ਫਰੀਦਕੋਟ, 31 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਸ਼ਹੀਦੀ ਦਿਹਾੜਾ ਜੇਪੀਐਮਓ ਜਿਲ੍ਹਾ ਫਰੀਦਕੋਟ ਵਲੋਂ 30 ਜਨਵਰੀ ਨੂੰ ਨੇੜਲੇ ਪਿੰਡ ਔਲਖ ਵਿਖੇ ਸਾਥੀ ਬਲਕਾਰ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਵਿਸ਼ਾਲ ਇਕੱਤਰਤਾ ਕਰਕੇ ਮਨਾਇਆ ਗਿਆ। ਇਕੱਤਰਤਾ ਨੂੰ ਜੇਪੀਐਮਓ ਦੇ ਸੂਬਾਈ ਕਨਵੀਨਰ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਸੰਬੋਧਨ ਕੀਤਾ। ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂ ਹਰਜਿੰਦਰ ਸਿੰਘ ਕਾਕਾ ਨੇ ਵੀ ਵਿਚਾਰ ਰੱਖੇ। ਸਟੇਜ ਦੀ ਕਾਰਵਾਈ ਸਾਥੀ ਗੁਰਤੇਜ ਸਿੰਘ ਹਰੀ ਨੌ ਨੇ ਚਲਾਈ। ਇਹ ਜਾਣਕਾਰੀ ਅੱਜ ਇੱਥੋਂ ਜਾਰੀ ਇਕ ਬਿਆਨ ਰਾਹੀਂ ਜੇਪੀਐਮਓ ਦੇ ਜਿਲ੍ਹਾ ਕਨਵੀਨਰ ਸਾਥੀ ਵੀਰਇੰਦਰਜੀਤ ਸਿੰਘ ਪੁਰੀ ਨੇ ਦਿੱਤੀ।
ਬੁਲਾਰਿਆਂ ਨੇ ਕਿਹਾ ਕਿ ਉਂਜ ਤਾਂ ਕਿਰਤੀ-ਕਿਸਾਨਾਂ ਅਤੇ ਮਿਹਨਤੀ ਵਰਗਾਂ ਦੀ ਲੁੱਟ ਸੁਤੰਤਰਤਾ ਪ੍ਰਾਪਤੀ ਤੋਂ ਪਿੱਛੋਂ ਲਗਾਤਾਰ ਜਾਰੀ ਹੈ ਅਤੇ ਧਨਾਢਾਂ ਦੇ ਵਾਰੇ ਨਿਆਰੇ ਹਨ ਪਰ ਹੁਣ ਬਸਤੀਵਾਦੀ ਅੰਗਰੇਜ਼ ਹਾਕਮਾਂ ਦੇ ਕੌਲੀ ਚੱਟ ਅਤੇ ਸੁਤੰਤਰਤਾ ਸੰਗਰਾਮ ਦੇ ਜਨਮਜਾਤ ਗੱਦਾਰ ਦੇਸ਼ ਦੀ ਕੇਂਦਰੀ ਸੱਤਾ ‘ਤੇ ਕਾਬਜ਼ ਹੋ ਗਏ ਹਨ, ਜਿਨ੍ਹਾਂ ਨੇ ਕਾਰਪੋਰੇਟੀ ਅਤੇ ਸਾਮਰਾਜੀ ਲੁੱਟ ਦੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਅਜੋਕੀ ਕਾਰਪੋਰੇਟ ਪੱਖੀ ਫਿਰਕੂ-ਫਾਸ਼ੀ ਸੱਤਾ ਜਲ-ਜੰਗਲ-ਜ਼ਮੀਨ ਸਮੇਤ ਦੇਸ਼ ਦੇ ਸਮੁੱਚੇ ਕੁਦਰਤੀ ਅਤੇ ਮਾਨਵੀ ਵਸੀਲੇ ਕਾਰਪੋਰੇਟਾਂ ਹੱਥੀਂ ਲੁਟਾ ਰਹੇ ਹਨ। ਉਨ੍ਹਾਂ ਕਿਹਾ ਕਿ ਆਪਣੀਆਂ ਉਪਰੋਕਤ ਲੋਕ ਮਾਰੂ-ਦੇਸ਼ ਵਿਰੋਧੀ ਨੀਤੀਆਂ ਚੋਂ ਪੈਦਾ ਹੋਏ ਲੋਕ ਰੋਹ ਤੋਂ ਬਚਨ ਲਈ ਅਤੇ ਲੁੱਟ ਦਾ ਸਾਮਰਾਜ ਕਾਇਮ ਰੱਖਣ ਲਈ ਹੀ ਰਾਜ ਕਰਦੀ ਪਾਰਟੀ ਅਤੇ ਉਸ ਦੇ ਕਥਿਤ ਮਾਰਗ ਦਰਸ਼ਕ ਧਰਮ ਆਧਾਰਿਤ ਕੱਟੜ ਰਾਸ਼ਟਰ ਕਾਇਮ ਕਰਨ ਦੇ ਏਜੰਡੇ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਦੀਆਂ ਇਹ ਕੁਚਾਲਾਂ ਭਾਰਤੀ ਲੋਕਾਂ ‘ਚ ਧਰਮ, ਜਾਤ, ਭਾਸ਼ਾ, ਇਲਾਕੇ ਦੇ ਆਧਾਰ ‘ਤੇ ਫੁਟ ਪਾਉਣ ਦਾ ਜਰੀਆ ਬਣਦੀਆਂ ਹਨ। ਦਾਊਦ ਅਤੇ ਸਾਥੀਆਂ ਨੇ ਐਲਾਨ ਕੀਤਾ ਕਿ ਜੇਪੀਐਮਓ ਉਕਤ ‘ਕਾਰਪੋਰੇਟੀ ਲੁੱਟ ਅਤੇ ਫਿਰਕੂ-ਫਾਸ਼ੀ ਫੁੱਟ ਦੇ ਖਾਤਮੇ ਲਈ ਆਰ-ਪਾਰ ਦੇ ਘੋਲ ਵਿੱਢਣ ਲਈ ਦ੍ਰਿੜ੍ਹ ਸੰਕਲਪ ਹੈ ਅਤੇ ਲੋਕ ਯੁੱਧ ਭਖਾਉਣ ਲਈ ਆਉਂਦੀ ਤਿੰਨ ਮਾਰਚ ਨੂੰ ਬਠਿੰਡਾ ਵਿਖੇ ਵਿਸ਼ਾਲ ਖੇਤਰੀ ਰੈਲੀ ਕੀਤੀ ਜਾ ਰਹੀ ਹੈ ਜਿਸ ਵਿਚ ਫਰੀਦਕੋਟ ਜਿਲ੍ਹੇ ਵਿੱਚੋਂ ਹਜ਼ਾਰਾਂ ਲੋਕ ਸ਼ਾਮਲ ਹੋਣਗੇ। ਉਕਤ ਰੈਲੀ ਦੀ ਤਿਆਰੀ ਲਈ 14 ਫਰਵਰੀ ਨੂੰ ਕੋਟਕਪੂਰਾ ਅਤੇ 20 ਫਰਵਰੀ ਨੂੰ ਜੈਤੋ ਵਿਖੇ ਵਿਸ਼ਾਲ ਜ਼ੋਨਲ ਇਕੱਠ ਕੀਤੇ ਜਾਣਗੇ, ਜਿਨ੍ਹਾਂ ਨੂੰ ਮੰਚ ਦੇ ਸੂਬਾਈ ਆਗੂ ਸੰਬੋਧਨ ਕਰਨਗੇ। ਰੈਲੀ ਦਾ ਸੁਨੇਹਾ ਘਰ-ਘਰ ਪੁਚਾਉਣ ਲਈ ਵਿਸ਼ਾਲ ਮਾਤਰਾ ‘ਚ ਦੁਵਰਕੀ ਅਤੇ ਹੱਥ ਪਰਚੇ ਵੰਡੇ ਜਾਣਗੇ ਅਤੇ ਚੌਂਕਾਂ-ਚੁਰਾਹਿਆਂ ਵਿਚ ਤੇ ਹੋਰ ਜਨਥਕ ਥਾਂਵਾਂ ‘ਤੇ ਫਲੈਕਸਾਂ ਟੰਗੀਆਂ ਜਾਣਗੀਆਂ। ਨਾਲ ਹੀ ਕਿਰਤੀ ਵਰਗਾਂ ‘ਚੋਂ ਜਨਤਕ ਉਗਰਾਹੀ ਵੀ ਕੀਤੀ ਜਾਵੇਗੀ।