* ਵੱਖ-ਵੱਖ ਸ਼ਖਸ਼ੀਅਤਾਂ ਨੇ ਕੀਤਾ ਉਪਰੋਤਕ ਪ੍ਰਗਟਾਵਾ
ਅਹਿਮਦਗੜ੍ਹ 12 ਅਗਸਤ ( ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)
ਇਹ ਪੰਜਾਬ ਦੀ ਧਰਤੀ ਮੌਸਮ ਤੇ ਰੁੱਤਾਂ ਅਨੁਸਾਰ ਮੇਲਿਆਂ ਤੇ ਤਿਉਹਾਰਾਂ ਨਾਲ ਭਰਪੂਰ ਹੈ। ਇਹਨਾਂ ਵਿੱਚੋਂ ਸਾਉਣ ਦੇ ਮਹੀਨੇ ਦੀਆਂ ਤੀਆਂ ਚਾਨਣ ਦੇ ਪੱਖ ਤੋਂ ਸ਼ੁਰੂ ਹੋ ਕੇ ਪੂਰਨਮਾਸੀ ਨੂੰ ਸੰਪੂਰਨ ਹੁੰਦੀਆਂ ਹਨ। ਇਤਿਹਾਸਿਕ ਪ੍ਰਮਾਣ ਮਿਲਦੇ ਨੇ ਕਿ ਆਜ਼ਾਦੀ ਤੋਂ ਪਹਿਲਾਂ ਤੀਆਂ ਦਾ ਪਿਛੋਕੜ ਪ੍ਰਸੰਸਾਜਨਕ ਨਹੀਂ ਸੀ। ਉਸ ਸਮੇਂ ਮੁਗਲ ਰਾਜਿਆਂ ਵੱਲੋਂ ਪਿੰਡ ਵਿੱਚ ਆਪਣੇ ਪੈਰੋਕਾਰ ਭੇਜ ਕੇ ਪਿੰਡ ਦੇ ਮੋਹਤਵਰ ਬੰਦਿਆਂ ਨੂੰ ਮਿਲ ਕੇ ਪਿੰਡ ਦੀਆਂ ਜਵਾਨ ਲੜਕੀਆਂ ਤੇ ਨੂਹਾਂ ਨੂੰ ਪਿੰਡ ਦੀ ਸਾਂਝੀ, ਖੁੱਲੀ ਥਾਂ ਇਕੱਠੇ ਹੋਣ ਦਾ ਹੁਕਮ ਦਿੱਤਾ ਜਾਂਦਾ ਤੇ ਉੱਥੇ ਹੀ ਉਹਨਾਂ ਨੂੰ ਨੱਚਣ ਟੱਪਣ ਤੇ ਪੀਂਘਾਂ ਝੂਟਣ ਦੇ ਫੁਰਮਾਨ ਕੀਤੇ ਜਾਂਦੇ। ਜਿਸ ਦੌਰਾਨ ਖੂਬਸੂਰਤ ਨਜ਼ਰ ਆਉਣ ਵਾਲੀਆਂ ਲੜਕੀਆਂ ਦੇ ਉਹ ਪੈਰੋਕਾਰ ਨੱਕ ਵਿੱਚ ਨੱਥ ਪਾ ਜਾਂਦੇ ਤੇ ਪਿੰਡ ਦੇ ਮੁਖੀਆਂ ਨੂੰ ਉਹਨਾਂ ਲੜਕੀਆਂ ਨੂੰ ਮੁਗਲ ਬਾਦਸ਼ਾਹ ਅੱਗੇ ਨਿਯਤ ਸਮੇਂ ਪੇਸ਼ ਕਰਨ ਦਾ ਹੁਕਮ ਵੀ ਦੇ ਜਾਂਦੇ। ਆਜ਼ਾਦੀ ਤੋਂ ਪਹਿਲਾਂ ਇਹ ਪਰੰਪਰਾ ਲੰਮਾ ਸਮਾਂ ਚਲਦੀ ਰਹੀ ਹੋਣ ਦੇ ਸੰਕੇਤ ਮਿਲਦੇ ਹਨ। ਤੀਆਂ ਦਾ ਤਿਉਹਾਰ ਸਾਡੇ ਦਿਲਾਂ ਵਿੱਚ ਆਪਸੀ ਮੁਹੱਬਤ ਤੇ ਸਤਿਕਾਰ ਭਾਵਨਾ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੋਣ ਦਾ ਪ੍ਰਗਟਾਵਾ ਕਰਦਿਆਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਸ੍ਰੀਮਤੀ ਰੁਪਿੰਦਰ ਕੌਰ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਘੱਟ ਜਾਣ ਦਾ ਕਾਰਨ ਪਿੱਪਲ ਪੱਤੀਆਂ, ਕੋਕਰੂਆਂ, ਵਾਲ਼ੇ, ਵਾਲ਼ੀਆਂ, ਮੱਥੇ ਤੇ ਟਿੱਕੇ ਤੇ ਪੈਰੀ ਝਾਂਜਰਾਂ ਪਹਿਨਣ ਵਾਲੀਆਂ ਮੁਟਿਆਰਾਂ ਪੱਛਮੀ ਸੱਭਿਅਤਾ ਦਾ ਸ਼ਿਕਾਰ ਹੋਕੇ ਆਪਣੀ ਰਵਾਇਤੀ ਪੋਸ਼ਾਕਾਂ ਤੇ ਗਹਿਣਿਆਂ ਨੂੰ ਭੁੱਲ ਗਈਆਂ ਹਨ। ਉਹਨਾਂ ਪੱਛਮੀ ਸੱਭਿਆਚਾਰ ਵੱਲੋਂ ਸਾਡੇ ਪੰਜਾਬੀ ਸੱਭਿਆਚਾਰ ਨੂੰ ਢਾਈ ਲਾਈ ਹੋਣ ਦਾ ਪ੍ਰਗਟਾਵਾ ਕਰਦਿਆਂ, ਇਸ ਵਿਰਾਸਤੀ ਤਿਉਹਾਰ ਨੂੰ ਬਚਾਉਣ ਤੇ ਮਨਾਉਣ ਲਈ ਸਾਂਝੇ ਯਤਨਾ ਦੀ ਲੋੜ ਤੇ ਜ਼ੋਰ ਦਿੱਤਾ। ਆਧੁਨਿਕ ਦੌਰ ਵਿੱਚ ਤੀਆਂ ਦੇ ਰੰਗ ਫਿੱਕੇ ਪੈ ਗਏ ਹੋਣ ਦੇ ਵਿਚਾਰ ਪ੍ਰਗਟ ਕਰਦਿਆਂ ਸਾਬਕਾ ਪ੍ਰਿੰਸੀਪਲ ਡਾ. ਮਹਿੰਦਰ ਕੌਰ ਗਰੇਵਾਲ ਨੇ ਕਿਹਾ ਕਿ ਅੱਜ ਪਦਾਰਥਵਾਦੀ ਯੁੱਗ ਵਿੱਚ ਪੁਸ਼ਤਾਨੀ ਤੀਆਂ ਦੇ ਰੰਗ ਫਿੱਕੇ ਪੈ ਗਏ ਹਨ। ਅੱਜ-ਕੱਲ੍ਹ ਤੀਆਂ ਇੱਕ ਫੰਕਸ਼ਨ ਬਣ ਕੇ ਰਹਿ ਗਿਆ ਹੋਣ ਦਾ ਪ੍ਰਗਟਾਵਾ ਕਰਦਿਆਂ, ਉਹਨਾਂ ਇਸ ਵਿਰਾਸਤੀ ਤਿਉਹਾਰ ਨੂੰ ਪਹਿਲਾਂ ਵਾਂਗ ਹੀ ਰੀਝਾਂ ਨਾਲ ਮਨਾ ਕੇ ਆਪਣੇ ਪੰਜਾਬੀ ਸੱਭਿਆਚਾਰ ਨੂੰ ਜਿਉਂਦਿਆਂ ਰੱਖਣ ਦੀ ਅਪੀਲ ਵੀ ਕੀਤੀ। ਪੰਜਾਬਣਾਂ ਦੇ ਮਨ ਭਾਉਂਦੇ ਤਿਉਹਾਰ ਸਬੰਧੀ ਪੰਜਾਬੀ ਦੀ ਉੱਘੀ ਕਵਿਤਰੀ ਗੁਰਦੀਪ ਕੋਮਲ ਨੇ ਕਿਹਾ ਕਿ ਸਮੇਂ ਦੇ ਬਦਲਾ ਨਾਲ ਹਰ ਚੀਜ਼ ਬਦਲ ਜਾਂਦੀ ਹੈ ਤੇ ਸਾਉਣ ਦੇ ਮਹੀਨੇ ਮਨਾਇਆ ਜਾਣ ਵਾਲਾ ਇਹ ਤੀਆਂ ਦਾ ਤਿਉਹਾਰ ਲੋਕਾਂ ਦੇ ਦਿਲਾਂ ਵਿੱਚੋਂ ਸੱਭਿਆਚਾਰ ਪਹਿਚਾਣ ਖਤਮ ਕਰਦਾ ਹੋਇਆ, ਅੱਜ-ਕੱਲ੍ਹ ਸਕੂਲਾਂ ਕਾਲਜਾਂ ਤੇ ਕਲੱਬਾਂ ਦੀਆਂ ਸਟੇਜਾਂ ਦਾ ਸ਼ਿੰਗਾਰ ਬਣ ਕੇ ਰਹਿ ਗਿਆ ਹੈ। ਸਾਉਣ ਦੇ ਮਹੀਨੇ ਮੀਂਹ ਨਾਲ ਧਰਤੀ ਦੀ ਪਿਆਸ ਮਿਟ ਜਾਂਦੀ ਹੋਣ ਅਤੇ ਰੁੱਖਾਂ ਤੇ ਹਰਿਆਲੀ ਚਮਕਾ ਮਾਰਦੀ ਹੋਣ ਤੇ ਹਰ ਜੀਵ ਜੰਤੂ ਵੀ ਖੁਸ਼ ਨਜ਼ਰ ਆਉਂਦਾ ਹੋਣ ਦਾ ਪ੍ਰਗਟਾਵਾ ਕਰਦਿਆਂ ਉੱਘੀ ਨਿਬੰਧਕਾਰ ਨੇ ਸਾਉਣ ਦੇ ਮਹੀਨੇ ਨੂੰ ਕੁੜੀਆਂ ਤੇ ਚਿੜੀਆਂ ਦਾ ਮਹੀਨਾ ਦੱਸਦੇ ਹੋਇਆ ਕਿਹਾ, ਇਸ ਸਾਵਣ ਮਹੀਨੇ ਉਡਦੀਆਂ ਬਦਲੋਟੀਆਂ ਵਿੱਚੋਂ ਵਰ੍ਹਦੀਆਂ ਕਣੀਆਂ ਧਰਤੀ ਦਾ ਮੂੰਹ ਮੱਥਾ ਸੰਵਾਰਦੀਆਂ ਨੇ ਤੇ ਅਜਿਹੇ ਖੁਸ਼ਗਵਾਰ ਮੌਕੇ ਤਾਂ ਮੱਲੋ ਮੱਲੀ ਝਾਂਜਰਾਂ ਪਾ ਕੇ ਨੱਚਣ ਨੂੰ ਜੀ ਕਰਦਾ ਹੈ। ਉਹਨਾਂ ਇਹ ਵੀ ਕਿਹਾ ਕਿ ਅੱਜ-ਕੱਲ੍ਹ ਭੱਜ ਦੌੜ ਦੀ ਜ਼ਿੰਦਗੀ ਵਿੱਚ ਇਨਸਾਨ ਹਰ ਖੇਤਰ ਵਿੱਚ ਇੱਕ ਦੂਜੇ ਤੋਂ ਅੱਗੇ ਲੰਘ ਜਾਣ ਬਾਰੇ ਸੋਚਦਾ ਹੈ ਤੇ ਸਾਡੀ ਨੌਜਵਾਨ ਪੀੜੀ ਆਪਣੇ ਅਮੀਰ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਹੈ। ਬੋਲੀਆਂ ਦਾ ਖੂਹ ਭਰਨ ਵਾਲੀਆਂ ਮੁਟਿਆਰਾਂ ਪੱਛਮੀ ਸੱਭਿਆਚਾਰ ਦੇ ਫੈਸ਼ਨਾਂ ਨੇ ਰੋਲ ਦਿੱਤੀਆਂ ਨੇ। ਇਸ ਮੌਕੇ ਲੈਕਚਰਾਰ ਲਲਿਤ ਗੁਪਤਾ ਨੇ ਕਿਹਾ ਕਿ ਧਾੜਵੀਂ ਮੁਲਕਾਂ ਨੇ ਭਾਰਤ ਉੱਤੇ ਹਮਲਿਆਂ ਵੇਲੇ ਪਰਖ਼ ਲਿਆ ਸੀ ਕਿ ਪੰਜਾਬੀ ਔਰਤਾਂ ਬਾਕੀ ਖੇਤਰਾਂ ਨਾਲੋਂ ਜਿਆਦਾ ਸੁੰਦਰ ਤੇ ਸੰਡੋਲ ਨੇ, ਉਹਨਾਂ ਦੀ ਪ੍ਰਾਪਤੀ ਲਈ ਉਹਨਾਂ ਨੇ ਤੀਆਂ ਦੇ ਮੇਲੇ ਦੀ ਤਰਤੀਬ ਬਣਾਈ, ਜੋ ਬਾਅਦ ਵਿੱਚ ਸਾਉਣ ਮਹੀਨੇ ਦੀਆਂ ਤੀਆਂ ਦਾ ਤਿਉਹਾਰ ਬਣ ਗਿਆ। ਫੋਟੋ ਕੈਪਸਨ : ਡਿਪਟੀ ਡਾਇਰੈਕਟਰ ਸ੍ਰੀਮਤੀ ਰੁਪਿੰਦਰ ਕੌਰ, ਡਾ. ਮਹਿੰਦਰ ਕੌਰ ਗਰੇਵਾਲ (ਸਾਬਕਾ ਪ੍ਰਿੰਸੀਪਲ) ਅਮਨਜੋਤ ਕੌਰ ਸਿੱਧੂ ਤੇ ਗੁਰਦੀਪ ਕੋਮਲ ਆਪਣੇ ਵਿਚਾਰ ਪੇਸ਼ ਕਰਦੇ ਹੋਏ।

