ਆਮ ਲੋਕਾਂ ਨੂੰ ਸੁਲਤਾਨਪੁਰ ਲੋਧੀ, ਕਪੂਰਥਲਾ ਤੇ ਬਿਆਸ ਜਾਣ ਲਈ ਮਿਲੇਗੀ ਵਿਸ਼ੇਸ਼ ਸਹੂਲਤ
ਕੋਟਕਪੂਰਾ, 8 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਵੱਲੋਂ ਰਾਜ ਵਾਸੀਆਂ ਨੂੰ ਵਧੀਆ ਆਵਾਜਾਈ ਦੀਆਂ ਸਹੂਲਤ ਪ੍ਰਦਾਨ ਕਰਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਰਾਜ ਦੇ ਵੱਖ-ਵੱਖ ਸ਼ਹਿਰਾਂ ਕਸਬਿਆਂ ਤੋਂ ਰਾਜ ਦੇ ਬਾਕੀ ਹਿੱਸਿਆਂ ਨੂੰ ਜੋੜਨ ਲਈ ਵਧੀਆ ਬੱਸ ਨੈਟਵਰਕ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਪੀ.ਆਰ.ਟੀ.ਸੀ. ਵੱਲੋਂ ਵਿਧਾਇਕ ਫ਼ਰੀਦਕੋਟ ਗੁਰਦਿੱਤ ਸਿੰਘ ਸੇਖੋਂ ਦੇ ਯਤਨਾ ਸਦਕਾ ਫ਼ਰੀਦਕੋਟ, ਕੋਟਕਪੂਰਾ ਤੋਂ ਰੋਜ਼ਾਨਾ ਬਿਆਸ ਲਈ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ। ਇਹ ਪ੍ਰਗਟਾਵਾ ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਜੋਧ ਸਿੰਘ ਹੰਢਾਣਾ ਨੇ ਬੱਸ ਸਟੈਂਡ ਫ਼ਰੀਦਕੋਟ ਤੋਂ ਬਿਆਸ ਲਈ ਨਵੀਂ ਬੱਸ ਰਵਾਨਾ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਇਹ ਬੱਸ ਰੋਜਾਨਾ ਸਵੇਰੇ 6.30 ਵਜੇ ਤੋਂ ਕੋਟਕਪੂਰਾ, ਫ਼ਰੀਦਕੋਟ ਤੋਂ ਵਾਇਆ ਮੱਖੂ, ਜੀਰਾ, ਸੁਲਤਾਨਪੁਰ ਲੋਧੀ, ਕਪੂਰਥਲਾ ਤੋਂ ਬਿਆਸ ਤੱਕ ਚੱਲੇਗੀ, ਜਿਸ ਨਾਲ ਵਿਦਿਆਰਥੀਆਂ, ਦਫ਼ਤਰੀ ਕਰਮਚਾਰੀਆਂ, ਕਾਰੋਬਾਰੀਆਂ ਅਤੇ ਆਮ ਯਾਤਰੀਆਂ ਨੂੰ ਲਾਭ ਮਿਲੇਗਾ। ਚੇਅਰਮੈਨ ਰਣਜੋਧ ਸਿੰਘ ਹੰਢਾਣਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਵਾਜਾਈ ਸਹੂਲਤਾਂ ਨੂੰ ਮਜ਼ਬੂਤ ਬਣਾਉਣ ਲਈ ਪੀ.ਆਰ.ਟੀ.ਸੀ. ਦੇ ਵਾਹਨਾਂ ਦੀ ਸੰਖਿਆ ਵਧਾਈ ਜਾ ਰਹੀ ਹੈ ਅਤੇ ਨਵੇਂ ਰੂਟ ਸ਼ੁਰੂ ਕਰਕੇ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੀ.ਆਰ.ਟੀ.ਸੀ. ਵਿੱਚ 100 ਮਿੰਨੀ ਬੱਸਾਂ ਤੋਂ ਇਲਾਵਾ 400 ਵੱਡੀਆਂ ਬੱਸਾਂ ਦੇ ਵੀ ਜਲਦ ਹੀ ਟੈਂਡਰ ਲਾਏ ਜਾਣਗੇ। ਇਸ ਮੌਕੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਪਿਤਾ ਅੰਗਰੇਜ ਸਿੰਘ ਸੇਖੋਂ, ਚੇਅਰਮੈਨ ਅਮਨਦੀਪ ਸਿੰਘ ਬਾਬਾ, ਚੇਅਰਮੈਨ ਰਮਨਦੀਪ ਸਿੰਘ ਮੁਮਾਰਾ, ਨਵਨੀਤ ਸਿੰਘ ਏ.ਐੱਮ.ਡੀ., ਗੁਰਤੇਜ ਸਿੰਘ ਖੋਸਾ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਜੀ.ਐਮ. ਸੀਤਾ ਰਾਮ, ਬੱਬੂ ਅਹੁਜਾ, ਸਿਮਰਤ ਸਿੰਘ ਬਲਾਕ ਪ੍ਰਧਾਨ ਪਰਗਟ ਸਿੰਘ, ਮਨਜਿੰਦਰ ਸਿੰਘ ਗਾਂਘਾ ਬਲਾਕ ਪ੍ਰਧਾਨ, ਕੁਲਦੀਪ ਸਿੰਘ ਚੰਨੀਆ, ਗੁਰਜੰਟ ਸਿੰਘ ਹਾਜ਼ਰ ਸਨ।