ਫਰੀਦਕੋਟ ਨੂੰ ਸੁਰੱਖਿਅਤ ਜਿਲ੍ਹਾ ਬਣਾਉਣ ਲਈ ਪੁਲਿਸ ਪ੍ਰਸ਼ਾਸ਼ਨ ਪੂਰੀ ਤਰ੍ਹਾ ਵਚਨਬੱਧ : ਐੱਸ.ਐੱਸ.ਪੀ.
ਕੋਟਕਪੂਰਾ, 1 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਾ. ਪ੍ਰਗਿਆ ਜੈਨ ਐਸ.ਐਸ.ਪੀ. ਦੀ ਰਹਿਨੁਮਾਈ ਹੇਠ ਪੁਲਿਸ ਵੱਲੋਂ ਅਪਰਾਧਿਕ ਅਨਸਰਾਂ ਖਿਲਾਫ ਇੱਕ ਸਖ਼ਤ ਅਤੇ ਨਿਰਣਾਇਕ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਇੱਕ ਵੱਡੀ ਕਾਮਯਾਬੀ ਹਾਸਿਲ ਕਰਦਿਆ ਫਰੀਦਕੋਟ ਪੁਲਿਸ ਵੱਲੋਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਘੁੰਮ ਰਹੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾ ਪਾਸੋ 2 ਦੇਸੀ ਪਿਸਟਲ .32 ਬੋਰ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਹ ਜਾਣਕਾਰੀ ਸ਼੍ਰੀ ਜਤਿੰਦਰ ਸਿੰਘ ਡੀ.ਐਸ.ਪੀ(ਸਬ-ਡਵੀਜਨ) ਕੋਟਕਪੂਰਾ ਵੱਲੋਂ ਸੋਮਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ ਗਈ। ਗ੍ਰਿਫਤਾਰ ਹੋਏ ਦੋਸ਼ੀਆਂ ਦੀ ਪਹਿਚਾਣ ਜੀਤਾ ਪੁੱਤਰ ਪ੍ਰੀਤਮ ਸਿੰਘ ਜੋ ਕਿ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਧੂੜਕੋਟ ਦਾ ਨਿਵਾਸੀ ਹੈ ਅਤੇ ਛਮਨਪਾਲ ਸਿੰਘ ਉਰਫ ਸੈਮ ਜੋ ਕਿ ਕੋਟਕਪੂਰਾ ਦਾ ਰਹਿਣ ਵਾਲਾ ਹੈ। ਅਸਲਾ ਅਤੇ ਕਾਰਤੂਸ ਬਰਾਮਦ ਕਰਨ ਤੋ ਇਲਾਵਾ ਪੁਲਿਸ ਟੀਮਾਂ ਨੇ ਦੋਸ਼ੀਆਂ ਪਾਸੋ ਇੱਕ ਪਲਸਰ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ।
ਕਾਰਵਾਈ ਦੀ ਜਾਣਕਾਰੀ ਸਾਂਝੀ ਕਰਦਿਆ ਉਹਨਾ ਦੱਸਿਆ ਕਿ ਫਰੀਦਕੋਟ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਪਰੋਕਤ ਦੋਨੋ ਦੋਸ਼ੀ ਪਲਸਰ ਮੋਟਰਸਾਈਕਲ ਪਰ ਨਜਾਇਜ ਅਸਲਾ ਲੈ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਜੈਤੋ ਰੋਡ ਵਾਲੀ ਸਾਈਡ ਪਰ ਘੁੰਮ ਰਹੇ ਹਨ। ਜਿਸ ਤੇ ਸ:ਥ ਭੁਪਿੰਦਰਜੀਤ ਸਿੰਘ ਵੱਲੋ ਪੁਲਿਸ ਪਾਰਟੀ ਸਮੇਤ ਤੁਰੰਤ ਕਾਰਵਾਈ ਕਰਦੇ ਹੋਏ ਦੋਹਾ ਦੋਸ਼ੀਆਂ ਜੀਤਾ ਅਤੇ ਛਮਨਪਾਲ ਸਿੰਘ ਉਰਫ ਸੈਮ ਨੂੰ ਜੈਤੋ ਸੂਆ ਰੋਡ ਤੋ ਗੁਰੂ ਤੇਗ ਬਹਾਦਰ ਨਗਰ ਲਿੰਕ ਰੋਡ ਪਰ ਕਾਬੂ ਕੀਤਾ ਗਿਆ। ਇਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਵਿਖੇ ਮੁਕੱਦਮਾ ਨੰਬਰ 158 ਮਿਤੀ 29.06.2025 ਅਧੀਨ ਧਾਰਾ 25/54/59 ਅਸਲਾ ਐਕਟ ਦਰਜ ਰਜਿਸਟਰ ਕੀਤਾ ਗਿਆ ਹੈ। ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਦੋਸ਼ੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ। ਇਹਨਾ ਨੂੰ ਕਾਬੂ ਕਰਨ ਨਾਲ ਫਰੀਦਕੋਟ ਪੁਲਿਸ ਵੱਲੋਂ ਕਿਸੇ ਵੱਡੀ ਵਾਰਦਾਤ ਨੂੰ ਰੋਕਣ ਵਿੱਚ ਸਫਲਤਾ ਹਾਸਿਲ ਹੋਈ ਹੈ। ਫਰੀਦਕੋਟ ਪੁਲਿਸ ਵੱਲੋਂ ਅਪਰਾਧਿਕ ਅਨਸਰਾਂ ਖ਼ਿਲਾਫ਼ ਸਖ਼ਤ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਅਪਰਾਧਕ ਗਿਰੋਹਾਂ ਤੇ ਪੂਰੀ ਤਰ੍ਹਾਂ ਨਕੇਲ ਪਾਈ ਜਾ ਰਹੀ ਹੈ। ਪੁਲਿਸ ਵੱਲੋਂ ਜ਼ਿਲ੍ਹੇ ਦੇ ਹਰ ਖੇਤਰ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਵਿੱਚ ਫਰੀਦਕੋਟ ਪੁਲਿਸ ਲਗਾਤਾਰ ਸਫਲਤਾ ਹਾਸਿਲ ਕਰ ਰਹੀ ਹੈ।