ਹਮਲੇ ਦੇ ਪੀੜਤਾਂ ਨੂੰ ਮਿਲੇ ਇਨਸਾਫ : ਪੰਜਾਬ ਸਟੂਡੈਂਟ ਯੂਨੀਅਨ
ਕੋਟਕਪੂਰਾ, 25 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ 22 ਅਪ੍ਰੈਲ ਹੋਇਆ ਪਹਿਲਗਾਮ ਅੱਤਵਾਦੀ ਹਮਲਾ ਇੱਕ ਦੁਖਦਾਈ ਘਟਨਾ ਸੀ, ਜਿਸ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਅੱਤਵਾਦੀਆਂ ਨੇ ਸੈਲਾਨੀਆਂ ਦੇ ਇੱਕ ਸਮੂਹ ਨੂੰ ਨਿਸ਼ਾਨਾ ਬਣਾਇਆ, ਜਿਸ ਦੇ ਨਤੀਜੇ ਵਜੋਂ 26 ਲੋਕਾਂ ਦੀਆਂ ਕੀਮਤੀ ਜਾਨਾਂ ਚਲੀਆਂ ਗਈਆਂ। ਇਸ ਹਮਲੇ ਦੇ ਰੋਸ ਵਜੋਂ ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਫ਼ਰੀਦਕੋਟ ਦੇ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਅਤੇ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ। ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਵੀਰ ਕੌਰ ਗੰਧੜ ਨੇ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੰਦਆਂ ਕਿਹਾ ਕਿ ਅਸੀਂ ਉਹਨਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦੇ ਹਾਂ, ਜਿਨ੍ਹਾਂ ਦੇ ਸਕੇ ਸਬੰਧੀ ਇਸ ਹਮਲੇ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ। ਹਰਵੀਰ ਕੌਰ ਨੇ ਇਸ ਹਮਲੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਹਮਲੇ ਜਿਨ੍ਹਾਂ ਨੂੰ ਧਾਰਮਿਕ ਜਨੂੰਨੀ ਅੱਤਵਾਦੀ ਸੰਗਠਨਾ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ, ਆਮ ਲੋਕਾਂ ਦੀਆਂ ਜਾਨਾਂ ਲੈਣ ਦੇ ਨਾਲ ਦੇਸ਼ ਦੇ ਵੱਖ-ਵੱਖ ਧਾਰਮਿਕ ਸੋਚ ਰੱਖਣ ਵਾਲੇ ਲੋਕਾਂ ਵਿੱਚ ਵੀ ਪਾੜਾ ਪਾਉਂਦੀਆਂ ਹਨ। ਉਹਨਾਂ ਅੱਗੇ ਕਿਹਾ ਕਿ ਇਸ ਤਰ੍ਹਾਂ ਦੇ ਹਮਲੇ ਵਿੱਚ ਜਿੱਥੇ ਮਨੁੱਖਤਾ ਦਾ ਘਾਣ ਹੁੰਦਾ ਓਥੇ ਹੀ ਵੱਖੋ ਵੱਖਰੀਆਂ ਰਾਜਨੀਤਕ ਪਾਰਟੀਆਂ ਇਹਨਾ ਘਟਨਾਵਾਂ ਨੂੰ ਆਪਣੇ ਆਪਣੇ ਵੋਟ ਬੈਂਕ ਦੇ ਰੂਪ ਵਿੱਚ ਵੀ ਵਰਤਦੀਆਂ ਹਨ। ਉਹਨਾਂ ਆਖਿਆ ਕਿ ਇਸ ਮੁਲਕ ਦੀ ਸੱਤਾ ’ਤੇ ਕਾਬਜ਼ ਭਾਜਪਾ, ਆਰ.ਐਸ.ਐਸ. ਲਗਾਤਾਰ ਇਸ ਤਰਾਂ ਤਾਂ ਫਿਰਕੂ ਧਰੁਵੀਕਰਨ ਕਰਦੀ ਹੈ। ਪਹਿਲਗਾਮ ਦੀ ਘਟਨਾ ਨੂੰ ਵੀ ਭਾਜਪਾ ਆਪਣੇ ਫਾਇਦੇ ਲਈ ਹੀ ਵਰਤ ਰਹੀ ਹੈ। ਉਹਨਾਂ ਦੋਸ਼ ਲਾਇਆ ਕਿ ਦੇਸ਼ ਦਾ ਨੈਸ਼ਨਲ ਮੀਡੀਆ ਇਸ ਘਟਨਾ ਲਈ ਸਾਰੇ ਮੁਸਲਿਮ ਭਾਈਚਾਰੇ ਨੂੰ ਦੋਸ਼ੀ ਬਣਾਉਣ ਲੱਗਾ ਹੋਇਆ, ਜਦੋਂ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ। ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਸੁਖਬੀਰ ਸਿੰਘ ਨੇ ਬੋਲਦਿਆਂ ਕਿਹਾ ਕਿ 6 ਲੱਖ ਕਰੋੜ ਤੋਂ ਵੱਧ ਰੁਪਏੇ ਹਰ ਸਾਲ ਦੇਸ਼ ਦੀ ਸੁਰੱਖਿਆ ਉੱਪਰ ਖਰਚ ਹੋਣ ਦੇ ਬਾਵਜੂਦ ਵੀ ਦੇਸ਼ ਦੇ ਲੋਕਾਂ ਦੀ ਸੁਰੱਖਿਆ ਵਿੱਚ ਕੁਤਾਹੀ ਹੋ ਜਾਣਾ ਸਵਾਲ ਖੜ੍ਹੇ ਕਰਦਾ ਹੈ। ਇਸਤੋਂ ਪਹਿਲਾਂ ਪੁਲਵਾਮਾ ਹਮਲਾ ਹੋਇਆ। ਮਨੀਪੁਰ ਵਿੱਚ ਹਾਲਾਤ ਲਗਾਤਾਰ ਨਾਜ਼ੁਕ ਹਨ ਪਰ ਕੇਂਦਰ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਉਹਨਾਂ ਦਾ ਮਕਸਦ ਇਸ ਤਰ੍ਹਾਂ ਘਟਨਾਵਾਂ ਨੂੰ ਵਰਤ ਕੇ ਮੁਸਲਿਮ ਵਿਰੋਧੀ ਮਾਹੌਲ ਬਣਾਉਣਾ ਅਤੇ ਲੋਕਾਂ ਨੂੰ ਉਹਨਾਂ ਦੇ ਅਸਲ ਮੁੱਦਿਆਂ ਤੋਂ ਭਟਕਾੳਣਾ ਹੈ। ਪੰਜਾਬ ਸਟੂਡੈਂਟਸ ਦੇ ਆਗੂ ਗੁਰਜਸਪਾਲ ਸਰਾਂ ਅਤੇ ਅਰਸ਼ਦੀਪ ਸਿੰਘ ਨੇ ਮੰਗ ਕੀਤੀ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਫਿਰਕੂ ਸਿਆਸਤ ਨੂੰ ਬੰਦ ਕਰਕੇ ਦੇਸ਼ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ ਤਾਂ ਕਿ ਬੇਕਸੂਰ ਲੋਕਾਂ ਨੂੰ ਕੀਮਤੀ ਜਾਨਾਂ ਨਾ ਗਵਾੳਣੀਆਂ ਪੈਣ। ਉਹਨਾਂ ਇਹ ਵੀ ਮੰਗ ਕੀਤੀ ਕਿ ਪਹਿਲਗਾਮ ਹਮਲੇ ਦੀ ਉੱਚ ਪੱਧਰੀ ਜਾਂਚ ਹੋਵੇ ਤਾਂ ਕਿ ਹਮਲੇ ਪਿਛਲੇ ਅਸਲਾ ਚਿਹਰਾ ਸਾਹਮਣੇ ਆ ਸਕੇ। ਪੰਜਾਬ ਸਟੂਡੈਂਟਸ ਯੂਨੀਅਨ ਨੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਦੇ ਨਾਲ-ਨਾਲ ਇਹ ਵੀ ਮੰਗ ਕੀਤੀ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ, ਕਿਉਂਕਿ ਇਹਨਾ ਦੇ ਕਾਰਜਕਾਲ ਦੌਰਾਨ ਇੱਕ ਤੋਂ ਬਾਅਦ ਇੱਕ ਘਟਨਾਵਾਂ ਵਾਪਰ ਰਹੀਆਂ ਹਨ, ਜੋ ਦੇਸ਼ ਦੇ ਲੋਕਾਂ ਦੀ ਸੁਰੱਖਿਆ ਲਈ ਖਤਰਾ ਨੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਸਟੂਡੈਂਟਸ ਦੇ ਆਗੂ ਰਮਨਦੀਪ ਕੌਰ, ਅਜੈ ਕੁਮਾਰ, ਕਿਰਨ ਪਾਲ, ਸਿਮਰਜੀਤ ਕੌਰ ਆਦਿ ਵੀ ਹਾਜ਼ਰ ਸਨ।