ਫਰੀਦਕੋਟ, 5 ਮਾਰਚ (ਵਰਲਡ ਪੰਜਾਬੀ ਟਾਈਮਜ਼)
ਚੇਤਨ ਪ੍ਰਕਾਸ਼ ਧਾਲੀਵਾਲ, ਮੈਂਬਰ, ਪੰਜਾਬ ਸਟੇਟ ਫੂਡ ਕਮਿਸ਼ਨ ਨੇ ਜ਼ਿਲ੍ਹਾ ਫਰੀਦਕੋਟ ਦਾ ਅਚਨਚੇਤ ਦੌਰਾ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਕੋਠੇ ਥੇਹ ਵਾਲੇ ਛੀਬਿਆਂ, ਸਰਕਾਰੀ ਪ੍ਰਾਇਮਰੀ ਸਕੂਲ, ਢਿੱਲਵਾਂ ਕਲਾ ਅਤੇ ਇਸ ਦੇ ਨਾਲ ਹੀ ਆਂਗਣਵਾੜੀ ਸੈਂਟਰ ਕੋਠੇ ਥੇਹ ਵਾਲੇ ਝੀਬਿਆਂ ਅਤੇ ਢਿੱਲਵਾਂ ਕਲਾਂ ਅਤੇ ਰਾਸ਼ਨ ਡਿਪੂ ਕੋਠੇ ਥੇਹ ਵਾਲੇ ਛੀਂਬਿਆਂ, ਸਿਬੀਆਂ ਅਤੇ ਸਰਾਵਾਂ ਦਾ ਵੀ ਦੌਰਾ ਕੀਤਾ। ਇਸ ਮੌਕੇ ਫੂਡ ਕਮਿਸ਼ਨ ਚੇਤਨ ਪ੍ਰਕਾਸ਼ ਧਾਲੀਵਾਲ ਨੇ ਦੱਸਿਆ ਕਿ ਮਿਡ-ਡੇ-ਮੀਲ ਅਤੇ ਅਨਾਜ ਭੰਡਾਰ ਘਰ ਦੇ ਨਿਰੀਖਣ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ, ਕੋਠੇ ਥੇਹ ਵਾਲੇ ਛੀਬਿਆਂ ਅਤੇ ਢਿੱਲਵਾਂ ਕਲਾਂ ਵਿਖੇ ਵਧੀਆ ਤਰੀਕੇ ਨਾਲ ਮਿਡ-ਡੇ-ਮੀਲ ਤਿਆਰ ਕਰਕੇ ਬੱਚਿਆਂ ਨੂੰ ਦਿੱਤਾ ਜਾ ਰਿਹਾ ਸੀ। ਕਿਸੇ ਪ੍ਰਕਾਰ ਦੀ ਕੋਈ ਖਾਮੀ ਨਹੀ ਪਾਈ ਗਈ। ਸਰਕਾਰੀ ਮਿਡਲ ਸਕੂਲ, ਕੋਠੇ ਥੇਹ ਵਾਲੇ ਛੀਂਬਿਆਂ ਵਿਖੇ ਕੁੱਕ, ਅਤੇ ਹੋਰ ਵਰਕਰਾਂ ਸਫਾਈ ਨਾਲ ਖਾਣਾ ਬਣਾਉਣ ਦੀ ਸਖਤੀ ਨਾਲ ਤਾੜਨਾ ਕੀਤੀ। ਉਨ੍ਹਾਂ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਡਿਊਟੀ ਪ੍ਰਤੀ ਅਣਗਹਿਲੀ ਨਾ ਵਰਤਣ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ। ਇਸ ਤੋਂ ਉਪਰੰਤ ਆਂਗਣਵਾੜੀ ਸੈਂਟਰਾ ਦੀ ਚੈਕਿੰਗ ਕੀਤੀ ਗਈ। ਨਿਰੀਖਣ ਦੌਰਾਨ ਆਂਗਣਵਾੜੀ ਦਾ ਰਿਕਾਰਡ ਵੀ ਚੈਕ ਕੀਤਾ ਗਿਆ। ਚੈਕਿੰਗ ਦੌਰਾਨ ਕੁਝ ਰਾਸ਼ਨ ਡਿਪੂ ’ਤੇ ਕਣਕ ਵਿੱਚ ਨਮੀ ਦੀ ਮਾਤਰਾ ਪਾਈ ਗਈ। ਉਨ੍ਹਾਂ ਸਬੰਧਤ ਵਿਭਾਗ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਨੂੰ ਹਦਾਇਤ ਕੀਤੀ ਕਿ ਕਣਕ ਵਿੱਚ ਨਮੀ ਪਾਏ ਜਾਣ ਸਬੰਧੀ ਜਾਂਚ ਕੀਤੀ ਜਾਵੇ ਅਤੇ ਬਣਦੀ ਕਾਰਵਾਈ ਕਰਨ ਉਪਰੰਤ ਰਿਪੋਰਟ ਕਮਿਸ਼ਨ ਨੂੰ ਭੇਜੀ ਜਾਵੇ ਅਤੇ ਨਾਲ ਹੀ ਇਹਨਾ ਰਾਸ਼ਨ ਡਿਪੂ ’ਤੇ ਸ਼ਿਕਾਇਤ ਬਾਕਸ ਵੀ ਲਵਾਏ ਜਾਣ। ਇਸ ਮੌਕੇ ਉਨ੍ਹਾਂ ਲਾਭਪਾਤਰੀਆਂ ਨੂੰ ਕਮਿਸ਼ਨ ਦੇ ਹੈਲਪਲਾਈਨ ਨੰਬਰ 98767-64545 ਅਤੇ ਈਮੇਲ punjabfoodcommission0gmail.com ਦੀ ਜਾਣਕਾਰੀ ਵੀ ਦਿੱਤੀ ਅਤੇ ਨਾਲ ਹੀ ਦੱਸਿਆ ਕਿ ਉਹ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆ ਸਕੀਮਾਂ ਸਬੰਧੀ ਸ਼ਿਕਾਇਤ ਜਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਰ (ਵਿਕਾਸ) ਕੋਲ ਦਰਜ ਵੀ ਕਰਵਾ ਸਕਦੇ ਹਨ।
