ਇਕ ਦਿਨ ਡੀ.ਸੀ./ ਐੱਸ ਐੱਸ ਪੀ. ਦੇ ਸੰਗ’ ਜਿਲ੍ਹੇ ਦੇ ਟਾਪਰ ਵਿਦਿਆਰਥੀਆਂ ਨੇ ਡੀ.ਸੀ.,ਐਸ.ਐਸ.ਪੀ. ਨਾਲ ਬਿਤਾਇਆ ਦਿਨ
ਵਿਦਿਆਰਥਣਾਂ ਨੇ ਡੀ.ਸੀ. ਅਤੇ ਐੱਸ. ਐੱਸ. ਪੀ.ਦਫਤਰਾਂ ਦੇ ਕੰਮਾਂ ਦੀ ਕਾਰਜਪ੍ਰਣਾਲੀ ਸਮਝੀ
ਜਿਲ੍ਹੇ ਵਿੱਚ 10ਵੀਂ, ਬਾਰਵੀਂ ਵਿੱਚੋਂ ਵੱਧ ਨੰਬਰ ਲੈ ਕੇ ਲੜਕੀਆਂ ਮੋਹਰੀ
ਪ੍ਰਸ਼ਾਸਨਿਕ ਤੇ ਪੁਲਿਸ ਸੇਵਾਵਾਂ ’ਚ ਸ਼ਾਮਿਲ ਹੋ ਕੇ ਦੇਸ਼ ਤੇ ਸਮਾਜ ਦੀ ਤਰੱਕੀ ’ਚ ਸਾਕਾਰਾਤਮਕ ਯੋਗਦਾਨ ਪਾਉਣ ਦੀ ਪ੍ਰਤੀਬੱਧਤਾ ਪ੍ਰਗਟਾਈ
ਵਿਦਿਆਰਥੀਆਂ ਵੱਲੋਂ ਪੰਜਾਬ ਸਰਕਾਰ ਦੀ ਪਹਿਲਕਦਮੀ ਲਈ ਧੰਨਵਾਦ

ਕੋਟਕਪੂਰਾ, 29 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜਿੱਥੇ ਸਿੱਖਿਆ ਕ੍ਰਾਂਤੀ ਰਾਹੀਂ ਸਿੱਖਿਆ ਖੇਤਰ ਵਿੱਚ ਵੱਡੀ ਪੱਧਰ ਤੇ ਵਿਕਾਸ ਤੇ ਸੁਧਾਰ ਕੀਤੇ ਜਾ ਰਹੇ ਹਨ, ਉੱਥੇ ਹੀ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਨਵੀਂ ਉਡਾਨ ਦੇਣ ਲਈ ਨਿਵੇਕਲੀ ਪਹਿਲਕਦਮੀ ਕਰਦਿਆਂ ਟੋਪਰ ਵਿਦਿਆਰਥੀਆਂ ਦਾ ਜਿਲ੍ਹੇ ਦੇ ਡੀ.ਸੀ., ਐਸ.ਐਸ.ਪੀ. ਨਾਲ ਪੂਰਾ ਦਿਨ ਬਿਤਾ ਕੇ ਪ੍ਰਸ਼ਾਸ਼ਕੀ ਸੇਵਾਵਾਂ, ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਦੇ ਰੋਜ਼ਮਰਾ ਦੇ ਕੰਮਾਂ, ਸਰਕਾਰੀ ਸੇਵਾਵਾਂ ਬਾਰੇ ਜਾਣਕਾਰੀ ਦੇਣ ਦਾ ਨਿਵੇਕਲਾ ਉਪਰਾਲਾ ਕੀਤਾ ਗਿਆ ਤਾਂ ਜੋ ਹੋਣਹਾਰ ਵਿਦਿਆਰਥੀ ਇਨ੍ਹਾਂ ਅਧਿਕਾਰੀਆਂ ਤੋਂ ਪ੍ਰੇਰਨਾ ਲੈ ਕੇ ਸਿਵਲ ਪ੍ਰਸ਼ਾਸ਼ਕੀ ਸੇਵਾਵਾਂ ਵਿੱਚ ਜਾਣ ਲਈ ਪ੍ਰੇਰਿਤ ਹੋਣ। ਇਸੇ ਲੜੀ ਤਹਿਤ ਜਿਲ੍ਹੇ ਦੇ ਕੁੱਲ 6 ਟਾਪਰ ਵਿਦਿਆਰਥੀਆਂ ਵੱਲੋਂ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਅਤੇ ਐਸ.ਐਸ.ਪੀ. ਡਾ. ਪ੍ਰੱਗਿਆ ਜੈਨ ਨਾਲ ਇੱਕ ਦਿਨ ਬਿਤਾਇਆ ਤੇ ਉਨ੍ਹਾਂ ਦੇ ਰੋਜ਼ਮਰਾ ਦੇ ਪ੍ਰਸ਼ਾਸ਼ਕੀ ਕੰਮਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਦੀਆਂ ਲੋਕ ਕਲਿਆਣਕਾਰੀ ਯੋਜਨਾਵਾਂ ਅਤੇ ਪ੍ਰੋਗਰਾਮਾਂ ਬਾਰੇ ਵੀ ਸਿੱਧੇ ਤੌਰ ’ਤੇ ਜਾਣੂ ਹੁੰਦਿਆਂ ਦਫ਼ਤਰੀ ਕੰਮ-ਕਾਜ ਨੂੰ ਕਰੀਬ ਤੋਂ ਜਾਣਿਆ। ਇਸ ਦੌਰਾਨ ਉਨ੍ਹਾਂ ਨੂੰ ਵੱਖ-ਵੱਖ ਵਿਭਾਗਾਂ ਦੇ ਕੰਮ-ਕਾਜ/ਕਾਰਜਪ੍ਰਣਾਲੀ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਵਲੋਂ ਉਨ੍ਹਾਂ ਦੇ ਨਿਰੀਖਣ ਦੀ ਪ੍ਰਕਿਰਿਆ ਤੋਂ ਜਾਣੂ ਕਰਵਾਇਆ ਗਿਆ ਅਤੇ ਐੱਸ. ਐੱਸ. ਪੀ. ਨੇ ਵਿਦਿਆਰਥਣਾਂ ਨੂੰ ਸੁਰੱਖਿਆ ਵਿਵਸਥਾ, ਕਮਿਊਨਟੀ ਪੁਲਸਿੰਗ ਤੇ ਪੁਲਿਸ ਦੇ ਕੰਮ-ਕਾਜ ਬਾਰੇ ਬੜੀ ਬਾਰੀਕੀ ਨਾਲ ਦੱਸਿਆ। ਡਿਪਟੀ ਕਮਿਸ਼ਨਰ ਪੂਨਮਦੀਪ ਅਤੇ ਐਸ.ਐਸ.ਪੀ. ਡਾ. ਪ੍ਰੱਗਿਆ ਜੈਨ ਦੇ ਨਾਲ ਬਾਰਵੀਂ ਕਲਾਸ ਦੀਆਂ ਜ਼ਿਲ੍ਹੇ ਵਿਚੋਂ ਟੌਪਰ 06 ਵਿਦਿਆਰਥਣਾਂ ਨੇ ਆਪਣਾ ਸਮਾਂ ਬਿਤਾਇਆ। ਇਨ੍ਹਾਂ ਵਿਦਿਆਰਥਣਾਂ ਵਿੱਚ 10ਵੀਂ ਜਮਾਤ ਦੀਆਂ ਅਕਸ਼ਨੂਰ ਕੌਰ, ਜਸ਼ਨਪ੍ਰੀਤ ਕੌਰ ਅਤੇ ਗੁਰਲੀਨ ਕੌਰ ਸ਼ਾਮਿਲ ਸਨ। ਇਨ੍ਹਾਂ ਹੋਣਹਾਰ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੇ ਕ੍ਰਮਵਾਰ 100 ਫੀਸਦੀ, 100 ਫੀਸਦੀ ਅਤੇ 99.85 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਇਸੇ ਤਰ੍ਹਾਂ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਦਿਲਜੀਤ ਕੌਰ, ਨਵਪਰੀਤ ਕੌਰ ਤੇ ਕੁਲਦੀਪ ਸ਼ਰਮਾ ਸ਼ਾਮਿਲ ਸਨ। ਇਨ੍ਹਾਂ ਨੇ 12ਵੀਂ ਜਮਾਤ ਵਿੱਚੋਂ ਕ੍ਰਮਵਾਰ 99.60 ਫੀਸਦੀ, 99.40 ਫੀਸਦੀ ਅਤੇ 99.20 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਸਵੇਰੇ ਡਿਪਟੀ ਕਮਿਸ਼ਨਰ ਦੀ ਰਿਹਾਇਸ ਤੇ ਇਨ੍ਹਾਂ ਵਿਦਿਆਰਥਣਾਂ ਦਾ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਅਤੇ ਡਾ. ਪ੍ਰੱਗਿਆ ਜੈਨ ਨੇ ਨਿੱਘਾ ਸਵਾਗਤ ਕੀਤਾ ਅਤੇ ਬੜੇ ਹੀ ਉਸਾਰੂ ਮਾਹੌਲ ਵਿੱਚ ਗੱਲਬਾਤ ਕੀਤੀ ਤੇ ਬਰੇਕਫਾਸਟ ਕੀਤਾ। ਇਸ ਤੋਂ ਇਲਾਵਾ ਇਨ੍ਹਾਂ ਵਿਦਿਆਰਥਣਾਂ ਦੇ ਨਾਲ ਮੈਡਮ ਪੂਨਮਦੀਪ ਕੌਰ ਨੇ ਸੇਵਾ ਕੇਂਦਰ, ਤਹਿਸੀਲ ਦਫਤਰ, ਰਜਿਸਟਰਾਰ ਦਫ਼ਤਰ ਦਾ ਦੌਰਾ ਕਰਕੇ ਉਥੇ ਚੱਲ ਰਹੇ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਹੜ੍ਹਾਂ ਦੀ ਰੋਕਥਾਮ ਸਬੰਧੀ ਡਿਪਟੀ ਕਮਿਸ਼ਨਰ ਵਲੋਂ ਇਨ੍ਹਾਂ ਹੋਣਹਾਰ ਵਿਦਿਆਰਥਣਾਂ ਸਮੇਤ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ। ਉਪਰੰਤ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਨੇ ਵਿਦਿਆਰਥਣਾਂ ਨਾਲ ਦੁਪਹਿਰ ਦਾ ਖਾਣਾ ਖਾਧਾ। ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਅਤੇ ਐੱਸ. ਐੱਸ. ਪੀ. ਡਾ. ਪ੍ਰੱਗਿਆ ਜੈਨ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਇਹ ਨਿਵੇਕਲੀ ਪਹਿਲ ‘ਇਕ ਦਿਨ ਡੀ.ਸੀ./ਐਸ.ਐਸ.ਪੀ. ਦੇ ਨਾਲ ’ ਵਿਦਿਆਰਥੀਆਂ ਲਈ ਕਾਰਗਰ ਸਾਬਿਤ ਹੋਵੇਗੀ, ਕਿਉਂਕਿ ਇਸ ਮੁਹਿੰਮ ਸਦਕਾ ਵਿਦਿਆਰਥੀਆਂ ਨੂੰ ਪੂਰਾ ਦਿਨ ਡੀ.ਸੀ. ਅਤੇ ਐਸ.ਐਸ.ਪੀ ਨਾਲ ਰਹਿ ਕੇ ਵੱਖ-ਵੱਖ ਕੰਮਾਂ ਦਾ ਪਤਾ ਲੱਗਦਾ ਹੈ, ਜਿਸ ਸਦਕਾ ਵਿਦਿਆਰਥੀ ਭਵਿੱਖ ਵਿੱਚ ਉੱਚੀ ਤੇ ਨਵੀਂ ਉਡਾਣ ਭਰਨ ਲਈ ਪ੍ਰੇਰਿਤ ਹੋ ਸਕਣਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਹਮੇਸ਼ਾ ਵੱਡੇ ਸੁਪਨੇ ਦੇਖਣੇ ਚਾਹੀਦੇ ਹਨ ਅਤੇ ਇਹਨਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਇਸ ਮੌਕੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਅਤੇ ਐਸ.ਐਸ.ਪੀ. ਡਾ. ਪ੍ਰੱਗਿਆ ਜੈਨ ਨੇ ਬੱਚਿਆਂ ਨਾਲ ਆਪਣੇ ਆਈ.ਏ.ਐਸ. ਆਈ.ਪੀ.ਐਸ. ਦੇ ਸਫਰ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਉਨ੍ਹਾਂ ਨੂੰ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਸਖਤ ਮਿਹਨਤ ਦੀ ਸਲਾਹ ਦਿੱਤੀ। ‘ਇਕ ਦਿਨ ਡੀ.ਸੀ./ਐਸ.ਐਸ..ਪੀ. ਦੇ ਨਾਲ’ ਸਮਾਂ ਬਿਤਾਉਣ ਵਾਲੀਆਂ ਹੋਣਹਾਰ ਵਿਦਿਆਰਥਣਾਂ ਜਿਥੇ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੀ ਕਾਰਜਪ੍ਰਣਾਲੀ ਪ੍ਰਤੀ ਨਵੀਂ ਦਿੱਖ ਅਤੇ ਸਮਝ ਲੈ ਕੇ ਰਵਾਨਾ ਹੋਈਆਂ, ਉਥੇ ਹੀ ਉਨ੍ਹਾਂ ਪ੍ਰਸ਼ਾਸਨਿਕ ਅਤੇ ਪੁਲਿਸ ਸੇਵਾਵਾਂ ਵਿੱਚ ਸ਼ਾਮਿਲ ਹੋ ਕੇ ਦੇਸ਼ ਅਤੇ ਸਮਾਜ ਦੀ ਤਰੱਕੀ ਦੇ ਵਿੱਚ ਸਾਕਰਾਤਮਕ ਯੋਗਦਾਨ ਦੇਣ ਦੀ ਪ੍ਰਤੀਬੱਧਤਾ ਵੀ ਪ੍ਰਗਟਾਈ। ਆਪਣੇ ਤਜਰਬੇ ਸਾਂਝੇ ਕਰਦੇ ਹੋਏ ਵਿਦਿਆਰਥਣਾਂ ਨੇ ਕਿਹਾ ਕਿ ਉਨ੍ਹਾਂ ਲਈ ਇਹ ਦਿਨ ਬੜਾ ਹੀ ਮਹੱਤਵਪੂਰਣ ਰਿਹਾ। ਉਨ੍ਹਾਂ ਪੰਜਾਬ ਸਰਕਾਰ ਦੀ ਇਸ ਪਹਿਲ ਕਦਮੀ ਦਾ ਸਵਾਗਤ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਜੋ ਇਹ ਪਹਿਲ ਕਦਮੀ ਕੀਤੀ ਗਈ ਹੈ, ਇਹ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਕਾਫ਼ੀ ਲਾਹੇਵੰਦ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਮੰਚ ਤੋਂ ਵਿਦਿਆਰਥੀਆਂ ਨੂੰ ਉੱਚੀ ਉਡਾਰੀ ਭਰਨ ਦਾ ਮੌਕਾ ਮਿਲੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਵੱਲੋਂ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਉਨ੍ਹਾਂ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਹਰਜੋਤ ਕੌਰ, ਐਸ.ਡੀ.ਐਮ. ਫਰੀਦਕੋਟ ਮੇਜਰ ਡਾ. ਵਰੁਣ ਕੁਮਾਰ, ਜੀ.ਏ. ਸ. ਗੁਰਕਿਰਨਦੀਪ ਸਿੰਘ, ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮੈਡਮ ਨੀਲਮ ਰਾਣੀ, ਉਪ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਪ੍ਰਦੀਪ ਦਿਓੜਾ, ਜਿਲ੍ਹਾ ਗਾਇਡੈਂਸ ਕੌਂਸਲਰ ਸ੍ਰੀ ਜਸਬੀਰ ਜੱਸੀ, ਸ. ਦਲਵਿੰਦਰ ਸਿੰਘ ਬਰਾੜ, ਪ੍ਰਿ. ਰਾਕੇਸ਼ ਸ਼ਰਮਾ, ਰਾਜਵਿੰਦਰ ਕੌਰ ਅਧਿਆਪਕ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।