ਸਮੈਸਟਰ ਸਿਸਟਮ ਰੱਦ ਕਰਨ ਅਤੇ ਮੇਜਰ ਮਾਇਨਰ ਸਿਸਟਮ ਦੇ ਨਾਮ ‘ਤੇ ਥੋਪੇ ਵਾਧੂ ਵਿਸ਼ਿਆਂ ਨੂੰ ਘੱਟ ਕਰਨ ਦੀ ਕੀਤੀ ਮੰਗ

ਕੋਟਕਪੂਰਾ/ਫਰੀਦਕੋਟ, 25 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਪੰਜਾਬ ਸਟੂਡੈਂਟਸ ਯੂਨੀਅਨ ਨੇ ਸਥਾਨਕ ਸਰਕਾਰੀ ਬ੍ਰਿਜਿੰਦਰਾ ਕਾਲਜ, ਫ਼ਰੀਦਕੋਟ ਵਿਖੇ ਨਵੀਂ ਸਿੱਖਿਆ ਨੀਤੀ-2020 ਦੇ ਵਿਰੋਧ ਵਿੱਚ ‘ਬਲੈਕ ਡੇ’ ਮਨਾਇਆ। ਵਿਦਿਆਰਥੀਆਂ ਨੇ ਕਾਲੇ ਰੰਗ ਦੇ ਕੱਪੜੇ ਪਾ ਕੇ ਅਤੇ ਕਾਲੇ ਰਿਬਨ ਬੰਨ ਕੇ ਸਰਕਾਰ ਦੀਆਂ ਸਿੱਖਿਆ ਮਾਰੂ ਨੀਤੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ 11 ਨਵੰਬਰ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕੀਤੇ ਜਾ ਰਹੇ ਵੱਡੇ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਪੀ ਐੱਸ ਯੂ ਦੇ ਸੂਬਾ ਕਮੇਟੀ ਮੈਂਬਰ ਹਰਵੀਰ ਗੰਧੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਥੋਪੀ ਗਈ ਨਵੀਂ ਸਿੱਖਿਆ ਨੀਤੀ ਸਰਕਾਰੀ ਵਿਦਿਅਕ ਅਦਾਰਿਆਂ ਨੂੰ ਖਤਮ ਵਾਸਤੇ ਲਿਆਂਦੀ ਗਈ ਨੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਨੀਤੀ ਦਾ ਮੂਲ ਮਕਸਦ ਸਿੱਖਿਆ ਦਾ ‘ਵਪਾਰੀਕਰਨ’, ‘ਕੇਂਦਰੀਕਰਨ’ ਅਤੇ ‘ਭਗਵਾਂਕਰਨ’ ਕਰਕੇ ਇਸ ਨੂੰ ਸਿਰਫ਼ ਅਮੀਰਾਂ ਦੀ ਪਹੁੰਚ ਤੱਕ ਸੀਮਤ ਕਰਨਾ ਹੈ। ਉਹਨਾਂ ਬੋਲਦਿਆਂ ਕਿਹਾ ਕਿ ਇਸ ਨੀਤੀ ਰਾਹੀਂ ਸਿੱਖਿਆ ਵਿੱਚੋਂ ਵਿਗਿਆਨਕ ਸਿਲੇਬਸ ਕੱਢਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਿਲੇਬਸ ਘੱਟ ਕਰਨ ਦੇ ਨਾਮ ‘ਤੇ ਬਹੁਤ ਸਾਰਾ ਲੋਕ ਪੱਖੀ ਸਿਲੇਬਸ ਕੱਢਣ ਤੋਂ ਬਾਅਦ ਸਰਕਾਰ ਨੇ ਮੇਜਰ ਮਾਇਨਰ ਸਿਸਟਮ ਦੇ ਨਾਮ ‘ਤੇ ਵਿਦਿਆਰਥੀਆਂ ਉੱਪਰ ਵਾਧੂ ਵਿਸ਼ੇ ਧੱਕੇ ਨਾਲ ਥੋਪੇ ਹਨ, ਜਿਨ੍ਹਾ ਦੀਆਂ ਨਾ ਹੀ ਕਿਤਾਬਾਂ ਹਨ ਤੇ ਨਾ ਹੀ ਅਧਿਆਪਕ। ਉਹਨਾਂ ਕਿਹਾ ਕਿ ਇਸ ਸਿਸਟਮ ਕਰਕੇ ਵਿਦਿਆਰਥੀਆਂ ਦੇ ਫੇਲ ਹੋ ਜਾਣ ਦਾ ਖਦਸ਼ਾ ਹੈ। ਪੀ ਐੱਸ ਯੂ ਦੇ ਆਗੂ ਅਰਸ਼ਦੀਪ ਸਿੰਘ ਅਤੇ ਅਭਿਨਵ ਸੋਢੀ ਨੇ ‘ਮੇਜਰ-ਮਾਈਨਰ ਸਿਸਟਮ’ ਦੇ ਨਾਮ ‘ਤੇ ਥੋਪੇ ਗਏ ਵਾਧੂ ਵਿਸ਼ਿਆਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਸਿਸਟਮ ਨਿੱਜੀਕਰਨ ਦੀ ਰਾਹ ਪੱਧਰਾ ਕਰਦਾ ਹੈ। ਕਾਲਜਾਂ ਕੋਲ ਬੁਨਿਆਦੀ ਢਾਂਚਾ ਅਤੇ ਅਧਿਆਪਕ ਨਹੀਂ ਹਨ, ਇਸ ਲਈ ਵਿਦਿਆਰਥੀਆਂ ‘ਤੇ ਵਾਧੂ ਬੋਝ ਪਾ ਕੇ ਉਨ੍ਹਾਂ ਨੂੰ ਮਹਿੰਗੇ ਕੋਚਿੰਗ ਸੈਂਟਰਾਂ ਜਾਂ ਨਿੱਜੀ ਸੰਸਥਾਵਾਂ ਵੱਲ ਧੱਕਿਆ ਜਾ ਰਿਹਾ ਹੈ। ਇਹ ਸਿੱਧੇ ਤੌਰ ‘ਤੇ ਸਿੱਖਿਆ ਨੂੰ ‘ਵਸਤੂ’ ਬਣਾਉਣ ਦੀ ਚਾਲ ਹੈ, ਜਿੱਥੇ ਗਿਆਨ ਦਾ ਅਰਥ ਕੇਵਲ ‘ਮੁਨਾਫ਼ਾ’ ਕਮਾਉਣਾ ਰਹਿ ਜਾਂਦਾ ਹੈ। ਉਹਨਾਂ ਸਮੈਸਟਰ ਸਿਸਟਮ ਨੂੰ ਰੱਦ ਕਰਕੇ ਸਾਲ ਵਿੱਚ ਇੱਕੋ ਵਾਰ ਪੇਪਰ ਲੈਣ ਦੀ ਮੰਗ ਦੁਹਰਾਈ। ਆਗੂਆਂ ਨੇ ਤਰਕ ਦਿੱਤਾ ਕਿ ਸਮੈਸਟਰ ਪ੍ਰਣਾਲੀ ਵਿਦਿਆਰਥੀਆਂ ਨੂੰ ਸਾਰਾ ਸਾਲ ਪੇਪਰਾਂ ਦੀ ਤਿਆਰੀ ਵਿੱਚ ਉਲਝਾਈ ਰੱਖਦੀ ਹੈ। ਇਸ ਨਾਲ ਉਹ ਆਪਣੇ ਜਮਹੂਰੀ ਹੱਕਾਂ, ਸਮਾਜਿਕ ਮਸਲਿਆਂ ਅਤੇ ਰਾਜਨੀਤਿਕ ਚੇਤਨਾ ਤੋਂ ਦੂਰ ਹੋ ਜਾਂਦੇ ਹਨ। ਇਹ ‘ਮੰਥਨ’ ਦੀ ਬਜਾਏ ‘ਰੱਟੇਬਾਜ਼ੀ’ ਨੂੰ ਉਤਸ਼ਾਹਿਤ ਕਰਦੀ ਹੈ। ਪੀ ਐੱਸ ਯੂ ਦੇ ਜ਼ਿਲ੍ਹਾ ਆਗੂ ਸੁਖਬੀਰ ਸਿੰਘ ਨੇ ਕਿਹਾ ਕਿ “ਨਵੀਂ ਸਿੱਖਿਆ ਨੀਤੀ ਪੂੰਜੀਵਾਦੀ ਹਿੱਤਾਂ ਦੀ ਨੀਤੀ ਹੈ। ਇਸ ਦਾ ਮਕਸਦ ਵਿਦਿਆਰਥੀਆਂ ਨੂੰ ਸਿਰਫ਼ ਨਿਪੁੰਨ ‘ਮਜ਼ਦੂਰ’ ਬਣਾਉਣਾ ਹੈ, ਨਾ ਕਿ ਜਾਗਰੂਕ ਅਤੇ ਪ੍ਰਸ਼ਨ ਕਰਨ ਵਾਲੇ ‘ਨਾਗਰਿਕ’। ਅਸੀਂ ਇਸ ਨੀਤੀ ਦੇ ਖਿਲਾਫ਼ ਅੰਤਿਮ ਸਾਹ ਤੱਕ ਲੜਾਂਗੇ।” ਪ੍ਰੋਗਰਾਮ ਦੇ ਅੰਤ ਵਿੱਚ ਵਿਦਿਆਰਥੀਆਂ ਨੇ ਐਲਾਨ ਕੀਤਾ ਕਿ ਉਹ 11 ਨਵੰਬਰ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਇਕੱਠੇ ਹੋ ਕੇ ਨਵੀਂ ਸਿੱਖਿਆ ਨੀਤੀ ਨੂੰ ਰੱਦ ਕਰਵਾਉਣ ਲਈ ਮਜ਼ਬੂਤ ਆਵਾਜ਼ ਬੁਲੰਦ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੀ.ਐੱਸ.ਯੂ. ਆਗੂ ਗੁਰਵਿੰਦਰ ਸਿੰਘ, ਸੋਨੀਆ ਗੁਰੂਹਰਸਹਾਏ, ਸਿਮਰਨਜੀਤ ਕੌਰ, ਗੁਰਲਾਭ ਰੋਡੇ, ਮਨਪਰੀਤ ਕੌਰ, ਗੁਰਪ੍ਰੀਤ ਮੰਡ, ਅਨਮੋਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
