ਸ਼ਹਿਰ ਦੇ ਸਮਾਜ ਸੇਵੀਆਂ ਨੇ ਇਤਿਹਾਸਕ ਇਮਾਰਤਾਂ ਸੰਭਾਲਣ ਦੀ ਕੀਤੀ ਪੁਰਜੋਰ ਮੰਗ

ਫਰੀਦਕੋਟ ਨੂੰ 1972 ਵਿੱਚ ਮਿਲਿਆ ਜ਼ਿਲੇ ਦਾ ਦਰਜਾ : ਸਮਾਜਸੇਵੀ

ਕੋਟਕਪੂਰਾ, 2 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਭਾਰਤ ਦੇ ਪੰਜਾਬ ਰਾਜ ਦੇ 23 ਜ਼ਿਲਿਆਂ ਵਿੱਚੋਂ ਇੱਕ ਜ਼ਿਲਾ ਹੈ। ਫਰੀਦਕੋਟ ਨੂੰ ਜ਼ਿਲੇ ਦਾ ਦਰਜਾ 1972 ਵਿੱਚ ਮਿਲਿਆ ਸੀ। ਇਹ ਮਾਲਵੇ ਦਾ ਪੁਰਾਤਨ ਅਤੇ ਇਤਿਹਾਸਕ ਸ਼ਹਿਰ ਹੈ, ਇਹ ਪੁਰਾਣਾ ਰਿਆਸਤੀ ਸ਼ਹਿਰ ਵੀ ਹੈ ਅਤੇ ਇਹ ਸ਼ਹਿਰ ਬਾਬਾ ਸ਼ੇਖ ਫਰੀਦ ਜੀ ਦੇ ਨਾਮ ’ਤੇ ਵਸਿਆ ਹੋਇਆ ਹੈ, 1948 ਵਿੱਚ ਰਿਆਸਤਾਂ ਨੂੰ ਤੋੜ ਕੇ ਪੈਪਸੂ ਰਾਜ ਦੇ ਗਠਨ ਵੇਲੇ ਫਰੀਦਕੋਟ ਰਿਆਸਤ ਵੀ ਪੈਪਸੂ ਦਾ ਹਿੱਸਾ ਬਣੀ। ਅਗਸਤ 1972 ਨੂੰ ਉਸ ਸਮੇਂ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਨੇ ਇਸ ਨੂੰ ਰਾਜ ਦਾ 12ਵੇਂ ਜਿਲਾ ਦਾ ਦਰਜਾ ਦਿੱਤਾ। ਇੱਥੇ ਯੂਰਪੀਅਨ ਇਮਾਰਤਸਾਜ਼ੀ ਉੱਤੇ ਆਧਾਰਿਤ ਦਿਲ-ਖਿੱਚਵੀਆਂ ਪੁਰਾਤਨ ਇਤਿਹਾਸਕ ਇਮਾਰਤਾਂ ਵੀ ਹਨ। ਜਿੰਨਾ ਵਿੱਚ ਇੱਕ ਇਤਿਹਾਸਕ ਵਿਕਟੋਰੀਆ ਕਲਾਕ ਟਾਵਰ ਹੈ, ਜੋ ਘੰਟਾ ਘਰ ਦੇ ਨਾਮ ’ਤੇ ਪ੍ਰਸਿੱਧ ਹੈ। ਇਹ ਫਰੀਦਕੋਟ ਸ਼ਹਿਰ ਦੇ ਕੇਂਦਰ ਵਿੱਚ ਸਥਿੱਤ ਹੈ। ਇਸਦਾ ਨਿਰਮਾਣ ਰਾਜਾ ਬਲਬੀਰ ਸਿੰਘ ਦੁਆਰਾ ਬ੍ਰਿਟਿਸ਼ ਮਹਾਰਾਣੀ ਵਿਕਟੋਰੀਆ ਦੀ ਯਾਦਗਾਰ ਵਜੋਂ ਕੀਤਾ ਗਿਆ ਸੀ ਅਤੇ ਜਿਸ ਦੀ ਮੌਤ ਜਨਵਰੀ 1901 ਵਿੱਚ ਹੋਈ ਸੀ। ਇਹ ਘੰਟਾ ਘਰ ਯੂਰਪੀ ਗੋਥਿਕ ਰਿਵਾਇਵਲ ਸ਼ੈਲੀ ਵਿਚ ਬਣਿਆ ਹੋਇਆ ਹੈ। ਅਸਲ ਹਾਲਤ ਵਿਚ ਇਹ ਉੱਚੇ ਚਬੂਤਰੇ ’ਤੇ ਸਥਿੱਤ ਸੀ ਪਰ ਬਾਅਦ ਵਿੱਚ ਆਲਾ-ਦੁਆਲਾ ਉੱਚਾ ਹੋ ਜਾਣ ਕਾਰਨ ਇਹ ਚਬੂਤਰਾ ਹੁਣ ਦਿਖਾਈ ਨਹੀਂ ਦਿੰਦਾ। ਇਸ ਦੀ ਚਾਰ ਮੰਜ਼ਲਾਂ ਇਮਾਰਤ ਦੇ ਹਰ ਪਾਸੇ ਇੱਕ ਵੱਡੀ ਘੜੀ ਹੈ। ਘੰਟਾ ਘਰ ਫਰੀਦਕੋਟ 1902 ਇਸ ਦੇ ਨਿਰਮਾਣ ਦੀ ਮਿਤੀ ਵਜੋਂ ਉਕਰਿਆ ਹੋਇਆ ਹੈ। ਇਸ ਢਾਂਚੇ ਦਾ ਜਿਕਰ 1902 ਦੇ ਅੰਤ ਵਿੱਚ ਪ੍ਰਕਾਸ਼ਿਤ ਆਈਨੇ-ਏ-ਬਰਾੜ ਬੰਸ ਵਿੱਚ ਮਿਲਦਾ ਹੈ। ਘੰਟਾ ਘਰ ਦਾ ਟੱਲ ਜੋ ਹਰ ਘੰਟੇ ਬਾਅਦ ਵੱਜਦਾ ਸੀ, ਇਹ ਟੇਲਰ ਲਾੱਗਬਰੋਅ ਕੰਪਨੀ ਦਾ ਬਣਿਆ ਹੋਇਆ ਸੀ। ਅੱਜ ਇਸ ਇਤਿਹਾਸਕ ਵਿਕਟੋਰੀਆ ਕਲਾਕ ਟਾਵਰ (ਘੰਟਾ ਘਰ ਫਰੀਦਕੋਟ) ਦੀ ਹਾਲਤ ਮਾੜੀ ਨਜ਼ਰ ਆ ਰਹੀ। ਫਰੈਂਡਜ਼ ਕਲੱਬ ਫਰੀਦਕੋਟ ਦੇ ਸਮੂਹ ਅਹੁਦੇਦਾਰ ਤੇ ਮੈਂਬਰਾਂ ਨੇ ਜਿਲਾ ਪ੍ਰਸਾਸ਼ਨ ਤੋ ਮੰਗ ਕੀਤੀ ਕਿ ਇਸ ਦੀ ਮੁਰੰਮਤ ਕਰਵਾਈ ਜਾਵੇ ਅਤੇ ਰੰਗ ਰੋਗਨ ਕਰਵਾਇਆ ਜਾਵੇ, ਇਸ ਦੇ ਨਾਲ ਆਧੁਨਿਕ ਲਾਈਟਾਂ ਰੌਸ਼ਨੀ ਲਈ ਲਾਈਆਂ ਜਾਣ। ਇਸ ਦੇ ਨਾਲ ਮੈਬਰਾਂ ਇਹ ਵੀ ਮੰਗ ਕੀਤੀ ਹੈ ਫਰੀਦਕੋਟ ਸ਼ਹਿਰ ਵਿੱਚ ਜੋ ਵੀ ਇਤਿਹਾਸਕ ਇਮਾਰਤਾਂ ਸਥਿਤ ਹਨ ਦੀ ਵੀ ਮੁਰੰਮਤ ਕਰਵਾਈ ਜਾਵੇ। ਸ਼ਹਿਰ ਵਿੱਚ ਕਈ ਅਜਿਹੇ ਇਤਿਹਾਸਕ ਗੇਟ ਬਚੇ ਹੋਏ ਹਨ ਜੋ ਸਾਂਭ ਸੰਭਾਲ ਤੋ ਵਾਂਝੇ ਹਨ ਦੇ ਵੱਲ ਵੀ ਧਿਆਨ ਦੇਣਦੀ ਲੋੜ ਹੈ। ਰੈਸਟ ਹਾਊਸ ਫਰੀਦਕੋਟ ਵਿਖੇ ਸਵੇਰ ਦੇ ਸਮੇਂ ਸਾਰੇ ਫਰੈਂਡਜ਼ ਕਲੱਬ ਦੇ ਮੈਂਬਰ ਇੱਕਠੇ ਹੁੰਦੇ ਹਨ ਸੈਰ/ਯੋਗਾ ਆਦਿ ਕਰਦੇ ਹਨ, ਅੱਜ ਸਵੇਰ ਦੀ ਸਭਾ ਵਿੱਚ ਹਰਮਿੰਦਰ ਸਿੰਘ ਮਿੰਦਾ, ਇੰਜ. ਵਜਿੰਦਰ ਵਿਨਾਇਕ, ਦੀਪਕ ਕੁਮਾਰ, ਗੁਰਚਰਨ ਸਿੰਘ ਅੰਤਰਰਾਸ਼ਟਰੀ ਭੰਗੜਾ ਕੋਚ, ਕੇ.ਪੀ. ਸਿੰਘ ਸਰਾਂ, ਗੁਲਸ਼ਨ ਖੰਨਾ, ਰਕੇਸ਼ ਸੱਚਦੇਵਾ, ਯਸ਼ਪਾਲ ਚਾਵਲਾ, ਇੰਜ. ਸੁਭਾਸ਼ ਕੁਮਾਰ, ਗੋਰਾ ਮੋਂਗਾ, ਚੰਦਨ ਕੱਕੜ, ਦੀਪਾ, ਰਾਧੇ ਰਾਧੇ ਦੀਪ ਸਟੂਡੀਓ, ਰੋਸ਼ਨ ਟੱਕਰ, ਹੈਪੀ ਠੇਕੇਦਾਰ, ਤਰਸੇਮ ਕਟਾਰੀਆ, ਪ੍ਰੇਮ ਕਟਾਰੀਆ, ਮਹਿੰਦਰ ਧਵਨ, ਕੀਤਮੀ ਖੰਨਾ, ਕ੍ਰਿਸ਼ਨ ਕੁਮਾਰ ਰਾਧੇ ਕ੍ਰਿਸ਼ਨ ਧਾਮ, ਸੰਜੀਵ ਕੁਮਾਰ ਟਿੰਕੂ, ਗੁਰਚਰਨ ਸਿੰਘ ਗਿੱਲ, ਸੰਜੀਵ ਖੁਰਾਣਾ, ਅਜੈ ਕੁਮਾਰ ਬਾਂਸਲ, ਨਵਦੀਪ ਸਿੰਘ ਰਿੰਕੀ, ਗੋਤਮ ਬਾਂਸਲ ਸਟੇਟ ਐਵਰਡੀ ਆਦਿ ਸਾਰੇ ਮੈਂਬਰਾਂ ਨੇ ਜ਼ਿਲਾ ਪ੍ਰਸ਼ਾਸਨ ਤੋ ਇਤਿਹਾਸਕ ਇਮਾਰਤਾਂ ਨੂੰ ਸਾਂਭ ਸੰਭਾਲ ਕਰਨ ਦੀ ਮੰਗ ਕੀਤੀ ਹੈ।
