ਫਰੀਦਕੋਟ , 3 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਡਾ. ਪ੍ਰਗਿਆ ਜੈਨ ਐਸ.ਐਸ.ਪੀ. ਦੇ ਨਿਰਦੇਸ਼ਾਂ ਹੇਠ ਜਿੱਥੇ ਫਰੀਦਕੋਟ ਪੁਲਿਸ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ, ਉੁਥੇ ਹੀ ਫਰੀਦਕੋਟ ਜਿਲ੍ਹੇ ਵਿੱਚ ਤਾਇਨਾਤ 02 ਪੁਲਿਸ ਅਧਿਕਾਰੀਆਂ ਨੂੰ ਇਸ ਸਾਲ ਸੁਤੰਤਰਤਾ ਦਿਵਸ ਮੌਕੇ ਡਿਊਟੀ ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹਨਾਂ ਪੁਲਿਸ ਅਧਿਕਾਰੀਆਂ ਵਿੱਚ ਜਸਮੀਤ ਸਿੰਘ ਐਸ.ਪੀ. (ਇਨਵੈਸਟੀਗੇਟਿਵ) ਫਰੀਦਕੋਟ ਅਤੇ ਇੰਸਪੈਕਟਰ ਸੁਖਮੰਦਰ ਸਿੰਘ ਦਾ ਨਾਮ ਸ਼ਾਮਲ ਹੈ। ਜਸਮੀਤ ਸਿੰਘ ਵੱਲੋਂ ਗੰਭੀਰ ਅਪਰਾਧਿਕ ਮਾਮਲਿਆਂ ਦੇ ਤਫ਼ਤੀਸ਼ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜਦਕਿ ਇੰਸਪੈਕਟਰ ਸੁਖਮੰਦਰ ਸਿੰਘ ਵੱਲੋਂ ਦਫ਼ਤਰੀ ਕੰਮਕਾਜ ਦੌਰਾਨ ਮਹੱਤਵਪੂਰਨ ਯੋਗਦਾਨ ਪਾਇਆ ਗਿਆ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਫਰੀਦਕੋਟ ਪੁਲਿਸ ਦੇ ਦੋ ਅਧਿਕਾਰੀਆਂ ਨੂੰ ਮੁੱਖ ਮੰਤਰੀ ਮੈਡਲ ਮਿਲਣਾ ਫਰੀਦਕੋਟ ਪੁਲਿਸ ਲਈ ਬੜੇ ਮਾਣ ਵਾਲੀ ਗੱਲ ਹੈ। ਜਸਮੀਤ ਸਿੰਘ ਐਸ.ਪੀ. ਮੁਤਾਬਿਕ ਇਹ ਮੈਡਲ ਮੇਰੇ ਲਈ ਪ੍ਰੇਰਨਾ ਦਾ ਸਰੋਤ ਹੈ। ਉਹ ਅਗਾਂਹ ਵੀ ਇਨ੍ਹਾਂ ਵੱਖ-ਵੱਖ ਚੁਣੌਤੀਆਂ ਨੂੰ ਸਵਿਕਾਰ ਕਰਦੇ ਰਹਿਣਗੇ ਅਤੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਤਤਪਰ ਰਹਿਣਗੇ। ਇੰਸਪੈਕਟਰ ਸੁਖਮੰਦਰ ਸਿੰਘ ਨੇ ਕਿਹਾ ਕਿ ਇਹ ਸਨਮਾਨ ਉਹਨਾਂ ਲਈ ਸਿਰਫ ਪੇਸ਼ੇਵਰ ਤੌਰ ’ਤੇ ਨਹੀਂ, ਸਗੋਂ ਵਿਅਕਤੀਗਤ ਤੌਰ ’ਤੇ ਵੀ ਬਹੁਤ ਮਾਇਨੇ ਰੱਖਦਾ ਹੈ।