ਫ਼ਰੀਦਕੋਟ, 13 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਫ਼ਰੀਦਕੋਟ ਪੁਲੀਸ ਨੇ ਵੱਖ-ਵੱਖ ਫੌਜਦਾਰੀ ਕੇਸਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਭਗੌੜੇ ਚੱਲੇ ਆ ਰਹੇ 46 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਚਨਾ ਅਨੁਸਾਰ ਇਹਨਾਂ ਵਿਅਕਤੀਆਂ ਖ਼ਿਲਾਫ਼ ਫਰੀਦਕੋਟ ਦੀਆਂ ਵੱਖ-ਵੱਖ ਅਦਾਲਤਾਂ ਵਿੱਚ ਅਪਰਾਧਿਕ ਮੁਕੱਦਮੇ ਚੱਲ ਰਹੇ ਸਨ ਪਰ ਇਹ ਮੁਲਜ਼ਮ ਜ਼ਮਾਨਤ ਮਿਲਣ ਤੋਂ ਬਾਅਦ ਭਗੌੜੇ ਹੋ ਗਏ। ਪੁਲੀਸ ਨੇ ਭਗੋੜੇ ਵਿਅਕਤੀਆਂ ਨੂੰ ਫੜਨ ਲਈ ਇੱਕ ਵਿਸ਼ੇਸ਼ ਟੀਮ ਬਣਾਈ ਸੀ, ਇਸੇ ਤਹਿਤ ਕੁਝ ਦਿਨਾਂ ਵਿੱਚ ਹੀ 46 ਭਗੋੜੇ ਪੁਲੀਸ ਨੂੰ ਮਿਲ ਗਏ ਹਨ ਜਦੋਂ ਕਿ ਇੰਨੇ ਭਗੌੜੇ ਅਜੇ ਹੋਰ ਫੜਨੇ ਬਾਕੀ ਹਨ। ਜ਼ਿਲ੍ਹਾ ਪੁਲੀਸ ਮੁਖੀ ਪ੍ਰੱਗਿਆ ਜੈਨ ਕਿਹਾ ਕਿ ਬਾਕੀ ਰਹਿੰਦੇ ਭਗੌੜੇ ਵਿਅਕਤੀਆਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਇਸ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ। ਸੂਚਨਾ ਅਨੁਸਾਰ ਕੁਝ ਭਗੌੜੇ ਵਿਅਕਤੀ ਫਰੀਦਕੋਟ ਛੱਡ ਕੇ ਪੰਜਾਬ ਹਰਿਆਣਾ ਅਤੇ ਰਾਜਸਥਾਨ ਵਿੱਚ ਚਲੇ ਗਏ ਸਨ। ਪੁਲੀਸ ਨੇ ਭਗੌੜਿਆਂ ਦੇ ਟਿਕਾਣੇ ਬਾਰੇ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਭਗੌੜੇ ਵਿਅਕਤੀਆਂ ਦੀ ਜਾਇਦਾਦ ਜ਼ਬਤ ਕਰਨ ਦੀ ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਹੀ 46 ਭਗੌੜੇ ਫੜੇ ਜਾ ਚੁੱਕੇ ਹਨ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਬਾਕੀ ਭਗੌੜਿਆਂ ਨੂੰ ਫੜਨ ਲਈ ਕਾਰਵਾਈ ਤੇਜ਼ ਕੀਤੀ ਹੋਈ ਹੈ, ਜਿਹੜੇ ਭਗੌੜੇ ਨਾ ਫੜੇ ਗਏ ਉਨ੍ਹਾਂ ਦੀ ਜਾਇਦਾਦ ਕਾਨੂੰਨ ਅਨੁਸਾਰ ਕੁਰਕ ਕੀਤੀ ਜਾਵੇਗੀ। ਇਸੇ ਦਰਮਿਆਨ ਪਤਾ ਲੱਗਾ ਹੈ ਕਿ ਇੱਕ ਦਰਜਨ ਤੋਂ ਵੱਧ ਭਗੌੜੇ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੱਜ ਗਏ ਹਨ। ਭਗੌੜੇ ਹੋਣ ਵਾਲੇ ਵਿਅਕਤੀਆਂ ਦੇ ਜ਼ਮਾਨਤੀਆਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਪੁਲੀਸ ਤੇ ਅਦਾਲਤ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।