ਪੁਲਿਸ ਟੀਮਾਂ ਅਤੇ ਫਾਇਰਬ੍ਰਿਗੇਡ ਦੀ ਮੱਦਦ ਨਾਲ ਪਾਇਆ ਅੱਗ ’ਤੇ ਕਾਬੂ
ਫਰੀਦਕੋਟ , 22 ਮਈ (ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਪੁਲਿਸ ਵੱਲੋਂ ਹਰ ਹਾਲਤ ਵਿੱਚ ਜਨਤਕ ਸੁਰੱਖਿਆ, ਕਾਨੂੰਨ ਵਿਵਸਥਾ ਅਤੇ ਐਮਰਜੈਂਸੀ ਹਾਲਾਤਾਂ ’ਚ ਤੇਜ਼ ਤੇ ਪ੍ਰਭਾਵਸ਼ਾਲੀ ਕਾਰਵਾਈ ਕਰਨਾ ਉਸ ਦੀ ਪਹਚਾਨ ਬਣ ਚੁੱਕੀ ਹੈ। ਚਾਹੇ ਕੋਈ ਐਮਰਜੈਸੀ ਹਾਲਾਤ, ਟਰੈਫਿਕ ਪ੍ਰਬੰਧ, ਜਾਂ ਅਚਾਨਕ ਆਈ ਕਿਸੇ ਘਟਨਾ-ਫਰੀਦਕੋਟ ਪੁਲਿਸ ਹਮੇਸ਼ਾ ਆਪਣੀ ਡਿਊਟੀ ਨੂੰ ਨਿਭਾਉਣ ਵਿੱਚ ਪਹਿਲੀ ਕਤਾਰ ਵਿੱਚ ਰਹੀ ਹੈ। ਇਨ੍ਹਾਂ ਕੋਸ਼ਿਸ਼ਾਂ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਲੋਕਾਂ ਵਿਚਕਾਰ ਭਰੋਸੇਯੋਗ ਤੇ ਪ੍ਰਭਾਵਸ਼ਾਲੀ ਢੰਗ ਨਾਲ ਦੇਖਿਆ ਜਾਦਾ ਹੈ। ਇਸੇ ਦੀ ਇੱਕ ਤਾਜਾ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋ ਬੀਤੀ ਰਾਤ ਫਰੀਦਕੋਟ ਵਿਖੇ ਸਥਿਤ ਸ਼ੂਗਰ ਮਿਲ ਨਜਦੀਕ ਅਚਾਨਕ ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਸਮੇਤ ਮਨਵਿੰਦਰ ਬੀਰ ਸਿੰਘ ਐਸ.ਪੀ. (ਸਥਾਨਕ), ਤਰਲੋਚਨ ਸਿੰਘ ਡੀ.ਐਸ.ਪੀ. (ਸਬ-ਡਵੀਜ਼ਨ) ਫਰੀਦਕੋਟ, ਫਰੀਦਕੋਟ ਟਰੈਫਿਕ ਪੁਲਿਸ ਟੀਮਾਂ, ਪੀ.ਸੀ.ਆਰ ਟੀਮਾ ਅਤੇ ਇੰਸਪੈਕਟਰ ਜਗਤਾਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਫਰੀਦਕੋਟ ਆਪਣੀ ਪੁਲਿਸ ਪਾਰਟੀ ਸਮੇਤ ਤੁਰਤ ਮੌਕੇ ਪਰ ਪਹੁੰਚੇ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਪੁਲਿਸ ਲਾਈਨ ਫਰੀਦਕੋਟ ਵਿਖੇ ਮੌਜੂਦ ਵਾਟਰ ਕੈਨਨ ਦੀ ਵਰਤੋ ਅੱਗ ਬੁਝਾਉਣ ਲਈ ਕੀਤੀ ਗਈ। ਇਹ ਅੱਗ ਵੱਡੀ ਤਬਾਹੀ ਦਾ ਰੂਪ ਧਾਰ ਸਕਦੀ ਸੀ, ਕਿਉਂਕਿ ਮਿਲ ਦੇ ਆਸ-ਪਾਸ ਦਰੱਖਤਾਂ ਦੀ ਵੱਧ ਮਾਤਰਾ ਅਤੇ ਨਜ਼ਦੀਕ ਰਿਹਾਇਸ਼ੀ ਇਲਾਕਾ ਹੋਣ ਕਰਕੇ ਖ਼ਤਰਾ ਜ਼ਿਆਦਾ ਸੀ ਪਰ ਪੁਲਿਸ ਅਤੇ ਅੱਗ ਬੁਝਾਉ ਟੀਮ ਦੀ ਸਚੇਤੀ ਅਤੇ ਤੇਜ਼ੀ ਨਾਲ ਕੀਤੀ ਕਾਰਵਾਈ ਕਾਰਨ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਅ ਹੋਇਆ। ਇਸ ਸਬੰਧੀ ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਨੇ ਦੱਸਿਆ ਕਿ ਫਰੀਦਕੋਟ ਪੁਲਿਸ ਜਨਤਕ ਸੁਰੱਖਿਆ ਲਈ ਸਦਾ ਤਤਪਰ ਹੈ ਅਤੇ ਕਿਸੇ ਵੀ ਐਮਰਜੈਂਸੀ ਹਾਲਤ ਵਿੱਚ ਤੁਰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਰਨਾ ਅਸੀਂ ਆਪਣਾ ਫਰਜ਼ ਮੰਨਦੇ ਹਾਂ। ਉਨ੍ਹਾਂ ਕਿਹਾ ਕਿ ਇਸ ਘਟਨਾ ਦੌਰਾਨ ਪੁਲਿਸ ਟੀਮਾਂ ਵੱਲੋਂ ਜੋ ਸੰਵੇਦਨਸ਼ੀਲਤਾ, ਸਚੇਤੀ ਅਤੇ ਸਮਰਪਣ ਦਾ ਪ੍ਰਦਰਸ਼ਨ ਕੀਤਾ ਗਿਆ, ਉਹ ਕਾਬਿਲ-ਏ-ਤਾਰੀਫ਼ ਹੈ। ਆਮ ਜਨਤਾ ਦੀ ਜਾਨ-ਮਾਲ ਦੀ ਰੱਖਿਆ ਸਾਡੀ ਮੁੱਖ ਤਰਜੀਹ ਹੈ ਅਤੇ ਭਵਿੱਖ ਵਿੱਚ ਵੀ ਫਰੀਦਕੋਟ ਪੁਲਿਸ ਐਸੇ ਹੀ ਸਮਰਪਣ ਨਾਲ ਆਪਣੀ ਡਿਊਟੀ ਨਿਭਾਉਂਦੀ ਰਹੇਗੀ। ਇਸ ਮੌਕੇਂ ਉਹਨਾਂ ਪਬਲਿਕ ਨੂੰ ਅਪੀਲ ਕੀਤੀ ਕਿ ਕਿਸੇ ਵੀ ਐਮਰਜੈਂਸੀ ਸਥਿਤੀ ਦੀ ਸੂਚਨਾ ਤੁਰਤ ਨਜ਼ਦੀਕੀ ਪੁਲਿਸ ਥਾਣੇ ਜਾਂ ਹੈਲਪਲਾਈਨ ਨੰਬਰ 112 ’ਤੇ ਕਾਲ ਕਰਨ। ਇਸ ਦੌਰਾਨ ਸਥਾਨਕ ਮੁਹੱਲਾ ਨਿਵਾਸੀਆਂ ਅਤੇ ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਫਰੀਦਕੋਟ ਪੁਲਿਸ ਦੀ ਤੁਰਤ ਕਾਰਵਾਈ ਅਤੇ ਸਮੇਂ-ਸਿਰ ਅੱਗ ’ਤੇ ਕਾਬੂ ਪਾਉਣ ਲਈ ਕੀਤੀ ਗਈ ਮੁਹਿੰਮ ਦੀ ਭਰਪੂਰ ਸ਼ਲਾਘਾ ਕੀਤੀ ਗਈ। ਲੋਕਾਂ ਨੇ ਕਿਹਾ ਕਿ ਜੇ ਪੁਲਿਸ ਅਤੇ ਫਾਇਰ ਟੀਮ ਵੱਲੋਂ ਤੁਰਤ ਅਤੇ ਸੰਗਠਿਤ ਤਰੀਕੇ ਨਾਲ ਕਾਰਵਾਈ ਨਾ ਕੀਤੀ ਜਾਂਦੀ ਤਾਂ ਇਲਾਕੇ ਵਿੱਚ ਵੱਡਾ ਨੁਕਸਾਨ ਹੋ ਸਕਦਾ ਸੀ।