, ਅਧਿਆਪਕਾਂ, ਮਾਪਿਆਂ ਦੇ ਨਾਮ ਚਾਰ ਚੰਦ ਲਾਏ। ਉਨ੍ਹਾਂ ਦੱਸਿਆ ਕਿ ਇਹ ਬੇਟੀ ਨਰਸਰੀ ਕਲਾਸ ਤੋਂ ਸੰਤ ਮੋਹਨ ਦਾਸ ਸਕੂਲ ਦੀ ਵਿਦਿਆਰਥਣ ਹੈ ਅਤੇ ਹਰ ਸਾਲ ਚੰਗੇ ਨੰਬਰ ਪ੍ਰਾਪਤ ਕਰਦੀ ਹੈ। ਉਹਨਾ ਦੱਸਿਆ ਕਿ ਇਸ ਦੇ ਪਿਤਾ ਸਕੂਲ ਦੇ ਟਰਾਂਸਪੋਰਟ ਦੀ ਦੇਖਭਾਲ ਕਰਦੇ ਹਨ। ਵਿਦਿਆਰਥਣ ਨਵਜੋਤ ਕੌਰ ਦੇ ਮਾਤਾ ਵੀਰਪਾਲ ਕੌਰ ਅਤੇ ਪਿਤਾ ਕਰਨਜੀਤ ਸਿੰਘ ਵਾਸੀ ਪਿੰਡ ਡੇਮਰੂ ਕਲਾਂ ਨੇ ਕਿਹਾ ਕਿ ਸਾਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਸਾਡੀ ਬੇਟੀ ਨੇ ਸਕੂਲ, ਅਧਿਆਪਕਾਂ ਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥਣ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਸਕੂਲ ਪਿ੍ਰੰਸੀਪਲ, ਸਟਾਫ, ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਫ਼ਰੀਦਕੋਟ ਨੀਲਮ ਰਾਣੀ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਪ੍ਰਦੀਪ ਦਿਓੜਾ, ਜ਼ਿਲਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ ਨੇ ਵਿਦਿਆਰਥਣ ਨਵਜੋਤ ਕੌਰ, ਉਸ ਦੇ ਮਾਪਿਆਂ, ਸਕੂਲ ਦੇ ਸਟਾਫ਼ ਤੇ ਪ੍ਰਬੰਧਕਾਂ ਨੂੰ ਜ਼ਿਲੇ ਦਾ ਨਾਮ ਰਾਜ ਪੱਧਰ ਤੇ ਰੌਸ਼ਨ ਕਰਨ ’ਤੇ ਵਧਾਈ ਦਿੱਤੀ ਹੈ।