ਫ਼ਰੀਦਕੋਟ, 13 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਦੇ ਫ਼ੂਡ ਐਂਡ ਸਪਲਾਈ ਵਿਭਾਗ ਨੇ ਆਪਣਾ ਇਕ ਪੱਤਰ ਜਾਰੀ ਕਰਕੇ ਪੰਜਾਬ ਦੀਆਂ 325 ਦੇ ਕਰੀਬ ਆਰਜ਼ੀ ਮੰਡੀਆਂ ਬੰਦ ਕਰ ਦਿੱਤੀਆਂ ਹਨ। ਇਨ੍ਹਾਂ ਆਰਜ਼ੀ ਮੰਡੀਆਂ ਨੂੰ ਬੰਦ ਕਰਨ ਦੀ ਨਿਖੇਧੀ ਕਰਦਿਆਂ ਕੁਲਬੀਰ ਸਿੰਘ ਮੱਤਾ ਸੇਵਾਮੁਕਤ ਡਿਪਟੀ ਜਨਰਲ ਮੈਨੇਜਰ ਪੰਜਾਬ ਰਾਜ ਮੰਡੀ ਬੋਰਡ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦਾ ਕਰੀਬ 50 ਲੱਖ ਮੀਟਰਿਕ ਟਨ ਝੋਨਾ ਅਜੇ ਤੱਕ ਸਰਕਾਰ ਵਲੋਂ ਖਰੀਦਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਸਰਕਾਰ ਵਲੋਂ ਮੰਡੀ ਸਮੇਂ ਤੋਂ ਪਹਿਲਾਂ ਬੰਦ ਕਰ ਦਿੱਤੀਆਂ ਸਨ, ਜਿਸ ਕਾਰਨ ਰੌਲਾ ਪੈ ਗਿਆ ਸੀ। ਉਨ੍ਹਾਂ ਕਿਹਾ ਕਿ 9 ਜ਼ਿਲ੍ਹਿਆਂ ਦੀਆਂ 325 ਮੰਡੀਆਂ ਬੰਦ ਕੀਤੀਆਂ ਗਈਆਂ ਹਨ, ਜਦੋਂ ਤੋਂ ਪੰਜਾਬ ਵਿਚ ਝੋਨੇ ਦੀ ਖੇਤੀ ਹੋਣ ਲੱਗੀ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਇਹ ਪਹਿਲੀ ਵਾਰ ਕਿਸਾਨ ਸਭ ਤੋਂ ਵੱਧ ਖੱਜਲ ਖੁਆਰ ਹੋਏ ਹਨ, ਉੱਪਰੋਂ ਠੰਡ ਉਤਰਨ ਕਾਰਨ ਕਿਸਾਨਾਂ ਦੇ ਝੋਨੇ ਦਾ ਮੋਇਸਚਰ ਨਹੀਂ ਘਟ ਰਿਹਾ, ਸਰਕਾਰ 17 ਫੀਸਦੀ ਤੋਂ ਵੱਧ ਨਮੀ ਵਾਲਾ ਝੋਨਾ ਖਰੀਦ ਨਹੀਂ ਕਰ ਰਹੀ, ਸ਼ੈਲਰ ਮਿਲਰ ਵੱਖਰੇ ਖੱਜਲ ਖਵਾਰ ਹੋ ਰਹੇ ਹਨ। ਸ. ਮੱਤਾ ਨੇ ਕਿਹਾ ਕਿ ਮੁਸ਼ਕਲ ਦਾ ਕਾਰਨ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਿੱਚ ਤਾਲਮੇਲ ਦੀ ਕਮੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੀ ਕਣਕ ਦੀ ਬਿਜਾਈ ਲੇਟ ਹੋ ਰਹੀ ਹੈ, ਜਦਕਿ ਪੰਜਾਬ ਸਰਕਾਰ ਇਸ ਵੱਲ ਵਿਸ਼ੇਸ਼ ਧਿਆਨ ਦੇਵੇ।

