ਲੁਧਿਆਣਾਃ 15 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਕੈਨੇਡੀਅਨ ਧਰਤੀ ਤੇ ਦੇਸ਼ ਦੀ ਆਜ਼ਾਦੀ ਅਤੇ ਪੰਜਾਬੀ ਸਵੈਮਾਣ ਨੂੰ ਠੇਸ ਪਹੁੰਚਾਉਣ ਵਾਲੇ ਕੈਨੇਡੀਅਨ ਇਮੀਗਰੇਸ਼ਨ ਦੇ ਜਾਸੂਸ ਹਾਪਕਿਨਸਨ ਨੂੰ ਸਬਕ ਸਿਖਾਉਣ ਲਈ ਸ਼ਹੀਦ ਮੇਵਾ ਸਿੰਘ ਲੋਪੋਕੇ ਜੀ ਦੀ ਕੁਰਬਾਨੀ ਨੂੰ ਅੱਜ ਤੀਕ ਵੀ ਓਨੇ ਸਨਮਾਨਜਨਕ ਢੰਗ ਨਾਲ ਯਾਦ ਨਹੀਂ ਕੀਤਾ ਜਾਂਦਾ, ਜਿੰਨੇ ਦੇ ਉਹ ਹੱਕਦਾਰ ਹਨ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਵੱਸਦੇ ਇਤਿਹਾਸਕਾਰ ਸੋਹਣ ਸਿੰਘ ਪੂਨੀ ਵੱਲੋ “ਕਨੇਡਾ ਦੇ ਗਦਰੀ ਯੋਧੇ”ਪੁਸਤਕ ਲਿਖਣ ਉਪਰੰਤ ਹੁਣ “ ਭਾਈ ਮੇਵਾ ਸਿੰਘ ਦੀ ਸ਼ਹੀਦੀ ਅਤੇ ਹਾਪਕਿਨਸਨ ਦਾ ਕਤਲ “ ਪੁਸਤਕ ਲਿਖ ਕੇ ਕੌਮੀ ਕਰਜ਼ ਉਤਾਰਿਆ ਹੈ। ਸਿੰਘ ਬਰਦਰਜ਼ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਇਸ ਮਹੱਤਵਪੂਰਨ ਪੁਸਤਕ ਬਾਰੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਵਿਚਾਰ ਚਰਚਾ ਕਰਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਬਦੇਸ਼ਾਂ ਵਿੱਚ ਜੰਗੇ ਆਜ਼ਾਦੀ ਦੀ ਲਹਿਰ ਵਿੱਚੋਂ ਕਨੇਡਾ ਵਿੱਚ ਭਾਈ ਮੇਵਾ ਸਿੰਘ ਲੋਪੋਕੇ ਦੀ ਸ਼ਹਾਦਤ ਨੀਂਹਵਦੀ ਪਹਿਲੀ ਇੱਟ ਵਾਂਗ ਵੇਖਣ ਦੀ ਲੋੜ ਹੈ। ਲੋਪੋਕੇ(ਅੰਮ੍ਰਿਤਸਰ) ਵਿੱਚ 1880 ਨੂੰ ਜਨਮੇ ਇਸ ਸੂਰਮੇ ਨੇ ਰੌਸ਼ਨ ਭਵਿੱਖ ਦੀ ਉਸਾਰੀ ਲਈ 1906 ਵਿੱਚ ਕਨੇਡਾ ਵਿੱਚ ਉਤਾਰਾ ਕੀਤਾ ਸੀ। ਉਸਨੇ ਕਨੇਡੀਅਨ ਇਮੀਗਰੇਸ਼ਨ ਦੇ ਜਾਸੂਸ ਹਾਪਕਿਨਸਨ ਵੱਲੋਂ ਬੇਲਾ ਸਿੰਘ ਜਿਆਣ ਵਰਗੇ ਅਕਿਰਤਘਣ ਪੰਜਾਬੀ ਹੱਥੋਂ ਗੁਰਦੁਆਰਾ ਸਾਹਿਬ ਵਿੱਚ ਭਾਈ ਭਾਗ ਸਿੰਘ ਜੀ ਦਾ ਕਤਲ ਕਰਵਾਇਆ ਅਤੇ ਬਾਦ ਵਿੱਚ ਭਾਈ ਮੇਵਾ ਸਿੰਘ ਲੋਪੋਕੇ ਨੂੰ ਬੇਲਾ ਸਿੰਘ ਦੇ ਹੱਕ ਵਿੱਚਲਗਵਾਹੀ ਦੇਣ ਲਈ ਧਮਕਾਉਣ ਲੱਗਾ। ਇਹ ਗੱਲ ਭਾਈ ਮੇਵਾ ਸਿੰਘ ਨੂੰ ਕਿਸੇ ਵੀ ਰੂਪ ਵਿੱਚ ਪ੍ਰਵਾਨ ਨਾ ਹੋਈ। ਹਾਪਕਿਨਸਨ ਨੂੰ ਮੌਤ ਦੇ ਘਾਟ ਪਹੁੰਚਾ ਕੇ ਭਾਈ ਮੇਵਾ ਸਿੰਘ ਜੰਗੇ ਆਜ਼ਾਦੀ ਦਾ ਬਦੇਸ਼ਾਂ ਵਿੱਚ ਪਹਿਲਾ ਸ਼ਹੀਦ ਹੋਣ ਦਾ ਮਾਣ ਹਾਸਲ ਕਰ ਗਿਆ।
ਪ੍ਰੋ. ਗਿੱਲ ਨੇ ਕਿਹਾ ਕਿ ਇਤਿਹਾਸ ਦੇ ਅਮਰ ਪੰਨੇ ਸਾਨੂੰ ਇਹ ਸੋਝੀ ਦਿੰਦੇ ਹਨ ਕਿ ਜਿਸ ਆਜ਼ਾਦੀ ਨੂੰ ਅਸੀਂ ਅੱਜ ਗਰਜਾਂ ਪਿੱਛੇ ਰੋਲ ਰਹੇ ਹਾਂ, ਉਸ ਨੂੰ ਹਾਸਲ ਕਰਨ ਲਈ ਸੂਰਮਿਆਂ ਨੇ ਕਿਵੇਂ ਫਾਂਸੀ ਦੇ ਰੱਸੇ ਚੁੰਮਣ ਵੇਲੇ ਜੈਕਾਰੇ ਗੁੰਜਾਏ ਸੀ।
ਸ਼ਹੀਦ ਮੇਵਾ ਸਿੰਘ ਲੋਪੋ ਕੇ ਬਾਰੇ ਗਿਆਨੀ ਕੇਸਰ ਸਿੰਘ ਦਾ ਨਾਵਲ ਅਤੇ ਡਾ. ਵਰਿਆਮ ਸਿੰਘ ਸੰਧੂ ਵੱਲੋਂ ਲਿਖੀ ਜੀਵਨੀ ਘਰ ਘਰ ਪਹੁੰਚਾਉਣ ਦੀ ਲੋੜ ਹੈ ਤਾਂ ਜੋ ਗਦਰ ਲਹਿਰ ਦੇ ਸੂਰਮਿਆਂ ਨੂੰ ਅਕੀਦਤ ਦੇ ਫੁੱਲ ਭੇਂਟ ਕੀਤੇ ਜਾ ਸਕਣ।
ਪੰਜਾਬੀ ਪੱਤਰਕਾਰੀ ਦੇ ਸਿਰਕੱਢ ਹਸਤਾਖਰ ਬਲਜੀਤ ਬੱਲੀ ਨੇ ਕਿਹਾ ਕਿ ਇਤਿਹਾਸ ਵਿੱਚ ਗਦਰ ਪਾਰਟੀ ਲਹਿਰ ਦਾ ਸਭ ਤੋਂ ਵੱਡਾ ਯੋਗਦਾਨ ਹੈ। ਅੱਜ ਅਸੀਂ ਪਿਆਰਾ ਵਤਨ ਤਿਆਗ ਕੇ ਬਦੇਸ਼ਾਂ ਵੱਲ ਟੱਬਰਾਂ ਸਮੇਤ ਜਾਣ ਲਈ ਕਾਹਲੇ ਹਾ ਪਰ ਗਦਰ ਪਾਰਟੀ ਦੇ ਸੂਰਮੇ ਅਮਰੀਕਾ, ਕੈਨੇਡਾ ਕੇ ਹੋਰ ਅਨੇਕਾਂ ਮੁਲਕ ਛੱਡ ਕੇ ਦੇਸ਼ ਆਜ਼ਾਦ ਕਰਵਾਉਣ ਲਈ ਵਤਨ ਪਰਤੇ ਸਨ। ਇਹ ਗੱਲ ਵਿਸਾਰਨ ਯੋਗ ਨਹੀਂ।
ਸ. ਮੇਜਰਜੀਤ ਸਿੰਘ ਨੇ ਕਿਹਾ ਕਿ ਕੁਰਬਾਨੀ ਪੰਜਾਬੀ ਖ਼ੂਨ ਦੀ ਅਮਰ ਸ਼ਕਤੀ ਹੈ। ਇਸੇ ਸ਼ਕਤੀ ਦੇ ਸਹਾਰੇ ਹੀ ਗੁਰਦੁਆਰਾ ਸਾਹਿਬ ਵਿਖੇ ਕਾਤਲ ਬੇਲਾ ਸਿੰਘ ਜਿਆਣ ਦੀ ਕਰਤੂਤ ਦਾ ਸਬਕ ਸਿਖਾਉਣ ਲਈ ਸ਼ਹੀਦ ਮੇਵਾ ਸਿੰਘ ਜੀ ਨੇ ਸ਼ਹੀਦੀ ਜਾਮ ਪੀਤਾ।
ਰੋਜ਼ਾਨਾ ਜੁਝਾਰ ਟਾਈਮਜ਼ ਦੇ ਮੁੱਖ ਸੰਪਾਦਕ ਬਲਵਿੰਦਰ ਸਿੰਘ ਬੋਪਾਰਾਏ ਨੇ ਕਿਹਾ ਕਿ ਗਦਰ ਲਹਿਰ ਅਤੇ ਇਸ ਨਾਲ ਸਬੰਧਿਤ ਸ਼ਹੀਦ ਸੂਰਮਿਆਂ ਦੀ ਸੂਰਮਗਤੀ ਦੇ ਵਿਚਾਰ ਪਰਸਾਰ ਲਈ ਸਕੂਲਾਂ ਕਾਲਜਾਂ ਦੇ ਸਿਲੇਬਸ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਲੋਪੋ ਕੇ ਪੰਡ ਵਿੱਚ ਸ਼ਹੀਦ ਮੇਵਾ ਸਿੰਘ ਜੀ ਦੀ ਯਾਦ ਵਿੱਚ ਕੋਈ ਵਿਦਿਅਕ ਸੰਸਥਾ ਖੋਲ੍ਹ ਕੇ ਢੁਕਵੀਂ ਸ਼ਰਧਾਂਜਲੀ ਦੇਣਾ ਪੰਜਾਬ ਸਰਕਾਰ ਦਾ ਫ਼ਰਜ਼ ਹੈ।
