ਕੋਟਕਪੂਰਾ, 14 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਦੇ ਲੋਕਾਂ ਨੂੰ ਬਿਹਤਰ ਅਤੇ ਪਾਰਦਰਸ਼ੀ ਸਿਹਤ ਸੇਵਾਵਾਂ ਮਿਲਣ ਨੂੰ ਯਕੀਨੀ ਬਣਾਉਣ ਲਈ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਰਸ਼ ਸੱਚਰ ਵੱਲੋਂ ਇੱਕ ਮਹੱਤਵਪੂਰਨ ਪਹਿਲ ਕਰਦਿਆਂ ‘ਸਿਹਤ ਸੰਘਰਸ਼ ਕਮੇਟੀ– ਫਰੀਦਕੋਟ’ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਕਮੇਟੀ ਦਾ ਮੁੱਖ ਉਦੇਸ਼ ਸਰਕਾਰੀ ਹਸਪਤਾਲਾਂ ਵਿੱਚ ਆ ਰਹੀਆਂ ਸਮੱਸਿਆਵਾਂ ਨੂੰੰ ਉਜਾਗਰ ਕਰਨਾ, ਮਰੀਜ਼ਾਂ ਦੀਆਂ ਸ਼ਿਕਾਇਤਾਂ ਸੁਣਨਾ ਅਤੇ ਸਿਹਤ ਸੇਵਾਵਾਂ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਸੁਧਾਰ ਯਕੀਨੀ ਬਣਾਉਣਾ ਹੈ। ਅਰਸ਼ ਸੱਚਰ ਨੇ ਦੱਸਿਆ ਕਿ ਕਮੇਟੀ ਨੂੰ ਵਿਭਾਗ ਅਨੁਸਾਰ ਵੱਖ-ਵੱਖ ਨਿਗਰਾਨੀ ਕਮੇਟੀਆਂ ਵਿੱਚ ਵੰਡਿਆ ਗਿਆ ਹੈ, ਜਿਨ੍ਹਾਂ ਵਿੱਚ ਓ.ਪੀ.ਡੀ., ਐਮਰਜੈਂਸੀ ਸੇਵਾਵਾਂ, ਐਡਮਿਸ਼ਨ ਕਾਊਂਟਰ, ਫਾਰਮੇਸੀ/ਦਵਾਈ ਘਰ, ਲੈਬ ਟੈਸਟ ਸਹੂਲਤਾਂ, ਵਾਰਡ ਅਤੇ ਮਰੀਜ਼ ਦੇਖਭਾਲ, ਸਫਾਈ ਅਤੇ ਬੁਨਿਆਦੀ ਢਾਂਚਾ, ਮਰੀਜ਼ ਸ਼ਿਕਾਇਤ ਅਤੇ ਸਹਾਇਤਾ, ਆਰ.ਟੀ.ਆਈ. ਅਤੇ ਕਾਨੂੰਨੀ ਕਾਰਵਾਈ ਅਤੇ ਮੀਡੀਆ ਤੇ ਜਨ ਸੰਪਰਕ ਕਮੇਟੀਆਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕਮੇਟੀ ਦੇ ਮੈਂਬਰ ਨਿਯਮਿਤ ਤੌਰ ’ਤੇ ਹਸਪਤਾਲਾਂ ਵਿੱਚ ਮਰੀਜ਼ਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਤੋਂ ਫੀਡਬੈਕ ਲੈਣਗੇ ਅਤੇ ਜੇਕਰ ਕਿਸੇ ਤਰ੍ਹਾਂ ਦੀ ਲਾਪ੍ਰਵਾਹੀ ਜਾਂ ਸਮੱਸਿਆ ਸਾਹਮਣੇ ਆਉਂਦੀ ਹੈ ਤਾਂ ਉਸਨੂੰ ਤੁਰਤ ਸਬੰਧਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਉਸਦਾ ਹੱਲ ਕਰਵਾਉਣ ਲਈ ਕਾਰਵਾਈ ਕੀਤੀ ਜਾਵੇਗੀ। ਅਰਸ਼ ਸੱਚਰ ਨੇ ਕਿਹਾ ਕਿ ਸਿਹਤ ਸੇਵਾਵਾਂ ਹਰ ਨਾਗਰਿਕ ਦਾ ਮੂਲ ਅਧਿਕਾਰ ਹਨ ਅਤੇ ਜੇਕਰ ਕਿਸੇ ਵੀ ਮਰੀਜ਼ ਨੂੰ ਹਸਪਤਾਲ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਉਹ ਸਿਹਤ ਸੰਘਰਸ਼ ਕਮੇਟੀ ਦੇ ਹੈਲਪਲਾਈਨ ਨੰਬਰ 77800-07878 ’ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਫਰੀਦਕੋਟ ਦੀਆਂ ਸਭ ਸਮਾਜਿਕ ਸੰਸਥਾਵਾਂ, ਐਨਜੀਓਜ਼, ਕਿਸਾਨ ਜਥੇਬੰਦੀਆਂ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਡਾਕਟਰ ਭਾਈਚਾਰੇ, ਨੌਜਵਾਨਾਂ ਅਤੇ ਜ਼ਿਲ੍ਹੇ ਦੇ ਸਾਰੇ ਪ੍ਰਮੁੱਖ ਅਤੇ ਜਾਗਰੂਕ ਨਾਗਰਿਕਾਂ ਨੂੰ ਖੁੱਲ੍ਹੀ ਅਪੀਲ ਕੀਤੀ ਕਿ ਜੇਕਰ ਉਹ ਫਰੀਦਕੋਟ ਦੇ ਸਰਕਾਰੀ ਹਸਪਤਾਲਾਂ ਵਿੱਚ ਬਿਹਤਰ ਸਿਹਤ ਸੇਵਾਵਾਂ ਲਈ ਸੇਵਾ ਭਾਵ ਨਾਲ ਕੰਮ ਕਰਨਾ ਚਾਹੁੰਦੇ ਹਨ, ਤਾਂ ਇਸ ਮੁਹਿੰਮ ਨਾਲ ਜੁੜ ਕੇ ਆਪਣਾ ਸਹਿਯੋਗ ਜ਼ਰੂਰ ਦੇਣ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਕਿਸੇ ਇੱਕ ਵਿਅਕਤੀ ਜਾਂ ਸੰਸਥਾ ਦੀ ਨਹੀਂ, ਸਗੋਂ ਫਰੀਦਕੋਟ ਦੇ ਲੋਕਾਂ ਦੇ ਹੱਕਾਂ ਅਤੇ ਬਿਹਤਰ ਸਿਹਤ ਪ੍ਰਣਾਲੀ ਲਈ ਇੱਕ ਸਾਂਝੀ ਲੜਾਈ ਹੈ, ਜਿਸ ਵਿੱਚ ਹਰ ਜਾਗਰੂਕ ਨਾਗਰਿਕ ਦੀ ਭੂਮਿਕਾ ਮਹੱਤਵਪੂਰਨ ਹੈ।

